ਦਿੱਲੀ ਤੋਂ ਵੈਪਨ ਖਰੀਦ ਕੇ ਲਿਆਇਆ ਨੌਜਵਾਨ ਦੋਸਤ ਸਮੇਤ ਗ੍ਰਿਫਤਾਰ

Monday, Sep 23, 2019 - 10:18 AM (IST)

ਦਿੱਲੀ ਤੋਂ ਵੈਪਨ ਖਰੀਦ ਕੇ ਲਿਆਇਆ ਨੌਜਵਾਨ ਦੋਸਤ ਸਮੇਤ ਗ੍ਰਿਫਤਾਰ

ਜਲੰਧਰ (ਜ. ਬ.)— ਦਿੱਲੀ ਤੋਂ ਇਕ ਬਦਮਾਸ਼ ਦੀ ਸਿਫਾਰਿਸ਼ 'ਤੇ ਵੈਪਨ ਖਰੀਦ ਕੇ ਲਿਆਏ ਜੋਤਿਸ਼ ਦੇ ਬੇਟੇ ਵਰੁਣ ਪੰਡਿਤ ਅਤੇ ਉਸ ਦੇ ਸਾਥੀ ਨੂੰ ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਪੁਲਸ ਨੇ ਦਾਅਵਾ ਕੀਤਾ ਹੈ ਕਿ ਬਸਤੀ ਬਾਵਾ ਖੇਲ ਦੀ ਪੁਲਸ ਨੇ ਜੂਨ ਮਹੀਨੇ 'ਚ ਗਰਾਰੀ ਨਾਂ ਦੇ ਨੌਜਵਾਨ ਨੂੰ ਫੜਿਆ ਸੀ, ਜਿਸ ਤੋਂ ਪੁੱਛਗਿੱਛ ਦੇ ਬਾਅਦ ਉਕਤ ਲੋਕਾਂ ਦੇ ਕੋਲ ਵੈਪਨ ਹੋਣ ਦੀ ਸੂਚਨਾ ਮਿਲੀ ਸੀ ਪਰ ਸੂਤਰਾਂ ਦਾ ਦਾਅਵਾ ਹੈ ਕਿ ਉਕਤ ਵੈਪਨ ਇਕ ਸ਼ਰਾਬ ਸਮੱਗਲਰ ਦੀ ਸੈਲਫ ਡਿਫੈਂਸ ਲਈ ਮੰਗਵਾਇਆ ਗਿਆ ਸੀ। ਪੁਲਸ ਨੇ ਉਕਤ ਸ਼ਰਾਬ ਸਮੱਗਲਰਾਂ ਨੂੰ ਸੀ. ਆਈ. ਏ. ਸਟਾਫ 'ਚ ਬਿਠਾ ਕੇ ਪੁੱਛਗਿੱਛ ਵੀ ਕੀਤੀ ਪਰ ਪੁਲਸ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਅਤੇ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ 13 ਜੁਲਾਈ ਨੂੰ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਮਹਿੰਦਰ ਗਰਾਰੀ ਨਾਂ ਦੇ ਨੌਜਵਾਨ ਨੂੰ ਆਰਮਸ ਐਕਟ ਦੇ ਕੇਸ 'ਚ ਗ੍ਰਿਫਤਾਰ ਕੀਤਾ ਸੀ। ਉਸ ਤੋਂ ਪੁੱਛਗਿਛ 'ਚ ਪਤਾ ਲੱਗਾ ਕਿ ਇਕ ਹੋਰ ਵੈਪਨ ਵਰੁਣ ਪੰਡਿਤ ਪੁੱਤਰ ਓਮ ਪ੍ਰਕਾਸ਼ ਵਾਸੀ ਸ਼ਾਸਤਰੀ ਨਗਰ ਅਤੇ ਪ੍ਰਭਜੋਤ ਸਿੰਘ ਉਰਫ ਕਾਕੂ ਪੁੱਤਰ ਜਸਪ੍ਰੀਤ ਸਿੰਘ ਵਾਸੀ ਚਾਰ ਮਰਲਾ ਮਾਡਲ ਹਾਊਸ ਦੇ ਕੋਲ ਵੀ ਹੈ। ਪੁਲਸ ਨੇ ਦਾਅਵਾ ਕੀਤਾ ਕਿ ਉਦੋਂ ਗਰਾਰੀ ਨੂੰ ਉਕਤ ਦੋਵਾਂ ਦੇ ਘਰਾਂ ਦਾ ਪਤਾ ਨਹੀਂ ਸੀ ਪਰ ਵਰੁਣ ਅਤੇ ਕਾਕੂ ਨੂੰ ਸੀ. ਆਈ. ਏ. ਸਟਾਫ ਦੀ ਟੀਮ ਲਗਾਤਾਰ ਲੱਭ ਰਹੀ ਸੀ।

ਪੁਲਸ ਨੇ ਵਰੁਣ ਪੰਡਿਤ ਅਤੇ ਪ੍ਰਭਜੋਤ ਦੇ ਘਰਾਂ ਦਾ ਪਤਾ ਲਾਉਣ ਦੇ ਬਾਅਦ ਦੋਵਾਂ ਨੂੰ ਐਤਵਾਰ ਘਰ ਤੋਂ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ 7.65 ਐੱਮ. ਐੱਮ. ਦਾ ਵੈਪਨ ਅਤੇ 3 ਗੋਲੀਆਂ ਸ਼ੇਰ ਸਿੰਘ ਕਾਲੋਨੀ 'ਚ ਪੈਂਦੀ ਨਹਿਰ ਦੇ ਕੰਢੇ ਲੁਕਾ ਕੇ ਰੱਖੀਆਂ ਹਨ। ਪੁਲਸ ਨੇ ਦੋਵਾਂ ਦੀ ਨਿਸ਼ਾਨਦੇਹੀ 'ਤੇ ਵੈਪਨ ਅਤੇ ਗੋਲੀਆਂ ਬਰਾਮਦ ਕਰ ਲਈਆਂ। ਪੁੱਛਗਿੱਛ 'ਚ ਮੁਲਜ਼ਮਾਂ ਨੇ ਦੱਸਿਆ ਕਿ ਉਹ ਉਕਤ ਵੈਪਨ ਦਿੱਲੀ ਤੋਂ 37 ਹਜ਼ਾਰ ਰੁਪਏ 'ਚ ਖਰੀਦ ਕੇ ਲਿਆਏ ਸਨ।

ਸੀ. ਆਈ. ਏ. ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਕਤ ਵੈਪਨ ਖਰੀਦਣ 'ਚ ਕਿਸੇ ਗੈਂਗਸਟਰ ਦਾ ਹੱਥ ਨਹੀਂ ਹੈ। ਸੂਤਰਾਂ ਦੀ ਮੰਨੀਏ ਤਾਂ ਇਕ ਗੈਂਗਸਟਰ ਦੀ ਮਦਦ ਨਾਲ ਉਕਤ ਲੋਕਾਂ ਨੇ ਸ਼ਰਾਬ ਸਮੱਗਲਰ ਲਈ ਇਹ ਵੈਪਨ ਖਰੀਦਿਆ ਸੀ। ਉਕਤ ਸ਼ਰਾਬ ਸਮੱਗਲਰ ਦਾ ਕੁਝ ਦਿਨਾਂ ਤੋਂ ਆਪਣੇ ਵਿਰੋਧੀ ਪੱਖ ਨਾਲ ਝਗੜਾ ਚੱਲ ਰਿਹਾ ਸੀ, ਜਿਸ ਦੀ ਗਾਲ੍ਹਾਂ ਕੱਢਣ ਦੀ ਆਡੀਓ ਵੀ ਵਾਇਰਲ ਹੋਈ ਸੀ ਅਤੇ ਜਿਸ ਕਾਰਨ ਉਸ ਨੇ ਖੁਦ ਦੇ ਸੈਲਫ ਡਿਫੈਂਸ ਲਈ ਵਰੁਣ ਪੰਡਿਤ ਅਤੇ ਪ੍ਰਭਜੋਤ ਤੋਂ ਵੈਪਨ ਮੰਗਵਾਇਆ ਸੀ। ਪੁਲਸ ਨੇ ਉਕਤ ਸ਼ਰਾਬ ਸਮੱਗਲਰ ਨੂੰ ਕਾਫ਼ੀ ਸਮੇਂ ਤੋਂ ਆਪਣੀ ਕਸਟਡੀ 'ਚ ਰੱਖਿਆ ਪਰ ਪੁਲਸ ਵਲੋਂ ਅਜਿਹੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਬਰਥ-ਡੇ ਪਾਰਟੀ ਦੌਰਾਨ ਚੱਲੀਆਂ ਗੋਲੀਆਂ ਦੇ ਮਾਮਲੇ 'ਚ ਕਈ ਰਾਊਂਡਅਪ
ਕਾਲਾ ਬੱਕਰਾ 'ਚ ਬਦਮਾਸ਼ ਘੋਨਾ ਦੀ ਬਰਥ-ਡੇ ਪਾਰਟੀ 'ਚ ਚੱਲੀਆਂ ਗੋਲੀਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੀ. ਆਈ. ਏ. ਸਟਾਫ-1 ਨੇ ਕਈ ਨੌਜਵਾਨਾਂ ਨੂੰ ਰਾਊਂਡਅਪ ਕੀਤਾ ਹੈ। ਪੁਲਸ ਨੇ ਇਕ ਲਾਇਸੈਂਸੀ ਵੈਪਨ ਵੀ ਕਬਜ਼ੇ 'ਚ ਲਿਆ ਹੈ। ਵੀਡੀਓ 'ਚ ਆਏ ਜਿਨ੍ਹਾਂ-ਜਿਨ੍ਹਾਂ ਲੋਕਾਂ ਦੀ ਪਛਾਣ ਹੋ ਰਹੀ ਹੈ ਪੁਲਸ ਉਨ੍ਹਾਂ ਨੂੰ ਜਾਂਚ 'ਚ ਸ਼ਾਮਲ ਕਰ ਰਹੀ ਹੈ।

ਵਰੁਣ ਦੇ ਸਾਥੀਆਂ ਕੋਲ ਵੀ ਵੈਪਨ ਹੋਣ ਦੀ ਸੂਚਨਾ
ਸੂਚਨਾ ਮਿਲੀ ਹੈ ਕਿ ਵਰੁਣ ਦੇ ਕੁਝ ਕਰੀਬੀ ਨੌਜਵਾਨਾਂ ਦੇ ਕੋਲ ਵੀ ਨਾਜਾਇਜ਼ ਵੈਪਨ ਹਨ। ਸਾਰੇ ਵੈਪਨ ਦਿੱਲੀ ਤੋਂ ਮੰਗਵਾਏ ਗਏ ਹਨ। ਵਰੁਣ ਦੇ ਪਿਤਾ ਵਿਰਦੀ ਕਾਲੋਨੀ 'ਚ ਸਥਿਤ ਇਕ ਮੰਦਰ ਦੇ ਸੰਚਾਲਕ ਹਨ ਅਤੇ ਉਹ ਜੋਤਿਸ਼ੀ ਵੀ ਹਨ, ਜਦਕਿ ਪ੍ਰਭਜੋਤ ਦੇ ਪਿਤਾ ਹੈਂਡ ਟੂਲਸ ਫੈਕਟਰੀ ਚਲਾਉਂਦੇ ਸਨ, ਜਿਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਪ੍ਰਭਜੋਤ ਆਪਣੇ ਭਰਾ ਦੇ ਨਾਲ ਫੈਕਟਰੀ ਦਾ ਕੰਮ ਦੇਖਦਾ ਹੈ। ਵਰੁਣ ਦੀ ਉਮਰ 24 ਸਾਲ ਹੈ, ਜਦੋਂਕਿ ਪ੍ਰਭਜੋਤ ਦੀ ਉਮਰ 23 ਸਾਲ ਹੈ। ਦੋਵਾਂ ਦੇ ਸਾਥੀਆਂ ਦੇ ਬਾਰੇ ਵੀ ਪੁਲਸ ਪਤਾ ਲਗਵਾ ਰਹੀ ਹੈ।


author

shivani attri

Content Editor

Related News