ਨਸ਼ੇੜੀਆਂ ਦੀ ਸ਼ਰਣਗਾਹ ਬਣੇ ਰੇਲਵੇ ਦੇ 14 ਕੰਡਮ ਕੁਆਰਟਰ ਤੋੜੇ

01/19/2020 2:56:35 PM

ਜਲੰਧਰ (ਗੁਲਸ਼ਨ)— ਬਸ਼ੀਰਪੁਰਾ ਫਾਟਕ ਦੇ ਕੋਲ ਸਥਿਤ ਰੇਲਵੇ ਦੇ ਕੰਡਮ ਕੁਆਰਟਰ ਨਸ਼ੇੜੀਆਂ ਦੀ ਸ਼ਰਣਗਾਹ ਬਣੇ ਹੋਏ ਸਨ। ਪੁਲਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਨ੍ਹਾਂ ਬੰਦ ਪਏ ਕੁਆਰਟਰਾਂ ਵਿਚ ਨਸ਼ੇੜੀ ਕਿਸਮ ਦੇ ਲੋਕ ਸ਼ਰੇਆਮ ਨਸ਼ਾ ਕਰਦੇ ਹਨ ਅਤੇ ਇੰਜੈਕਸ਼ਨ ਲਾਉਂਦੇ ਹਨ। ਇਸ ਤੋਂ ਇਲਾਵਾ ਕੁਝ ਨਾਜਾਇਜ਼ ਸ਼ਰਾਬ ਸਮੱਗਲਰ ਵੀ ਇਨ੍ਹਾਂ ਕੁਆਰਟਰਾਂ ਦੀ ਵਰਤੋਂ ਕਰਦੇ ਹਨ, ਕਿਉਂਕਿ ਇਹ ਉਨ੍ਹਾਂ ਲਈ ਕਾਫੀ ਸੇਫ ਥਾਂ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਨਾਰਦਰਨ ਰੇਲਵੇ ਦੇ ਜੀ. ਐੱਮ. ਟੀ. ਪੀ. ਸਿੰਘ ਨੇ ਇਨ੍ਹਾਂ ਕੁਆਰਟਰਾਂ ਨੂੰ ਤੋੜਨ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਰੇਲਵੇ ਦੇ ਇੰਜੀਨੀਅਰਿੰਗ ਵਿਭਾਗ ਵੱਲੋਂ ਬਸ਼ੀਰਪੁਰਾ ਫਾਟਕ ਦੇ ਕੋਲ ਰੇਲਵੇ ਦੇ 14 ਕੰਡਮ ਕੁਆਰਟਰਾਂ ਨੂੰ ਡਿੱਚ ਮਸ਼ੀਨਾਂ ਨਾਲ ਤੋੜ ਦਿੱਤਾ ਗਿਆ। ਇੰਜੀਨੀਅਰਿੰਗ ਵਿਭਾਗ ਦੇ ਆਈ. ਓ. ਡਬਲਿਊ. ਐੱਮ. ਪੀ. ਸਿੰਘ ਨੇ ਕਿਹਾ ਕਿ ਜਲਦੀ ਹੀ ਹੋਰ ਕੰਡਮ ਕੁਆਰਟਰ ਵੀ ਤੋੜ ਦਿੱਤੇ ਜਾਣਗੇ।

ਰੇਲਵੇ ਕਾਲੋਨੀ ਵਿਚ ਸਥਿਤ ਜ਼ਿਆਦਾਤਰ ਰੇਲਵੇ ਕੁਆਰਟਰਾਂ ਦੀ ਹਾਲਤ ਖਸਤਾ ਹੋਣ ਕਾਰਣ ਉਨ੍ਹਾਂ ਦੀ ਰਿਪੇਅਰ ਹੋਣੀ ਵੀ ਮੁਸ਼ਕਲ ਸੀ। ਜਿਸ ਕਾਰਨ ਕਰਮਚਾਰੀ ਰੇਲਵੇ ਕੁਆਰਟਰਾਂ ਦੀ ਥਾਂ ਪ੍ਰਾਈਵੇਟ ਥਾਵਾਂ 'ਤੇ ਰਹਿਣ ਨੂੰ ਤਰਜੀਹ ਦੇ ਰਹੇ ਹਨ। ਦੂਜੇ ਪਾਸੇ ਰੇਲਵੇ ਕੁਆਰਟਰਾਂ ਦਾ ਕਿਰਾਇਆ ਵੀ ਕਾਫੀ ਜ਼ਿਆਦਾ ਹੈ। ਕੁਝ ਰੇਲਵੇ ਮੁਲਾਜ਼ਮਾਂ ਨੇ ਤਾਂ ਰੇਲਵੇ ਦੇ ਨੇੜੇ ਪੈਂਦੇ ਇਲਾਕਿਆਂ ਬਸ਼ੀਰਪੁਰਾ, ਕਮਲ ਵਿਹਾਰ, ਠਾਕੁਰ ਸਿੰਘ ਕਾਲੋਨੀ, ਗੁਰੂ ਨਾਨਕਪੁਰਾ ਆਦਿ ਇਲਾਕਿਆਂ 'ਚ ਆਪਣੇ ਮਕਾਨ ਵੀ ਬਣਾ ਲਏ ਹਨ।

ਰੇਲਵੇ ਕਾਲੋਨੀਆਂ ਨੂੰ ਖਤਮ ਕਰਨ ਦੀ ਯੋਜਨਾ
ਰੇਲਵੇ ਵਿਭਾਗ ਵੱਲੋਂ ਹੁਣ ਰੇਲਵੇ ਕਾਲੋਨੀਆਂ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਕੰਡਮ ਹੋ ਚੁੱਕੇ ਕੁਆਰਟਰਾਂ ਨੂੰ ਨਵੇਂ ਸਿਰੇ ਤੋਂ ਬਣਾਉਣ 'ਚ ਕਰੋੜਾਂ ਰੁਪਏ ਦੀ ਲਾਗਤ ਆਵੇਗੀ। ਇਸ ਲਈ ਰੇਲਵੇ ਸਿਰਫ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੁਆਰਟਰ/ਕੋਠੀ ਉਪਲਬਧ ਕਰਵਾਏਗਾ, ਜਿਨ੍ਹਾਂ ਦਾ ਸਟੇਸ਼ਨ ਦੇ ਨੇੜੇ-ਤੇੜੇ ਰਹਿਣਾ ਜ਼ਰੂਰੀ ਹੈ। ਬਾਕੀ ਕਰਮਚਾਰੀਆਂ ਨੂੰ ਦੂਜੀ ਥਾਂ ਰਹਿਣ ਜਾਂ ਆਪਣਾ ਮਕਾਨ ਬਣਾਉਣ ਲਈ ਮੋਟੀਵੇਟ ਕੀਤਾ ਜਾਵੇਗਾ।


shivani attri

Content Editor

Related News