ਧੁੰਦ ਦਾ ਕਹਿਰ : ਟਰੇਨਾਂ ਹੋ ਰਹੀਆਂ ਲੇਟ, ਯਾਤਰੀਆਂ ਨੂੰ ਆ ਰਹੀ ਪਰੇਸ਼ਾਨੀ
Tuesday, Jan 07, 2025 - 01:27 PM (IST)
ਚੰਡੀਗੜ੍ਹ (ਲਲਨ) : ਉੱਤਰੀ ਭਾਰਤ ’ਚ ਧੁੰਦ ਤੇ ਕੋਹਰੇ ਕਾਰਨ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀ ਰੇਲਗੱਡੀ ਨੰਬਰ 12011 ਸ਼ਤਾਬਦੀ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ 2 ਘੰਟੇ 50 ਮਿੰਟ ਦੇਰੀ ਨਾਲ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪੁੱਜੀ। ਇੰਨਾ ਹੀ ਨਹੀਂ ਇਲਾਹਾਬਾਦ ਤੋਂ ਚੰਡੀਗੜ੍ਹ ਆਉਣ ਵਾਲੀ ਉਂਚਾਹਾਰ ਐਕਸਪ੍ਰੈੱਸ ਵੀ ਤੈਅ ਸਮੇਂ ਤੋਂ ਕਰੀਬ 9 ਘੰਟੇ ਦੇਰੀ ਨਾਲ ਪੁੱਜੀ। ਰੇਲਗੱਡੀ ਨੰਬਰ 14217 ਉਂਚਾਹਾਰ ਐਕਸਪ੍ਰੈਸ ਦਾ ਚੰਡੀਗੜ੍ਹ ਪਹੁੰਚਣ ਦਾ ਸਮਾਂ ਸਵੇਰੇ 9.15 ਵਜੇ ਦਾ ਹੈ, ਪਰ ਇਹ ਰੇਲਗੱਡੀ ਸ਼ਾਮ 6.15 ਵਜੇ ਦੇ ਕਰੀਬ ਚੰਡੀਗੜ੍ਹ ਪਹੁੰਚੀ। ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਰੇਲ ਗੱਡੀ ਨੰਬਰ 12045 ਸ਼ਤਾਬਦੀ, ਜੋ ਦੁਪਹਿਰ 12 ਵਜੇ ਚੱਲਦੀ ਹੈ, 12.45 ’ਤੇ ਰਵਾਨਾ ਹੋਈ। ਲਖਨਊ ਤੋਂ ਚੰਡੀਗੜ੍ਹ ਆਉਣ ਵਾਲੀ ਰੇਲਗੱਡੀ ਨੰਬਰ 12231 ਸਦਭਾਵਨਾ ਸੁਪਰਫਾਸਟ ਰੇਲਗੱਡੀ ਨਿਰਧਾਰਤ ਸਮੇਂ ਸਵੇਰੇ 10.05 ਵਜੇ ਦੀ ਬਜਾਏ ਦੁਪਹਿਰ 2.15 ਵਜੇ ਰੇਲਵੇ ਸਟੇਸ਼ਨ ਪਹੁੰਚੀ। ਅਜਮੇਰ-ਚੰਡੀਗੜ੍ਹ ਅਤੇ ਦਿੱਲੀ-ਅੰਬ ਅੰਦੌਰਾ ਵੰਦੇ ਭਾਰਤ ਰੇਲ ਗੱਡੀਆਂ ਵੀ 30-30 ਮਿੰਟ ਦੇਰੀ ਨਾਲ ਸਟੇਸ਼ਨ ’ਤੇ ਪਹੁੰਚੀਆਂ।
ਸਰਦੀਆਂ ’ਚ ਯਾਤਰੀਆਂ ਲਈ ਵੇਟਿੰਗ ਹਾਲ ਦਾ ਪ੍ਰਬੰਧ
ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਇਨ੍ਹੀਂ ਦਿਨੀਂ ਪੁਨਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਇਸ ਤੋਂ ਬਾਅਦ ਵੀ ਰੇਲਵੇ ਸਟੇਸ਼ਨ ’ਤੇ ਦੋ ਵੇਟਿੰਗ ਹਾਲ ਬਣਾਏ ਗਏ ਹਨ। ਜਿਸ ਵਿਚ ਯਾਤਰੀਆਂ ਦੇ ਠਹਿਰਨ ਦੇ ਪ੍ਰਬੰਧ ਕੀਤੇ ਗਏ ਹਨ, ਜਿਸ ਵਿਚ ਹੀਟਰ, ਪਾਣੀ ਅਤੇ ਵਾਸ਼ਰੂਮ ਦਾ ਪ੍ਰਬੰਧ ਪੂਰੀ ਤਰ੍ਹਾਂ ਨਾਲ ਕੀਤਾ ਜਾ ਰਿਹਾ ਹੈ, ਤਾਂ ਜੋ ਯਾਤਰੀ ਰਾਤ ਨੂੰ ਵੇਟਿੰਗ ਹਾਲ ਵਿਚ ਠਹਿਰ ਸਕਣ। ਪੁਨਰ ਨਿਰਮਾਣ ਦੇ ਕੰਮ ਕਾਰਨ ਦੋ ਰਿਟਾਇਰਿੰਗ ਰੂਮ ਢਾਹ ਦਿੱਤੇ ਗਏ ਹਨ, ਪਰ ਹਾਲੇ ਦੋ ਰਿਟਾਇਰਿੰਗ ਰੂਮ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਆਨਲਾਈਨ ਬੁਕਿੰਗ ਨਹੀਂ ਹੈ ਤਾਂ ਕੋਈ ਵੀ ਯਾਤਰੀ ਸਟੇਸ਼ਨ ’ਤੇ ਪਹੁੰਚ ਕੇ ਬੁਕ ਕਰ ਸਕਦਾ ਹੈ। ਰਿਟਾਇਰਿੰਗ ਰੂਮ ਵਿਚ ਕੰਬਲਾਂ ਦੇ ਨਾਲ ਹੀਟਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਕਿਸੇ ਨੂੰ ਠੰਡ ਵਿਚ ਕੋਈ ਪਰੇਸ਼ਾਨੀ ਨਾ ਝੱਲਣੀ ਪਵੇ।