ਸ਼ਹਿਰ ਦੇ 80 ਫ਼ੀਸਦੀ ਨਾਜਾਇਜ਼ ਕਬਜ਼ੇ/ਰੌਂਗ ਪਾਰਕਿੰਗ ਹਟੇ, ਹੁਣ ਆਪਣੀ ਸਹੀ ਚੌੜਾਈ ’ਚ ਦਿਸ ਰਹੀਆਂ ਸੜਕਾਂ
Wednesday, Dec 20, 2023 - 04:13 PM (IST)
ਜਲੰਧਰ (ਵਰੁਣ)–ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਸ਼ਹਿਰ ਦੀਆਂ ਸੜਕਾਂ ਅਤੇ ਫੁੱਟਪਾਥਾਂ ਤੋਂ ਕਬਜ਼ੇ ਹਟਾ ਕੇ ਸ਼ਹਿਰ ਨੂੰ ਜਾਮ ਮੁਕਤ ਕਰਨ ਦੀ ਕੋਸ਼ਿਸ਼ ’ਤੇ ਸ਼ਹਿਰ ਦੇ ਲੋਕਾਂ ਨੂੰ ਆਸ ਵਿਖਾਈ ਦੇ ਰਹੀ ਹੈ। ਹਰ ਰੋਜ਼ ਕਿਤੇ ਨਾ ਕਿਤੇ ਜਾਮ ਵਿਚ ਫਸਣ ਵਾਲੇ ਲੋਕ ਸੀ. ਪੀ. ਦੀ ਕੋਸ਼ਿਸ਼ ਦੀ ਸ਼ਲਾਘਾ ਕਰ ਰਹੇ ਹਨ। ਸ਼ਹਿਰ ਦੀਆਂ 80 ਫ਼ੀਸਦੀ ਸੜਕਾਂ ਅਤੇ ਫੁੱਟਪਾਥ ਕਬਜ਼ਾ ਮੁਕਤ ਵਿਖਾਈ ਦਿੱਤੇ। ਜਿਹੜੇ ਲੋਕਾਂ ਨੇ ਆਪਣਾ ਸਾਮਾਨ ਸੜਕਾਂ ’ਤੇ ਰੱਖਿਆ ਹੋਇਆ ਸੀ, ਉਹ ਸਾਰਾ ਸਾਮਾਨ ਹੁਣ ਲਾਈਨਾਂ ਦੇ ਅੰਦਰ ਹੈ ਜਾਂ ਦੁਕਾਨਾਂ ਦੇ ਅੰਦਰ ਕਰ ਲਿਆ, ਹਾਲਾਂਕਿ ਕੁਝ ਲੋਕਾਂ ਨੇ ਅਜੇ ਵੀ ਕਬਜ਼ੇ ਨਹੀਂ ਹਟਾਏ, ਜਿਸ ਨੂੰ ਲੈ ਕੇ ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਚਾਹਲ ਮੰਗਲਵਾਰ ਨੂੰ ਵੀ ਫੀਲਡ ਵਿਚ ਹੀ ਸਨ। ਜਿਹੜੇ-ਜਿਹੜੇ ਲੋਕਾਂ ਨੇ ਸੜਕਾਂ ਅਤੇ ਫੁੱਟਪਾਥਾਂ ਤੋਂ ਕਬਜ਼ੇ ਨਹੀਂ ਹਟਾਏ ਸਨ, ਉਨ੍ਹਾਂ ਸਭ ਦਾ ਸਾਮਾਨ ਜ਼ਬਤ ਕੀਤਾ ਗਿਆ ਅਤੇ ਉਨ੍ਹਾਂ ਦੀ ਸਾਰੀ ਡਿਟੇਲ ਇਕੱਠੀ ਕਰ ਕੇ ਹੁਣ ਉਨ੍ਹਾਂ ਨੂੰ ਨੋਟਿਸ ਜਾਰੀ ਹੋਣਗੇ।
ਏ. ਡੀ. ਸੀ. ਪੀ. ਚਾਹਲ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਨੋਟਿਸ ਮਿਲਣ ਦੇ ਬਾਅਦ ਵੀ ਕਬਜ਼ੇ ਨਹੀਂ ਹਟਾਏ, ਉਨ੍ਹਾਂ ’ਤੇ ਐੱਫ਼. ਆਈ. ਆਰ. ਦਰਜ ਕਰਨ ਦਾ ਸਿਲਸਿਲਾ ਜਾਰੀ ਰਹੇਗਾ। ਪੁਲਸ ਦੀ ਸਖ਼ਤੀ ਤੋਂ ਬਾਅਦ ਹੁਣ ਉਨ੍ਹਾਂ ਪੁਆਇੰਟਾਂ ਤੋਂ ਵੀ ਕਬਜ਼ੇ ਹਟ ਗਏ, ਜੋ ਕਾਫੀ ਲੰਮੇ ਸਮੇਂ ਤੋਂ ਹਟ ਨਹੀਂ ਸਕੇ ਸਨ। ਸ਼ਹੀਦ ਭਗਤ ਸਿੰਘ ਚੌਂਕ ਤੋਂ ਲੈ ਕੇ ਅੱਡਾ ਹੁਸ਼ਿਆਰਪੁਰ ਅਤੇ ਮਾਈ ਹੀਰਾਂ ਗੇਟ ਦਾ ਰਸਤਾ ਬਿਲਕੁਲ ਸਾਫ ਸੀ। ਸ਼੍ਰੀ ਰਾਮ ਚੌਂਕ ਤੋਂ ਲੈ ਕੇ ਜੇਲ੍ਹ ਚੌਂਕ ਤਕ ਵੀ ਕਿਤੇ-ਕਿਤੇ ਦੁਕਾਨਦਾਰਾਂ ਨੇ ਕਬਜ਼ੇ ਨਹੀਂ ਹਟਾਏ ਹਨ ਪਰ ਵਧੇਰੇ ਸੜਕਾਂ ਸਾਫ ਸਨ ਅਤੇ ਫੁੱਟਪਾਥ ਲੋਕਾਂ ਦੇ ਚੱਲਣ ਲਈ ਖ਼ਾਲੀ ਨਜ਼ਰ ਆਏ। ਸ਼ਾਸਤਰੀ ਮਾਰਕੀਟ ਚੌਂਕ ਦੇ ਆਲੇ-ਦੁਆਲੇ ਅਤੇ ਕਮਲ ਪੈਲੇਸ ਨੂੰ ਜਾਂਦੀ ਸੜਕ ’ਤੇ ਵਧੇਰੇ ਟਾਇਰਾਂ ਵਾਲਿਆਂ ਨੇ ਆਪਣੇ ਟਾਇਰ ਅੰਦਰ ਕਰ ਲਏ ਸਨ, ਜਦੋਂ ਕਿ ਕੁਝ ਨੇ ਅਜੇ ਵੀ ਬਾਹਰ ਸੜਕਾਂ ’ਤੇ ਹੀ ਲਾਏ ਹੋਏ ਸਨ। ਕੁਝ ਦੁਕਾਨਦਾਰ ਸੜਕਾਂ ’ਤੇ ਹੀ ਗੱਡੀਆਂ ਰਿਪੇਅਰ ਕਰਦੇ ਮਿਲੇ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਤੇ ਨਵਜੋਤ ਸਿੱਧੂ ਵਿਚਾਲੇ ਖੜਕੀ, ਵੱਖਰਾ ਅਖਾੜਾ ਨਾ ਲਗਾਉਣ ਵਾਲੇ ਬਿਆਨ 'ਤੇ ਸਿੱਧੂ ਦਾ ਮੋੜਵਾਂ ਜਵਾਬ
ਚਾਹਲ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਵੀ ਨੋਟਿਸ ਜਾਰੀ ਕੀਤੇ ਜਾਣਗੇ। ਜਿਹੜੀਆਂ-ਜਿਹੜੀਆਂ ਸੜਕਾਂ ਨੂੰ ਨੋ ਟਾਲਰੈਂਸ ਰੋਡ ਐਲਾਨਿਆ ਗਿਆ ਸੀ, ਉਥੇ ਜਾਂ ਤਾਂ ਈ. ਆਰ ਐੱਸ. ਦੀਆਂ ਟੀਮਾਂ ਤਾਇਨਾਤ ਮਿਲੀਆਂ ਜਾਂ ਪੈਟਰੋਲਿੰਗ ਕਰਦੀਆਂ ਦਿਸੀਆਂ। ਜਿਹੜੇ ਪੁਆਇੰਟਾਂ ਨੂੰ ਵਨਵੇ ਐਲਾਨਿਆ ਹੋਇਆ ਸੀ, ਉਥੇ ਇਕ-ਇਕ ਪੁਲਸ ਕਰਮਚਾਰੀ ਤਾਇਨਾਤ ਸੀ। ਸਾਫ਼ ਹੈ ਕਿ ਪੁਲਸ ਕਮਿਸ਼ਨਰ ਹੁਣ ਕਿਸੇ ਵੀ ਹਾਲਤ ਵਿਚ ਸ਼ਹਿਰ ਨੂੰ ਜਾਮ ਮੁਕਤ ਕਰਵਾਉਣ ਵਿਚ ਜੁਟ ਗਏ ਹਨ। 4 ਹਫਤਿਆਂ ਦੀ ਸਮੀਖਿਆ ਕਰ ਕੇ ਜਿਹੜੇ-ਜਿਹੜੇ ਪੁਆਇੰਟਾਂ ਨੂੰ ਚੁਣਿਆ ਗਿਆ ਸੀ, ਉਥੇ ਯੋਜਨਾ ਦੇ ਅਨੁਸਾਰ ਹੀ ਪੁਲਸ ਕਰਮਚਾਰੀ ਡਿਊਟੀ ਦੇ ਰਹੇ ਹਨ। ਜਾਮ ਲੱਗਣ, ਰੌਂਗ ਪਾਰਕਿੰਗ ਅਤੇ ਨਾਜਾਇਜ਼ ਕਬਜ਼ਿਆਂ ਵਿਚ ਹੁਣ ਕਮੀ ਨਜ਼ਰ ਆਈ।
ਲੋਕਾਂ ਦੇ 2 ਹੀ ਸਵਾਲ
ਸਵਾਲ : ਨਿਗਮ ਦਾ ਕੰਮ ਪੁਲਸ ਕਿਉਂ ਕਰ ਰਹੀ ਹੈ?
ਏ. ਡੀ. ਸੀ. ਪੀ. ਚਾਹਲ : ਕੰਮ ਹੀ ਤਾਂ ਕੀਤਾ ਜਾ ਰਿਹਾ ਹੈ। ਜੇਕਰ ਲੋਕ ਕਹਿੰਦੇ ਹਨ ਕਿ ਨਿਗਮ ਕੰਮ ਨਹੀਂ ਕਰਦੀ ਅਤੇ ਪੁਲਸ ਕਰ ਰਹੀ ਹੈ ਤਾਂ ਇਸ ਵਿਚ ਲੋਕਾਂ ਦਾ ਹੀ ਫਾਇਦਾ ਹੈ। ਲੋਕਾਂ ਨੂੰ ਸੜਕਾਂ ’ਤੇ ਜਾਮ ਨਹੀਂ ਮਿਲੇਗਾ। ਪੈਦਲ ਚੱਲਣ ਵਾਸਤੇ ਫੁੱਟਪਾਥ ਸਾਫ ਮਿਲਣਗੇ, ਜਿਸ ਨਾਲ ਐਕਸੀਡੈਂਟ ਦਾ ਡਰ ਵੀ ਖਤਮ ਹੋਵੇਗਾ, ਇਸ ਨੂੰ ਨਾਂਹਪੱਖੀ ਨਾ ਦੇਖ ਕੇ ਹਾਂ-ਪੱਖੀ ਦੇਖਿਆ ਜਾਵੇ ਤਾਂ ਸ਼ਹਿਰ ਦਾ ਟ੍ਰੈਫਿਕ ਸੁਧਾਰਿਆ ਜਾ ਰਿਹਾ ਹੈ। ਲੰਮੇ ਸਮੇਂ ਤੋਂ ਨਾਜਾਇਜ਼ ਢੰਗ ਨਾਲ ਕਬਜ਼ੇ ਕਰ ਕੇ ਬੈਠੇ ਲੋਕਾਂ ਨੂੰ ਸਰਕਾਰੀ ਪ੍ਰਾਪਰਟੀ ਛੱਡਣੀ ਹੀ ਪਵੇਗੀ।
ਇਹ ਵੀ ਪੜ੍ਹੋ : ਅੱਜ ਪੰਜਾਬ ਦੇ ਦੌਰੇ 'ਤੇ ਆਉਣਗੇ CM ਅਰਵਿੰਦ ਕੇਜਰੀਵਾਲ, ਹੁਸ਼ਿਆਰਪੁਰ ਵਿਖੇ ਰਹਿਣਗੇ 10 ਦਿਨ
ਸਵਾਲ : ਇਸ ਕਾਰਵਾਈ ਦਾ ਕ੍ਰਾਈਮ ਨਾਲ ਕੀ ਲੈਣਾ-ਦੇਣਾ
ਏ. ਡੀ. ਸੀ. ਪੀ. ਚਾਹਲ : ਇਸਦਾ ਸਿੱਧੇ ਤੌਰ ’ਤੇ ਕ੍ਰਾਈਮ ਨਾਲ ਲੈਣਾ-ਦੇਣਾ ਹੈ। ਜਿੰਨੀ ਜ਼ਿਆਦਾ ਭੀੜ ਰਹੇਗੀ, ਓਨੀ ਜ਼ਿਆਦਾ ਸਨੈਚਿੰਗ ਹੋਵੇਗੀ ਅਤੇ ਸਨੈਚਰ ਭੀੜ ਦਾ ਫਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੁੰਦੇ ਹਨ। ਸਕੂਲਾਂ-ਕਾਲਜਾਂ ਦੇ ਬਾਹਰ ਰੇਹੜੀਆਂ-ਫੜ੍ਹੀਆਂ ਆਦਿ ’ਤੇ ਮਨਚਲਿਆਂ ਦੀ ਭੀੜ ਰਹਿੰਦੀ ਹੈ, ਜਿਥੇ ਛੋਟੀਆਂ-ਛੋਟੀਆਂ ਬੱਚੀਆਂ ਨਾਲ ਛੇੜਖਾਨੀ ਹੁੰਦੀ ਹੈ। ਉਥੋਂ ਰੇਹੜੀ-ਫੜ੍ਹੀਆਂ ਚੁਕਵਾ ਕੇ ਪੁਲਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਬੱਚੀਆਂ ਆਰਾਮ ਨਾਲ ਸਕੂਲ-ਕਾਲਜ ਆ-ਜਾ ਸਕਣ। ਸ਼ਹਿਰ ਵਿਚ ਸੀ. ਸੀ. ਟੀ. ਵੀ. ਕੈਮਰੇ ਚੱਲ ਰਹੇ ਹਨ। ਘੱਟ ਭੀੜ ਹੋਣ ਕਾਰਨ ਸ਼ੱਕੀਆਂ ’ਤੇ ਨਜ਼ਰ ਰੱਖਣੀ ਆਸਾਨ ਹੈ। ਜਾਮ, ਭੀੜ-ਭੜੱਕੇ ਆਦਿ ਵਿਚ ਮੁਜਰਿਮ ਕਿਸਮ ਦੇ ਲੋਕਾਂ ਨੂੰ ਟਰੇਸ ਕਰਨਾ ਅਸੰਭਵ ਰਹਿੰਦਾ ਹੈ।
ਸਵਾਲ : ਰੇਹੜੀ-ਫੜ੍ਹੀ ਵਾਲਿਆਂ ’ਤੇ ਹੀ ਸਖ਼ਤੀ ਕਿਉਂ?
ਏ. ਡੀ. ਸੀ. ਪੀ. ਚਾਹਲ : ਹਾਲ ਹੀ ਵਿਚ ਡੀ-ਮਾਰਟ ਕੰਪਨੀ ’ਤੇ ਕੇਸ ਦਰਜ ਹੋਇਆ ਹੈ। ਇਸ ਤੋਂ ਇਲਾਵਾ 5 ਦੁਕਾਨਦਾਰਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ, ਜਿਸ ਵਿਚ ਫੜ੍ਹੀ ਵਾਲੇ ਵੀ ਹਨ। ਕਾਰਵਾਈ ਸਭ ’ਤੇ ਇਕੋ ਜਿਹੀ ਹੋ ਰਹੀ ਹੈ। ਜੇਕਰ ਕੋਈ ਦੁਕਾਨਦਾਰ ਜਾਂ ਸ਼ੋਅਰੂਮ ਦਾ ਮਾਲਕ ਆਵਾਜਾਈ ਵਿਚ ਅੜਿੱਕਾ ਪਾਵੇਗਾ ਤਾਂ ਉਸ ਖਿਲਾਫ ਵੀ ਐੱਫ. ਆਈ. ਆਰ. ਹੋਵੇਗੀ ਅਤੇ ਰੇਹੜੀ ਜਾਂ ਫੜ੍ਹੀ ਵਾਲਿਆਂ ’ਤੇ ਵੀ ਇਸੇ ਤਰ੍ਹਾਂ ਕੇਸ ਦਰਜ ਹੋਵੇਗਾ।
ਸਵਾਲ : ਨਾਮਦੇਵ ਚੌਕ ਤੋਂ ਲੈ ਕੇ ਬੀ. ਐੱਮ. ਸੀ. ਚੌਕ ’ਚ ਵੱਡੇ ਕਾਰ ਬਾਜ਼ਾਰ ਮਾਲਕ ਹਨ, ਇਸ ਲਈ ਉਥੇ ਕਾਰਵਾਈ ਨਹੀਂ ਹੋਵੇਗੀ?
ਏ. ਡੀ. ਸੀ. ਪੀ. ਚਾਹਲ : ਇਹ ਸੜਕ ਵੀ ਉਨ੍ਹਾਂ ਦੀ ਲਿਸਟ ਵਿਚ ਹੈ। ਆਉਣ ਵਾਲੇ ਦਿਨਾਂ ਵਿਚ ਇਸਦਾ ਜਵਾਬ ਵੀ ਪਰੂਫ ਦੇ ਨਾਲ ਦਿਖਾਇਆ ਜਾਵੇਗਾ। ਸਿਰਫ ਇਹੀ ਸੜਕ ਨਹੀਂ, ਪੂਰੇ ਸ਼ਹਿਰ ਭਰ ਵਿਚ ਫੁੱਟਪਾਥ ਅਤੇ ਸੜਕਾਂ ਖਾਲੀ ਮਿਲਣਗੀਆਂ। ਕੁਝ ਦਿਨਾਂ ਅੰਦਰ ਉਨ੍ਹਾਂ ਦੀ ਸਾਰੀ ਯੋਜਨਾ ਹਕੀਕਤ ਵਿਚ ਬਦਲੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ’ ਜਾਰੀ, ਜਾਣੋ ਆਉਣ ਵਾਲੇ ਦਿਨਾਂ ਦੀ Weather ਦੀ ਤਾਜ਼ਾ ਅਪਡੇਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।