ਅੰਮ੍ਰਿਤਸਰ ਤੋਂ ਨਸ਼ਾ ਲਿਆ ਕੇ ਵੇਚਣ ਵਾਲੇ ਗਿਰੋਹ ਦੇ 4 ਮੈਂਬਰ ਕਾਬੂ

Thursday, Jan 23, 2025 - 11:43 AM (IST)

ਅੰਮ੍ਰਿਤਸਰ ਤੋਂ ਨਸ਼ਾ ਲਿਆ ਕੇ ਵੇਚਣ ਵਾਲੇ ਗਿਰੋਹ ਦੇ 4 ਮੈਂਬਰ ਕਾਬੂ

ਚੰਡੀਗੜ੍ਹ (ਸੁਸ਼ੀਲ) : ਅੰਮ੍ਰਿਤਸਰ ਤੋਂ ਨਸ਼ੀਲਾ ਪਦਾਰਥ ਲਿਆ ਕੇ ਟ੍ਰਾਈਸਿਟੀ ’ਚ ਵੇਚਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਡੱਡੂਮਾਜਰਾ ਵਾਸੀ ਆਰਤੀ, ਗਗਨ ਉਰਫ਼ ਗੋਗੀ, ਲੁਧਿਆਣਾ ਦਾ ਗਗਨਦੀਪ ਸਿੰਘ ਤੇ ਅੰਮ੍ਰਿਤਸਰ ਵਾਸੀ ਗਗਨਦੀਪ ਵਜੋਂ ਹੋਈ ਹੈ। ਪੁਲਸ ਨੇ ਤਸਕਰਾਂ ਕੋਲੋਂ 125 ਗ੍ਰਾਮ ਹੈਰੋਇਨ, 77.80 ਗ੍ਰਾਮ ਚਰਸ, ਪੰਜ ਚਾਕੂ, ਡਮੀ ਪਿਸਤੌਲ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।

ਏ. ਐੱਨ. ਟੀ. ਐੱਫ. ਨੇ 2 ਜਨਵਰੀ ਨੂੰ ਸੈਕਟਰ-25 ਦੇ ਸ਼ਮਸ਼ਾਨਘਾਟ ਨੇੜਿਓਂ ਆਰਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਤੋਂ ਬਾਅਦ 17 ਜਨਵਰੀ ਨੂੰ ਗਗਨ ਨੂੰ ਹਰਿਆਣਾ ਦੇ ਕਾਲਕਾ ਤੋਂ 24.82 ਗ੍ਰਾਮ ਹੈਰੋਇਨ, 77.80 ਗ੍ਰਾਮ ਚਰਸ, ਪੰਜ ਚਾਕੂ, ਨਕਲੀ ਪਿਸਤੌਲ ਤੇ ਇਲੈਕਟਰਾਨਿਕ ਤਰਾਜੂ ਸਣੇ ਕਾਬੂ ਕੀਤਾ। ਉਸਦੀ ਨਿਸ਼ਾਨਦੇਹੀ ’ਤੇ ਗਗਨਦੀਪ ਸਿੰਘ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਕੇ 50.61 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਮੁਤਾਬਕ ਆਰਤੀ ਗੋਗੀ ਤੋਂ ਸਸਤੇ ਭਾਅ ’ਤੇ ਹੈਰੋਇਨ ਖਰੀਦ ਕੇ ਟ੍ਰਾਈਸਿਟੀ ਵਿਚ ਮਹਿੰਗੇ ਭਾਅ ’ਤੇ ਵੇਚਦੀ ਸੀ। ਗੋਗੀ ਲੁਧਿਆਣਾ ਦੇ ਗਗਨਦੀਪ ਸਿੰਘ ਤੋਂ ਸਸਤੇ ਭਾਅ ’ਤੇ ਡਰੱਗ ਲਿਆ ਕੇ ਵੇਚਦਾ ਸੀ। ਗਗਨਦੀਪ ਨੇ ਖ਼ੁਲਾਸਾ ਕੀਤਾ ਕਿ ਉਹ ਅੰਮ੍ਰਿਤਸਰ ਦੇ ਗਗਨਦੀਪ ਤੋਂ ਘੱਟ ਕੀਮਤ ’ਤੇ ਡਰੱਗਸ ਖ਼ਰੀਦਦਾ ਸੀ।


author

Babita

Content Editor

Related News