ਜਲੰਧਰ ਨਿਗਮ ਦੇ 4 ਬੈਂਕ ਖ਼ਾਤੇ ਸੀਜ਼, ਕਰਮਚਾਰੀਆਂ ਨੂੰ ਸਮੇਂ ’ਤੇ ਨਹੀਂ ਮਿਲ ਸਕੇਗੀ ਤਨਖ਼ਾਹ

02/28/2024 11:18:00 AM

ਜਲੰਧਰ (ਖੁਰਾਣਾ)–ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਗਰ ਨਿਗਮ ਦੀ ਕਾਰਜਪ੍ਰਣਾਲੀ ਸਹੀ ਢੰਗ ਨਾਲ ਨਹੀਂ ਚੱਲ ਰਹੀ ਅਤੇ ਅਜਿਹਾ ਜਾਪਦਾ ਹੈ ਕਿ ਜਿਵੇਂ ਜਲੰਧਰ ਨਿਗਮ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੋਵੇ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਇਆਂ 2 ਸਾਲ ਦੇ ਲਗਭਗ ਸਮਾਂ ਹੋ ਚੁੱਕਾ ਹੈ। ਇਸ ਸਰਕਾਰ ਨੇ ਜਲੰਧਰ ਨਿਗਮ ਦੀ ਕਾਰਜਪ੍ਰਣਾਲੀ ਨੂੰ ਸੁਧਾਰਨ ਦੇ ਕਈ ਯਤਨ ਕੀਤੇ ਅਤੇ ਇਸਨੂੰ ਚਲਾਉਣ ਲਈ ਲੱਭ-ਲੱਭ ਕੇ ਅਫ਼ਸਰ ਵੀ ਲਾਏ ਪਰ ਫਿਰ ਵੀ ਜਲੰਧਰ ਨਿਗਮ ਨੂੰ ਚਲਾਉਣ ਵਿਚ ਸਰਕਾਰ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

2 ਸਾਲ ਦੇ ਅੰਦਰ ਅੱਧੀ ਦਰਜਨ ਨਿਗਮ ਕਮਿਸ਼ਨਰ ਬਦਲੇ ਜਾ ਚੁੱਕੇ ਹਨ ਅਤੇ 7ਵੇਂ ਨਗਰ ਨਿਗਮ ਕਮਿਸ਼ਨਰ ਦੇ ਰੂਪ ਵਿਚ ਤਾਇਨਾਤ ਆਈ. ਏ. ਐੱਸ. ਅਧਿਕਾਰੀ ਗੌਤਮ ਜੈਨ ਦੇ ਸਾਹਮਣੇ ਵੀ ਚੁਣੌਤੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਨਵੇਂ ਨਿਗਮ ਕਮਿਸ਼ਨਰ ਦੇ ਸਾਹਮਣੇ ਇਕ ਅਜੀਬ ਸਮੱਸਿਆ ਖੜ੍ਹੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਥਾਨਕ ਅਦਾਲਤ ਦੇ ਹੁਕਮਾਂ ’ਤੇ ਜਲੰਧਰ ਨਗਰ ਨਿਗਮ ਦੇ ਸਾਰੇ ਬੈਂਕ ਖਾਤਿਆਂ ਨੂੰ ਸੀਜ਼ ਕਰ ਦਿੱਤਾ ਗਿਆ ਹੈ। ਇਨ੍ਹਾਂ ਬੈਂਕ ਖਾਤਿਆਂ ਵਿਚ ਜਿਥੇ ਸਟੇਟ ਬੈਂਕ ਆਫ਼ ਇੰਡੀਆ ਦਾ ਜਲੰਧਰ ਨਿਗਮ ਦਾ ਮੇਨ ਅਕਾਊਂਟ ਵੀ ਸ਼ਾਮਲ ਹੈ, ਉਥੇ ਹੀ ਪੀ. ਐੱਨ. ਬੀ. ਦਾ ਵੀ ਇਕ ਅਕਾਊਂਟ ਅਜਿਹਾ ਹੈ, ਜਿੱਥੋਂ ਨਿਗਮ ਕਰਮਚਾਰੀਆਂ ਨੂੰ ਹਰ ਮਹੀਨੇ ਤਨਖਾਹ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਗਠਜੋੜ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਸਿੱਧੂ ਨੂੰ ਪਾਰਟੀ 'ਚ ਸ਼ਾਮਲ ਕਰਨ ਸਬੰਧੀ ਕੀਤੀ ਕੋਰੀ ਨਾਂਹ

ਨਗਰ ਨਿਗਮ ਐੱਚ. ਡੀ. ਐੱਫ਼. ਸੀ. ਦੇ ਜਿਸ ਬੈਂਕ ਖਾਤੇ ਤੋਂ ਆਨਲਾਈਨ ਪ੍ਰਾਪਰਟੀ ਟੈਕਸ ਵਸੂਲਦਾ ਹੈ, ਉਸ ਨੂੰ ਵੀ ਸੀਜ਼ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਅਜੇ ਆਨਲਾਈਨ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਹੋ ਪਾ ਰਿਹਾ। ਐੱਚ. ਡੀ. ਐੱਫ਼. ਸੀ. ਦਾ ਹੀ ਇਕ ਹੋਰ ਬੈਂਕ ਖਾਤਾ ਵੀ ਇਸ ਸਮੇਂ ਸੀਜ਼ ਹੈ। ਇਨ੍ਹਾਂ ਚਾਰਾਂ ਬੈਂਕ ਖ਼ਾਤਿਆਂ ਤੋਂ ਨਗਰ ਨਿਗਮ ਕੋਈ ਟਰਾਂਜੈਕਸ਼ਨ ਨਹੀਂ ਕਰ ਪਾਵੇਗਾ। ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਸਥਾਨਕ ਅਦਾਲਤ ਦੇ ਪ੍ਰਤੀਨਿਧੀਆਂ ਨੇ ਇਨ੍ਹਾਂ ਸਾਰੇ ਬੈਂਕਾਂ ਵਿਚ ਜਾ ਕੇ ਸਬੰਧਤ ਅਧਿਕਾਰੀਆਂ ਨੂੰ ਅਦਾਲਤੀ ਹੁਕਮ ਦੀਆਂ ਕਾਪੀਆਂ ਸੌਂਪ ਦਿੱਤੀਆਂ ਹਨ ਅਤੇ ਬੈਂਕ ਖਾਤਿਆਂ ਵਿਚ ਟਰਾਂਜੈਕਸ਼ਨ ਆਦਿ ’ਤੇ ਪਾਬੰਦੀ ਸਖ਼ਤੀ ਨਾਲ ਲਾਗੂ ਹੋ ਗਈ ਹੈ।ਮੰਨਿਆ ਜਾ ਰਿਹਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇ ਖ਼ਾਤੇ ਸੀਜ਼ ਹੋ ਜਾਣ ਨਾਲ ਨਗਰ ਨਿਗਮ ਹੁਣ ਆਪਣੇ ਚੌਥਾ ਦਰਜਾ ਕਰਮਚਾਰੀਆਂ ਨੂੰ ਸਮੇਂ ’ਤੇ ਤਨਖ਼ਾਹ ਨਹੀਂ ਦੇ ਸਕੇਗਾ ਅਤੇ ਇਸ ਵਿਚ ਕੁਝ ਦੇਰੀ ਜ਼ਰੂਰ ਹੋਵੇਗੀ। ਸੂਤਰਾਂ ਦੀ ਮੰਨੀਏ ਤਾਂ ਨਿਗਮ ਦੇ ਇਨ੍ਹਾਂ ਸਾਰੇ ਬੈਂਕ ਖਾਤਿਆਂ ਵਿਚ ਲਗਭਗ 6 ਕਰੋੜ ਰੁਪਏ ਤੋਂ ਵੱਧ ਰਕਮ ਪਈ ਹੋਈ ਹੈ।

ਸਵੀਪਿੰਗ ਮਸ਼ੀਨ ਚਲਾਉਣ ਵਾਲੀ ਲਾਇਨਸ ਕੰਪਨੀ ਜਿੱਤ ਚੁੱਕੀ ਹੈ ਆਰਬੀਟ੍ਰੇਸ਼ਨ ਦਾ ਕੇਸ
ਜਦੋਂ ਪੰਜਾਬ ਵਿਚ ਅਕਾਲੀ-ਭਾਜਪਾ ਦਾ ਸ਼ਾਸਨ ਸੀ, ਉਦੋਂ ਤਤਕਾਲੀ ਡਿਪਟੀ ਸੀ. ਐੱਮ. ਸੁਖਬੀਰ ਬਾਦਲ ਨੇ ਜਲੰਧਰ ਸ਼ਹਿਰ ਿਵਚ ਮਕੈਨੀਕਲ ਸਵੀਪਿੰਗ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ ਸਰਕਾਰ ਦੇ ਆਖਰੀ ਸਮੇਂ ਦੌਰਾਨ ਲਾਇਨਸ ਸਰਵਿਸਿਜ਼ ਨੂੰ ਸਵੀਪਿੰਗ ਮਸ਼ੀਨ ਚਲਾਉਣ ਦਾ ਕਾਂਟ੍ਰੈਕਟ ਅਲਾਟ ਕਰ ਦਿੱਤਾ ਗਿਆ ਸੀ। ਅਕਾਲੀ-ਭਾਜਪਾ ਸਰਕਾਰ ਚਲੀ ਜਾਣ ਤੋਂ ਬਾਅਦ ਜਦੋਂ ਕਾਂਗਰਸ ਸੱਤਾ ਵਿਚ ਆਈ ਤਾਂ ਇਸ ਸਵੀਪਿੰਗ ਮਸ਼ੀਨ ਕਾਂਟ੍ਰੈਕਟ ਨੂੰ ਘਪਲਾ ਦੱਸ ਕੇ ਉਸਨੂੰ ਰੱਦ ਕਰ ਿਦੱਤਾ ਗਿਆ। ਲੰਮੇ ਸਮੇਂ ਤਕ ਜਲੰਧਰ ਨਿਗਮ ਨੇ ਜਦੋਂ ਸਬੰਧਤ ਕੰਪਨੀ ਨੂੰ ਪੇਮੈਂਟ ਨਾ ਦਿੱਤੀ ਤਾਂ ਲਗਭਗ 3 ਕਰੋੜ 90 ਲੱਖ ਰੁਪਏ ਲੈਣ ਲਈ ਕੰਪਨੀ ਆਰਬੀਟ੍ਰੇਸ਼ਨ ਵਿਚ ਚਲੀ ਗਈ।

ਇਹ ਵੀ ਪੜ੍ਹੋ:  ਪਹਿਲਾਂ ਪੀਤੀ ਇਕੱਠੇ ਸ਼ਰਾਬ ਤੇ ਖਾਧੀ ਰੋਟੀ, ਫਿਰ ਮਾਮੂਲੀ ਗੱਲ ਪਿੱਛੇ ਚਾਕੂ ਮਾਰ ਕੇ ਸਾਥੀ ਦਾ ਕਰ ਦਿੱਤਾ ਕਤਲ

ਕੁਝ ਸਮਾਂ ਪਹਿਲਾਂ ਇਸ ਆਰਬੀਟ੍ਰੇਸ਼ਨ ਦਾ ਫੈਸਲਾ ਲਾਇਨਸ ਸਰਵਿਸਿਜ਼ ਦੇ ਹੱਕ ਵਿਚ ਆਇਆ ਅਤੇ ਜਲੰਧਰ ਨਿਗਮ ਨੂੰ ਵਿਆਜ ਆਦਿ ਮਿਲਾ ਕੇ 5 ਕਰੋੜ 52 ਲੱਖ ਰੁਪਏ ਦੇਣ ਦੇ ਹੁਕਮ ਸੁਣਾਏ ਗਏ। ਪਤਾ ਲੱਗਾ ਹੈ ਕਿ ਜਲੰਧਰ ਨਿਗਮ ਨੇ ਇਸ ਬਾਬਤ ਹਾਈ ਕੋਰਟ ਵਿਚ ਅਪੀਲ ਵੀ ਦਾਇਰ ਕੀਤੀ ਹੋਈ ਹੈ, ਜਿਥੋਂ ਨਿਗਮ ਨੂੰ ਅਜੇ ਸਟੇਅ ਨਹੀਂ ਮਿਲਿਆ। ਇਸੇ ਵਿਚਕਾਰ ਕੰਪਨੀ ਨੇ ਹੇਠਲੀ ਅਦਾਲਤ ਤਕ ਪਹੁੰਚ ਕਰ ਕੇ ਜਲੰਧਰ ਨਿਗਮ ਦੇ ਬੈਂਕ ਖ਼ਾਤਿਆਂ ਨੂੰ ਫਰੀਜ਼ ਕਰਵਾ ਦਿੱਤਾ ਹੈ। ਅਦਾਲਤ ਵਿਚ ਹੁਣ ਇਸ ਕੇਸ ਦੀ ਅਗਲੀ ਸੁਣਵਾਈ 1 ਮਾਰਚ ਨੂੰ ਹੋਣੀ ਹੈ। ਬੈਂਕ ਖਾਤਿਆਂ ਨੂੰ ਲੈ ਕੇ ਆਈ ਨਵੀਂ ਸਮੱਸਿਆ ਕਾਰਨ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਅੱਜ ਸਬੰਧਤ ਅਧਿਕਾਰੀਆਂ ਅਤੇ ਵਕੀਲਾਂ ਆਦਿ ਨਾਲ ਮੀਟਿੰਗ ਕਰ ਕੇ ਮਾਮਲੇ ਦਾ ਹੱਲ ਕੱਢਣ ਦੇ ਯਤਨ ਸ਼ੁਰੂ ਕਰ ਿਦੱਤੇ ਹਨ। ਪਤਾ ਲੱਗਾ ਹੈ ਕਿ ਨਿਗਮ ਆਉਣ ਵਾਲੇ ਿਦਨਾਂ ਵਿਚ ਅਦਾਲਤ ਤਕ ਪਹੁੰਚ ਕਰ ਕੇ ਬੈਂਕ ਖਾਤੇ ਖੁਲ੍ਹਵਾਉਣ ਦਾ ਯਤਨ ਕਰੇਗਾ ਤਾਂ ਕਿ ਨਿਗਮ ਦਾ ਆਮ ਕੰਮਕਾਜ ਪ੍ਰਭਾਵਿਤ ਨਾ ਹੋਵੇ। ਨਿਗਮ ਇਹ ਤਰਕ ਰੱਖ ਸਕਦਾ ਹੈ ਕਿ ਕੰਪਨੀ ਨੂੰ ਅਦਾਇਗੀਯੋਗ ਰਾਸ਼ੀ ਇਕ ਵੱਖ ਬੈਂਕ ਖਾਤੇ ਵਿਚ ਰੱਖੀ ਜਾ ਸਕਦੀ ਹੈ। ਹੁਣ ਦੇਖਣਾ ਹੈ ਕਿ ਨਿਗਮ ਇਸ ਸਮੱਸਿਆ ਦਾ ਹੱਲ ਕਿਵੇਂ ਕੱਢਦਾ ਹੈ।

ਜਦੋਂ ਚੈੱਕ ਵਾਪਸ ਆਉਣ ਲੱਗੇ, ਉਦੋਂ ਜਾ ਕੇ ਅਫ਼ਸਰਾਂ ਨੂੰ ਲੱਗਾ ਪਤਾ
ਨਗਰ ਨਿਗਮ ਦੇ ਲਾਅ ਵਿਭਾਗ ਦੇ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਨਿਗਮ ਦੇ ਉੱਚ ਅਫ਼ਸਰਾਂ ਨੂੰ ਆਰਬੀਟ੍ਰੇਸ਼ਨ ਅਤੇ ਹੇਠਲੀ ਅਦਾਲਤ ਦੇ ਫ਼ੈਸਲੇ ਦਾ ਸਮੇਂ ’ਤੇ ਪਤਾ ਨਹੀਂ ਲੱਗ ਸਕਿਆ। ਸੂਤਰ ਦੱਸਦੇ ਹਨ ਕਿ ਜਦੋਂ ਜਲੰਧਰ ਨਗਰ ਨਿਗਮ ਵੱਲੋਂ ਕੱਟੇ ਗਏ ਕਈ ਚੈੱਕ ਬੈਂਕ ਵੱਲੋਂ ਮੋੜ ਦਿੱਤੇ ਗਏ, ਉਦੋਂ ਅਕਾਊਂਟਸ ਵਿਭਾਗ ਦੇ ਅਧਿਕਾਰੀਆਂ ਨੇ ਬੈਂਕ ਜਾ ਕੇ ਪਤਾ ਕੀਤਾ, ਜਿਸ ਦੌਰਾਨ ਸਾਹਮਣੇ ਆਇਆ ਕਿ ਅਦਾਲਤੀ ਹੁਕਮਾਂ ’ਤੇ ਜਲੰਧਰ ਨਿਗਮ ਦੇ 4 ਬੈਂਕ ਖ਼ਾਤਿਆਂ ਨੂੰ ਫਰੀਜ਼ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਗਰਮੀਆਂ ਦੇ ਸੀਜ਼ਨ ਦੌਰਾਨ ਬਿਜਲੀ ਦੀ ਹੁਣ ਨਹੀਂ ਆਵੇਗੀ ਦਿੱਕਤ, ਪਾਵਰਕਾਮ ਕਰ ਰਿਹਾ ਇਹ ਤਿਆਰੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News