ਚੋਰ ਗਿਰੋਹ ਨੇ ਇਕ ਹੀ ਰਾਤ ’ਚ 5 ਘਰਾਂ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਗਹਿਣੇ ਚੋਰੀ
Monday, Jan 23, 2023 - 03:30 PM (IST)

ਮਾਹਿਲਪੁਰ (ਅਗਨੀਹੋਤਰੀ)-ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਅਤੇ ਥਾਣਾ ਮਾਹਿਲਪੁਰ ਅਧੀਨ ਪੈਂਦੇ ਗੱਜਰ ਵਿਚ ਬੀਤੀ ਰਾਤ ਚੋਰ ਗਿਰੋਹ ਨੇ ਪਿੰਡ ’ਚ ਦਾਖ਼ਲ ਹੋ ਕੇ ਪੰਜ ਘਰਾਂ ਨੂੰ ਨਿਸ਼ਾਨਾ ਬਣਾ ਕੇ ਢਾਈ ਲੱਖ ਰੁਪਏ ਤੋਂ ਵੱਧ ਦੀ ਨਕਦੀ, ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ| ਚੋਰਾਂ ਨੇ ਘਟਨਾ ਨੂੰ ਅੰਜਾਮ ਤੜਕਸਾਰ ਦੋ ਤੋਂ ਤਿੰਨ ਵਜੇ ਦੇ ਵਿਚਕਾਰ ਦਿੱਤਾ| ਥਾਣਾ ਮਾਹਿਲਪੁਰ ਦੀ ਪੁਲਸ ਸਾਰੇ ਮਾਮਲਿਆਂ ਦੀ ਪੜਤਾਲ ਕਰ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੰਜੂ ਪਤਨੀ ਈਸ਼ਵਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਮੁਰੰਮਤ ਚੱਲ ਰਹੀ ਹੈ| ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਉਹ ਸੁੱਤੇ ਉੱਠੇ ਤਾਂ ਨਾਲ ਵਾਲੇ ਕਮਰੇ ਵਿਚ ਪਈਆਂ ਅਲਮਾਰੀਆਂ ਅਤੇ ਟਰੰਕਾਂ ਦੇ ਤਾਲਿਆਂ ਦੀ ਤੋੜ ਭੰਨ ਕਰਕੇ ਚੋਰ ਗਿਰੋਹ ਨੇ ਅੰਦਰੋਂ ਢਾਈ ਲੱਖ ਰੁਪਏ ਦੀ ਨਕਦੀ, ਚਾਰ ਤੋਲੇ ਦੇ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਹੋਇਆ ਸੀ |
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਕ ਟਰੰਕ ਤਾਂ ਚੋਰ ਨਾਲ ਹੀ ਲੈ ਗਏ, ਜਿਹੜਾ ਦਿਨ ਚੜ੍ਹੇ ਸਵੇਰੇ ਘਰ ਤੋਂ ਦੂਰ ਖੇਤਾਂ ਵਿਚ ਪਿਆ ਮਿਲਿਆ ਅਤੇ ਉਸ ਵਿਚੋਂ ਕੀਮਤੀ ਸਾਮਾਨ ਚੋਰੀ ਸੀ| ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਣ ਰਹੇ ਮਕਾਨ ਲਈ ਉਨ੍ਹਾਂ ਰਾਮਪੁਰ ਸੈਣੀਆਂ ਬੈਂਕ ਤੋਂ ਕਰਜ਼ਾ ਲਿਆ ਅਤੇ ਚੋਰੀ ਹੋਈ ਨਕਦੀ ਮਿਸਤਰੀਆਂ ਨੂੰ ਦੇਣ ਲਈ ਰੱਖੀ ਹੋਈ ਸੀ |ਇਸੇ ਤਰ੍ਹਾਂ ਚੋਰ ਗਿਰੋਹ ਨੇ ਅੱਛਰ ਸਿੰਘ ਪੁੱਤਰ ਭਜਨ ਸਿੰਘ ਦੇ ਘਰ ਵਿਚ ਦਾਖ਼ਲ ਹੋ ਕੇ ਪੰਜ ਹਜ਼ਾਰ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ| ਇਸੇ ਹੀ ਚੋਰ ਗਿਰੋਹ ਨੇ ਇਸ ਤੋਂ ਬਾਅਦ ਜੌਲ੍ਹਾ ਪੁੱਤਰ ਸੁਰਿੰਦਰ ਦੇ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਦਾਖ਼ਲ ਹੋ ਕੇ ਅਲਮਾਰੀ ਦੀ ਭੰਨ-ਤੋੜ ਕਰਕੇ ਪੰਜ ਹਜ਼ਾਰ ਦੀ ਨਕਦੀ, ਚਾਂਦੀ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ|
ਇਹ ਵੀ ਪੜ੍ਹੋ : ਪੰਜਾਬ 'ਚ ਚੱਲਣਗੀਆਂ ਠੰਡੀਆਂ ਹਵਾਵਾਂ ਤੇ ਪੈ ਸਕਦੈ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ
ਚੋਰਾਂ ਨੇ ਇੱਥੇ ਹੀ ਬੱਸ ਨਹੀਂ ਕੀਤੀ ਅਤੇ ਗਿਆਨ ਚੰਦ ਪੁੱਤਰ ਅਮੀ ਚੰਦ ਦੇ ਘਰ ਵੀ ਦਾਖਲ ਹੋ ਕੇ ਕੁੱਝ ਨਕਦੀ ਚੋਰ ਕਰ ਲਈ | ਅਖੀਰ ਵਿਚ ਚੋਰਾਂ ਨੇ ਕ੍ਰਿਸ਼ਨਾ ਦੇਵੀ ਦੇ ਘਰ ਵਿਚ ਦਾਖਲ ਹੋ ਕੇ ਨਕਦੀ ਅਤੇ ਹੋਰ ਸਾਮਾਨ ਚੋਰੀ ਕੀਤਾ ਅਤੇ ਫਰਾਰ ਹੋ ਗਏ| ਸਾਰੇ ਪੀੜਤਾਂ ਨੂੰ ਚੋਰੀਆਂ ਦਾ ਪਤਾ ਸਵੇਰੇ ਲੱਗਾ। ਥਾਣਾ ਮਾਹਿਲਪੁਰ ਅਧੀਨ ਪੈਂਦੀ ਪੁਲਸ ਚੌਂਕੀ ਦੇ ਥਾਣੇਦਾਰ ਸਤਨਾਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਡੀ. ਐੱਸ. ਪੀ. ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ | ਜਲਦ ਹੀ ਚੋਰ ਕਾਬੂ ਕਰ ਲਏ ਜਾਣਗੇ|
ਇਹ ਵੀ ਪੜ੍ਹੋ : ਨਿੱਜੀ ਤੇ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਅਹਿਮ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।