ਨਸ਼ਾ ਪੀਂਦਾ-ਪੀਂਦਾ ਬਣ ਗਿਆ ਤਸਕਰ, ਹੈਰੋਇਨ ਸਣੇ ਕਾਬੂ

04/30/2024 3:10:32 PM

ਸਾਹਨੇਵਾਲ/ਕੁਹਾੜਾ (ਜ.ਬ.) : ਪਿਛਲੇ ਦਿਨਾਂ ਤੋਂ ਲਗਾਤਾਰ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਥਾਣਾ ਸਾਹਨੇਵਾਲ ਦੀ ਪੁਲਸ ਨੇ ਇਕ ਹੋਰ ਨਸ਼ਾ ਵੇਚਣ ਵਾਲੇ ਨੂੰ ਦਬੋਚ ਲਿਆ ਹੈ। ਥਾਣਾ ਸਾਹਨੇਵਾਲ ਦੀ ਚੌਂਕੀ ਕੰਗਣਵਾਲ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਪਛਾਣ ਅਰੁਣ ਕੁਮਾਰ ਪੁੱਤਰ ਧਰਮਿੰਦਰ ਕੁਮਾਰ ਵਾਸੀ ਨਿਊ ਸਮਾਰਟ ਕਾਲੋਨੀ ਗਿਆਸਪੁਰਾ ਵਜੋਂ ਹੋਈ ਹੈ।

ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਪਿਛਲੇ ਕਰੀਬ 2 ਸਾਲਾਂ ਤੋਂ ਨਸ਼ਾ ਪੀਂਦਾ ਹੈ ਅਤੇ ਹੁਣ ਇਹ ਨਸ਼ੇ ਦੀ ਪੂਰਤੀ ਨਸ਼ਾ ਵੇਚਣ ਵੀ ਲੱਗ ਗਿਆ। ਉਨ੍ਹਾਂ ਦੱਸਿਆ ਕਿ ਅਰੁਣ ਕੁਮਾਰ ਕੰਗਣਵਾਲ ਦੇ ਇਲਾਕੇ ’ਚ ਆਪਣੇ ਗਾਹਕਾਂ ਨੂੰ ਸਪਲਾਈ ਕਰਦਾ ਸੀ, ਜਿਸ ਦੇ ਪਿੱਛੇ ਪੁਲਸ ਕਾਫੀ ਦੇਰ ਤੋਂ ਲੱਗੀ ਹੋਈ ਸੀ ਅਤੇ ਹੁਣ ਇਹ ਕੰਗਣਵਾਲ ਦੇ ਸ਼ਮਸ਼ਾਨਘਾਟ ਦੇ ਨੇੜੇ ਪੈਦਲ ਆਉਂਦਾ ਦਿਖਾਈ ਦਿੱਤਾ।

ਜਦੋਂ ਰੁਕਣ ਲਈ ਪੁਲਸ ਨੇ ਇਸ਼ਾਰਾ ਕੀਤਾ ਤਾਂ ਇਹ ਇਕਦਮ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਸ ਪਾਰਟੀ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਜੇਬ ’ਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ 2 ਦਿਨਾਂ ਦਾ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


Babita

Content Editor

Related News