ਪੁਲਸ ਵੱਲੋਂ 6 ਨਸ਼ਾ ਤਸਕਰ ਕਾਬੂ

05/29/2019 6:19:29 PM

ਜਲੰਧਰ (ਮਹੇਸ਼)— ਥਾਣਾ ਸਦਰ ਦੇ ਕੈਂਟ ਦੀ ਪੁਲਸ ਨੇ ਪਿੰਡ ਸੰਸਾਰਪੁਰ ਅਤੇ ਲੱਖਨਪਾਲ 'ਚੋਂ ਕਰੀਬ 6 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕੈਂਟ ਅਤੇ ਸਦਰ ਪੁਲਸ ਨੇ ਅੱਜ ਸਵੇਰੇ 6 ਵਜੇ ਕਰੀਬ ਸੰਸਾਰਪੁਰ ਅਤੇ ਲਖਨਪਾਲ ਪਿੰਡ 'ਚ ਰੇਡ ਕੀਤੀ। ਪੁਲਸ ਰੇਡ 'ਚ ਕੋਈ ਰਿਕਵਰੀ ਕਰਨ 'ਚ ਸਫਲ ਨਹੀਂ ਹੋ ਸਕੇ। ਏ. ਡੀ. ਸੀ. ਪੀ. ਕੈਂਟ ਪੀ. ਐੱਸ. ਭੰਡਾਲ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਪਿੰਡਾਂ 'ਚ ਨਸ਼ਾ ਸਮੱਗਲਰ ਸਰਗਰਮ ਹਨ। ਸੂਚਨਾ ਦੇ ਤਹਿਤ ਏ. ਸੀ. ਪੀ. ਕੈਂਟ ਰਵਿੰਦਰ ਸਿੰਘ ਦੀ ਅਗਵਾਈ 'ਚ 4 ਪੁਲਸ ਪਾਰਟੀਆਂ ਨੇ ਰੇਡ ਕੰਡਕਟ ਕੀਤੀ। ਇਸ ਦੌਰਾਨ ਪੁਲਸ ਨੇ ਸੰਸਾਰਪੁਰ ਵਿਚੋਂ ਅੱਧਾ ਦਰਜਨ ਨਸ਼ਾ ਸਮੱਗਲਰਾਂ ਨੂੰ ਚੁੱਕਿਆ ਅਤੇ ਲਖਨਪਾਲ 'ਚ ਬਾਹਰੋਂ ਆ ਕੇ ਨਸ਼ਾ ਵੇਚਣ ਵਾਲੇ ਸਮੱਗਲਰਾਂ ਨੂੰ ਚੁੱਕਿਆ ਗਿਆ। ਭੰਡਾਲ ਨੇ ਦੱਸਿਆ ਕਿ 4 ਨੌਜਵਾਨ ਜੋ ਕਿ ਨਸ਼ਿਆਂ ਦੇ ਆਦੀ ਸਨ, ਨੂੰ ਪਿੰਡ ਵਾਲਿਆਂ ਦੀ ਗਾਰੰਟੀ 'ਤੇ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਵਿਚ ਭੇਜਿਆ ਗਿਆ। ਜਿਨ੍ਹਾਂ ਮੁਲਜ਼ਮਾਂ ਖਿਲਾਫ 110 ਦਾ ਕਲੰਦਰਾ ਤਿਆਰ ਕੀਤਾ ਗਿਆ ਹੈ, ਉਨ੍ਹਾਂ ਖਿਲਾਫ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਦੇ ਮਾਮਲੇ ਦਰਜ ਹਨ। ਪੁਲਸ ਨੇ ਇਹ ਵੀ ਮੰਨਿਆ ਕਿ ਹਾਕੀ ਲਈ ਪ੍ਰਸਿੱਧ ਪਿੰਡ 'ਚ ਪਿੰਡ ਦੇ ਕੁਝ ਲੋਕਾਂ ਵੱਲੋਂ ਨਸ਼ਾ ਵੇਚਿਆ ਜਾਂਦਾ ਹੈ। ਪੁਲਸ ਨੂੰ ਰੇਡ ਦੌਰਾਨ ਨਸ਼ਾ ਸਮੱਗਲਰਾਂ ਵੱਲੋਂ ਬਣਾਏ ਗਏ ਚੋਰ ਰਸਤਿਆਂ ਦਾ ਵੀ ਪਤਾ ਲੱਗਾ, ਜਿੱਥੇ ਅਕਸਰ ਸਮੱਗਲਰ ਰੇਡ ਹੋਣ 'ਤੇ ਗਾਇਬ ਹੋ ਜਾਂਦੇ ਸਨ। ਪੁਲਸ ਨੇ ਨਸ਼ੇ ਦਾ ਧੰਦਾ ਕਰ ਰਹੇ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਭਵਿੱਖ 'ਚ ਨਸ਼ਾ ਵੇਚਣ ਸਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਥੇ ਪੁਲਸ ਨੇ ਰੇਡ ਦੌਰਾਨ ਲਖਨਪਾਲ 'ਚੋਂ ਚੋਰੀ ਦੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜਿਸ ਖਿਲਾਫ ਸਦਰ ਥਾਣੇ 'ਚ 379, 411 ਦੇ ਤਹਿਤ ਵੀ ਮਾਮਲਾ ਦਰਜ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਪੁਲਸ ਨੂੰ ਉਮੀਦ ਹੈ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਵਿਚ ਕਈ ਹੋਰ ਚੋਰੀਆਂ ਵੀ ਟ੍ਰੇਸ ਕੀਤੀਆਂ ਜਾ ਸਕਦੀਆਂ ਹਨ।
ਲਖਨਪਾਲ ਦੀਆਂ ਕੁਝ ਔਰਤਾਂ ਚੂਰਾ-ਪੋਸਤ ਦੇ ਧੰਦੇ ਵਿਚ ਸਰਗਰਮ
ਲਖਨਪਾਲ ਪਿੰਡ ਦੇ ਕੁਝ ਲੋਕਾਂ ਖਿਲਾਫ ਸਦਰ ਥਾਣੇ ਵਿਚ ਐੱਨ. ਡੀ. ਪੀ. ਐੱਸ. ਦੇ ਕਈ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਪਿੰਡ ਦੀਆਂ ਕੁਝ ਔਰਤਾਂ ਚੂਰਾ-ਪੋਸਤ ਦੀ ਸਮੱਗਲਿੰਗ ਵਿਚ ਸਰਗਰਮ ਹਨ। ਪੁਲਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਵੱਡੇ ਸਮੱਗਲਰ ਔਰਤਾਂ ਨੂੰ ਮੋਟੀ ਕਮਾਈ ਦਾ ਲਾਲਚ ਦੇ ਕੇ ਨਸ਼ਾ ਸਮੱਗਲਿੰਗ ਦੇ ਧੰਦੇ ਵਿਚ ਜੋੜ ਲੈਂਦੇ ਹਨ ਅਤੇ ਕਈ ਮਾਮਲਿਆਂ ਵਿਚ ਤਾਂ ਇਹ ਵੀ ਸਾਹਮਣੇ ਆਇਆ ਹੈ ਕਿ ਪਤੀ ਅਤੇ ਪਤਨੀ ਦੋਵੇਂ ਮਿਲ ਕੇ ਨਸ਼ਾ ਸਮੱਗਲਿੰਗ ਕਰਦੇ ਹਨ।
PunjabKesari
ਲੋਕਾਂ ਨੇ ਕਿਹਾ-ਤੜਕੇ ਪੁਲਸ ਨੇ ਰੇਡ ਕਰ ਕੇ ਸਮੱਗਲਰਾਂ ਨੂੰ ਕੀਤਾ ਅਲਰਟ
ਸੰਸਾਰਪੁਰ ਦੇ ਲੋਕਾਂ ਦਾ ਦੱਬੀ ਜ਼ੁਬਾਨ ਵਿਚ ਕਹਿਣਾ ਸੀ ਕਿ ਤੜਕੇ ਰੇਡ ਕਰਕੇ ਪੁਲਸ ਨੇ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਦੀ ਬਜਾਏ ਉਨ੍ਹਾਂ ਨੂੰ ਅਲਰਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੇਸ 'ਚ ਭਗੌੜੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਤੜਕੇ ਰੇਡ ਕੀਤੀ ਜਾਂਦੀ ਹੈ। ਨਸ਼ਾ ਵੇਚਣ ਵਾਲਿਆਂ ਦੀ ਟਾਈਮਿੰਗ ਤੜਕੇ ਦੀ ਨਹੀਂ ਹੁੰਦੀ ਅਤੇ ਪੁਲਸ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਇਹ ਹੀ ਕਾਰਨ ਸੀ ਕਿ ਪੁਲਸ ਨਸ਼ਾ ਸਮੱਗਲਰਾਂ ਕੋਲੋਂ ਕੋਈ ਰਿਕਵਰੀ ਨਹੀਂ ਕਰ ਸਕੀ। ਰਿਕਵਰੀ ਨਾ ਹੋਣ ਕਾਰਨ ਸੰਸਾਰਪੁਰ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹਲਕੇ ਦੇ ਵਿਧਾਇਕ ਪਰਗਟ ਸਿੰਘ ਹਾਕੀ ਦੀ ਖੇਡ ਵਿਚ ਕੈਪਟਨ ਦੇ ਤੌਰ 'ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਸੰਸਾਰਪੁਰ ਨੇ ਦੇਸ਼ ਨੂੰ 14 ਓਲੰਪੀਅਨ ਦਿੱਤੇ ਹਨ। ਅਜਿਹੇ 'ਚ ਵਿਧਾਇਕ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਹਲਕੇ 'ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਦੀ ਗਰਾਊਂਡ ਰਿਪੋਰਟ ਜਾਣਨ ਅਤੇ ਨਸ਼ੇ ਦੇ ਖਾਤਮੇ ਲਈ ਸਖਤ ਕਦਮ ਚੁੱਕੇ ਜਾਣ।

ਨਸ਼ਾ ਛੱਡਣ ਦੇ ਇੱਛੁਕ ਨੌਜਵਾਨ ਮੈਨੂੰ ਮਿਲਣ : ਭੰਡਾਲ
ਏ. ਡੀ. ਸੀ. ਪੀ. ਪੀ. ਐੱਸ. ਭੰਡਾਲ ਦਾ ਕਹਿਣਾ ਹੈ ਕਿ ਜੇਕਰ ਕੋਈ ਨੌਜਵਾਨ ਨਸ਼ਾ ਛੱਡਣ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨੂੰ ਮਿਲੇ। ਉਹ ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਹੋਣ 'ਚ ਹਰ ਸੰਭਵ ਮਦਦ ਕਰਨਗੇ। ਲੋਕਾਂ ਨੂੰ ਵੀ ਨਸ਼ਾ ਸਮੱਗਲਿੰਗ ਦੀ ਸੂਚਨਾ ਪੁਲਸ ਨੂੰ ਦੇਣ ਦੀ ਅਪੀਲ ਕੀਤੀ ਗਈ।


shivani attri

Content Editor

Related News