ਜਦੋਂ ਕੇਂਦਰ ਸਰਕਾਰ ਜਾਰੀ ਕਰ ਚੁੱਕੀ ਹੈ ਪੈਸਾ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਕਰ ਰਹੀ ਝੋਨੇ ਦੀ ਖ਼ਰੀਦ: ਨਿਮਿਸ਼ਾ ਮਹਿਤਾ

Monday, Oct 14, 2024 - 05:52 PM (IST)

ਜਦੋਂ ਕੇਂਦਰ ਸਰਕਾਰ ਜਾਰੀ ਕਰ ਚੁੱਕੀ ਹੈ ਪੈਸਾ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਕਰ ਰਹੀ ਝੋਨੇ ਦੀ ਖ਼ਰੀਦ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ- ਪੰਜਾਬ ਭਰ ਦੀਆਂ ਮੰਡੀਆਂ ਵਿਚ ਝੋਨੇ ਦੀ ਚੁਕਾਈ ਅਤੇ ਖ਼ਰੀਦ ਨਾ ਹੋਣ ਕਰਕੇ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀ ਹੋ ਰਹੀ ਖੱਜਲ-ਖੁਆਰੀ ਲਈ ਪੂਰਨ ਤੌਰ 'ਤੇ ਆਮ ਆਦਮੀ ਪਾਰਟੀ ਵਾਲੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ।  ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਰੀਬ 44 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰਿਡਿਟ ਲਿਮਿਟ ਝੋਨੇ ਦੀ ਖ਼ਰੀਦ ਲਈ ਸਤੰਬਰ ਮਹੀਨੇ ਵਿਚ ਹੀ ਜਾਰੀ ਕਰ ਚੁੱਕੀ ਹੈ ਤਾਂ ਜੋ ਨਿਰਵਿਘਨ ਝੋਨੇ ਦੀ ਖ਼ਰੀਦ ਹੋ ਸਕੇ ਪਰ ਆਮ ਆਦਮੀ ਪਾਰਟੀ ਦੇ ਕੁਸ਼ਾਸਨ ਸਦਕਾ ਅੱਜ ਅਕਤੂਬਰ ਦੇ 14 ਦਿਨ ਲੰਘਣ ਦੇ ਬਾਵਜੂਦ ਜੋ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਈ ਸੀ, ਉਹ ਦੋ ਹਫ਼ਤੇ ਲੰਘਣ ਦੇ ਬਾਵਜੂਦ ਵੀ ਸ਼ੁਰੂ ਨਹੀਂ ਹੋ ਸਕੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਵੀ ਜਾਣ-ਬੁੱਝ ਕੇ ਝੋਨੇ ਦੀ ਖ਼ਰੀਦ ਦੇ ਦਿਨਾਂ ਵਿਚ ਕਰਵਾਈਆਂ ਜਾ ਰਹੀਆਂ ਹਨ, ਤਾਂ ਕਿ ਲੋਕਾਂ ਦਾ ਧਿਆਨ ਇਸ ਗੰਭੀਰ ਮੁੱਦੇ ਤੋਂ ਭਟਕਾ ਕੇ ਪਿੰਡਾਂ ਦੇ ਆਪਸੀ ਉਲਝੇਵਿਆਂ ਵਿਚ ਲੱਗਾ ਰਹੇ।

ਇਹ ਵੀ ਪੜ੍ਹੋ- ਨਕੋਦਰ ਨਾਲ ਸੰਬੰਧਤ ਬਾਬਾ ਸਿੱਦੀਕੀ ਦਾ ਮੁਲਜ਼ਮ ਜੀਸ਼ਾਨ ਕਿਵੇਂ ਪਹੁੰਚਿਆ ਅਪਰਾਧ ਦੀ ਦੁਨੀਆ 'ਚ, ਖੁੱਲ੍ਹੇ ਵੱਡੇ ਰਾਜ਼ 
ਉਨ੍ਹਾਂ ਕਿਹਾ ਕਿ ਬੇਸ਼ਕ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਬਾਰੇ ਸੂਬਾ ਸਰਕਾਰ ਨੂੰ ਖ਼ਰੀਦ ਸ਼ੁਰੂ ਹੋਣ ਤੋਂ 6 ਮਹੀਨੇ ਪਹਿਲਾਂ ਦਾ ਹੀ ਪਤਾ ਸੀ ਪਰ ਸਰਕਾਰ ਨੇ ਉਨ੍ਹਾਂ ਨੂੰ ਸੁਲਝਾਉਣ ਲਈ ਕੋਈ ਢੰਗ-ਤਰੀਕੇ ਦੀ ਨਾ ਤਾਂ ਪਾਲਿਸੀ ਲਿਆਂਦੀ ਅਤੇ ਨਾ ਹੀ ਪ੍ਰੋਗਰਾਮ ਅਤੇ ਲੋਕਾਂ ਨੂੰ ਖੱਜਲ-ਖੁਆਰੀ ਹੋਣ ਲਈ ਸਮੱਸਿਆ ਨੂੰ ਲਟਕਦੇ ਰਹਿਣ ਦਿੱਤਾ। ਭਾਜਪਾ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਇਸ ਮਸਲੇ 'ਤੇ ਗੰਭੀਰ ਹੁੰਦੀ ਤਾਂ ਇਸ ਨੂੰ ਸਮੇਂ 'ਤੇ ਸੁਲਝਾ ਚੁੱਕੀ ਹੁੰਦੀ ਪਰ ਅਫ਼ਸਰਾਂ, ਮੰਤਰੀਆਂ ਅਤੇ ਮੁੱਖ ਮੰਤਰੀ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਬੇਸਿੱਟਾ ਰਹਿਣਾ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੇ ਸਿਰਫ਼ ਗੋਗਲੂਆਂ ਤੋਂ ਮਿੱਟੀ ਝਾੜਨ ਲਈ ਹੀ ਇਹ ਮੀਟਿੰਗਾਂ ਕੀਤੀਆਂ ਅਤੇ ਮਸਲੇ ਸੁਲਝਾਉਣ ਲਈ ਜਥੇਬੰਦੀਆਂ ਨਾਲ ਝੂਠੇ ਵਾਅਦੇ ਹੀ ਕੀਤੇ ਅਤੇ ਕੋਈ ਠੋਸ ਕਦਮ ਨਹੀਂ ਚੁੱਕੇ। 

ਨਿਮਿਸ਼ਾ ਮਹਿਤਾ ਨੇ ਕਿਹਾ ਕਿ 'ਆਪ' ਦਾ ਧਿਆਨ ਝੋਨੇ ਦੀ ਫ਼ਸਲ ਖ਼ਰੀਦ 'ਤੇ ਨਾ ਹੋ ਕੇ ਪਹਿਲਾਂ ਹਰਿਆਣਾ ਚੋਣਾਂ 'ਤੇ ਲੱਗਾ ਰਿਹਾ ਅਤੇ ਫਿਰ ਇਨ੍ਹਾਂ ਦੇ ਦਿੱਲੀ ਅਤੇ ਪੰਜਾਬ ਦੇ ਲੀਡਰਾਂ ਦੇ ਆਪਸੀ ਕਲੇਸ਼ ਵਿਚ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮੰਡੀਆਂ ਵਿਚ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੀ ਤਾਰੀਖ਼ ਦੇ ਬਾਅਦ ਵੀ ਦੋ ਹਫ਼ਤੇ ਲੰਘਣ ਦੇ ਬਾਵਜੂਦ ਖ਼ਰੀਦ ਨਾ ਹੋਣਾ ਆਪਣੇ ਆਪ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਨਾਲਾਇਕੀ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਥਿਤੀ ਜਲਦੀ ਠੀਕ ਨਾ ਕੀਤੀ ਗਈ ਤਾਂ ਗੜ੍ਹਸ਼ੰਕਰ ਭਾਜਪਾ ਕਿਸਾਨਾਂ ਲਈ ਵੱਡਾ ਸੰਘਰਸ਼ ਵਿੱਢੇਗੀ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦੇਵੇਗੀ। 

ਇਹ ਵੀ ਪੜ੍ਹੋ- 16 ਨੂੰ ਅੱਧੀ ਅਤੇ 17 ਤਾਰੀਖ਼ ਨੂੰ ਪੂਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News