ਰੜਾ ਮੰਡ ਇਲਾਕੇ ਦੇ ਪਿੰਡਾਂ ਦੇ ਖੇਤਾਂ ''ਚ ਵੜਿਆ ਬਿਆਸ ਦਰਿਆ ਦਾ ਪਾਣੀ, ਡੁੱਬੀ ਹਜ਼ਾਰਾਂ ਏਕੜ ਫਸਲ
Monday, Aug 11, 2025 - 06:08 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ )- ਪੌਂਡ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਦੇ ਚਲਦਿਆਂ ਬਿਆਸ ਦਰਿਆ ਦਾ ਪਾਣੀ ਓਵਰਫਲੋਅ ਹੋ ਕੇ ਮੰਡ ਇਲਾਕੇ ਦੇ ਅਨੇਕਾਂ ਪਿੰਡਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਨੂੰ ਡੁਬੋ ਚੁੱਕਾ ਹੈ। ਹਾਲਾਂਕਿ ਫਿਲਹਾਲ ਹਲਾਤ ਕੰਟਰੋਲ ਵਿਚ ਹਨ। ਬੀਤੀ ਰਾਤ ਤੋਂ ਹੀ ਬਿਆਸ ਦਰਿਆ ਵਿਚ ਬੀ .ਬੀ. ਐੱਮ. ਬੀ. ਵੱਲੋਂ ਛੱਡੇ ਪਾਣੀ ਕਾਰਨ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੈ। ਅੱਜ ਸਵੇਰ ਤੱਕ ਬਿਆਸ ਦਰਿਆ ਦਾ ਪਾਣੀ ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡਾਂ ਗੰਧੋਵਾਲ, ਰੜਾ ਮੰਡ, ਟਾਹਲੀ ਮੰਡ, ਅਬਦੁੱਲਾਪੁਰ, ਮੇਵਾ ਮਿਆਣੀ, ਫੱਤਾ ਕੁੱਲਾ ਆਦਿ ਪਿੰਡਾਂ ਦੇ ਨੀਵੇ ਇਲਾਕੇ ਦੇ ਖੇਤਾਂ ਵਿਚ ਦਾਖ਼ਲ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹ! ਟੁੱਟਿਆ ਧੁੱਸੀ ਬੰਨ੍ਹ, NDRF ਤਾਇਨਾਤ
ਜਿਸ ਕਾਰਨ ਜਿੱਥੇ ਹਜ਼ਾਰਾਂ ਏਕੜ ਰਕਬੇ ਵਿਚ ਬੀਜਿਆ ਝੋਨਾ, ਗੰਨਾ ਅਤੇ ਹੋਰ ਫਸਲਾਂ ਪਾਣੀ ਵਿਚ ਡੁੱਬ ਗਈਆਂ। ਇਸ ਦੇ ਨਾਲ ਹੀ ਇਨ੍ਹਾਂ ਪਿੰਡਾਂ ਵਿਚ ਕਿਸਾਨਾਂ ਵੱਲੋਂ ਮੋਟਰਾਂ 'ਤੇ ਲਾਏ ਸੋਲਰ ਸਿਸਟਮ ਅਤੇ ਮੋਟਰਾਂ ਨੂੰ ਨੁਕਸਾਨ ਪਹੁੰਚਿਆ ਹੈ। ਕਈ ਪਿੰਡਾਂ ਨਜ਼ਦੀਕ ਤਾਂ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਨੇੜੇ ਪਹੁੰਚ ਚੁੱਕਾ ਹੈ। ਇਸ ਦੌਰਾਨ ਅੱਜ ਸਵੇਰੇ ਪਿੰਡ ਗੰਧੋਵਾਲ ਨੇੜੇ ਕਿਸਾਨ ਉਸ ਵੇਲੇ ਬੇਹੱਦ ਫ਼ਿਕਰਮੰਦ ਹੋ ਗਏ ਜਦੋਂ ਪਿੰਡ ਅਤੇ ਜ਼ਮੀਨਾਂ ਨੂੰ ਦਰਿਆ ਦੇ ਪਾਣੀ ਤੋਂ ਬਚਾਉਣ ਲਈ ਬਣਾਇਆ ਅਡਵਾਂਸ ਛੋਟਾ ਬੰਨ੍ਹ ਨੁਕਸਾਨਿਆ ਗਿਆ।
ਸੂਚਨਾ ਮਿਲਣ 'ਤੇ ਪਿੰਡ ਰੜਾ ਵਾਸੀ ਚਰਨਜੀਤ ਸਿੰਘ ਸੰਧੂ ਸਰਪੰਚ ਆਪਣੀ ਜੇ. ਸੀ. ਬੀ. ਮਸ਼ੀਨ ਲੈ ਕੇ ਮੌਕੇ 'ਤੇ ਪਹੁੰਚਿਆ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਨੁਕਸਾਨੇ ਗਏ ਬੰਨ੍ਹ ਨੂੰ ਮਜ਼ਬੂਤ ਕੀਤਾ। ਮੰਡ ਇਲਾਕੇ ਵਿਚ ਛੋਟੇ ਬੰਨ੍ਹ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਮਿਲਣ 'ਤੇ ਰੜਾ ਮੰਡ ਪਹੁੰਚੇ ਵਿਧਾਇਕ ਜਸਵੀਰ ਸਿੰਘ ਰਾਜਾ, ਐੱਸ. ਡੀ. ਐੱਮ. ਕੰਵਲਜੀਤ ਸਿੰਘ, ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਸੁਰੱਖਿਆ ਪ੍ਰਬੰਧਾਂ ਜਾਇਜ਼ਾ ਲਿਆ। ਵਿਧਾਇਕ ਰਾਜਾ ਨੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਜਿੱਥੇ ਵੀ ਕੋਈ ਬੰਨ੍ਹ ਕਮਜ਼ੋਰ ਹੈ, ਉਸ ਨੂੰ ਮਜ਼ਬੂਤ ਕੀਤਾ ਜਾਵੇ। ਬਾਅਦ ਵਿਚ ਪ੍ਰਸ਼ਾਸਨ ਨੇ ਗੰਧੋਵਾਲ ਨੇੜੇ ਨੁਕਸਾਨੇ ਗਏ ਬੰਨ੍ਹ ਨੂੰ ਮਜ਼ਬੂਤ ਕੀਤਾ |
ਇਹ ਵੀ ਪੜ੍ਹੋ: ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਕੀਤੀ ਉਲੰਘਣਾ: ਚੀਮਾ
ਬਿਆਸ ਦਰਿਆ ਵਿਚ ਪਾਣੀ ਵਿਚ ਲਗਾਤਾਰ ਵੱਧ ਰਹੇ ਪਾਣੀ ਦੇ ਚਲਦਿਆ ਮੰਡ ਇਲਾਕੇ ਵਿਚ ਨੀਵੇ ਇਲਾਕਿਆਂ ਤੋਂ ਪ੍ਰਵਾਸੀ ਖੇਤ ਮਜ਼ਦੂਰ ਆਪਣਾ ਸਾਮਾਨ ਲੈ ਕੇ ਉੱਚੇ ਸਥਾਨਾਂ 'ਤੇ ਆ ਰਹੇ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜੇਕਰ ਡੈਮ ਵਿੱਚੋਂ ਲਗਤਾਰ ਹੋਰ ਪਾਣੀ ਛੱਡਿਆ ਗਿਆ ਤਾਂ ਪਾਣੀ ਅਬਦੁੱਲਾਪੁਰ, ਫੱਤਾ ਕੁੱਲਾ, ਗੰਧੋਵਾਲ ਪਿੰਡਾਂ ਦੀਆਂ ਬਰੂਹਾਂ ਤੱਕ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ NH 'ਤੇ ਪਰਿਵਾਰ ਨਾਲ ਭਿਆਨਕ ਹਾਦਸਾ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e