ਨਵੀਂ ਨਹੀਂ ਅਮਰੀਕਾ ਤੇ ਉੱਤਰ ਕੋਰੀਆ ਦੀ ਲੜਾਈ, ਹੈ 70 ਸਾਲ ਪੁਰਾਣਾ ਇਤਿਹਾਸ

Friday, Jan 12, 2018 - 11:10 PM (IST)

ਨਵੀਂ ਦਿੱਲੀ— ਅੱਜ ਦੇ ਸਮੇਂ 'ਚ ਉੱਤਰ ਕੋਰੀਆ ਤੇ ਅਮਰੀਕਾ ਦੁਸ਼ਮਣੀ ਤੋਂ ਹਰ ਕੋਈ ਜਾਣੂ ਹੈ ਪਰ ਕੀ ਕਿਸੇ ਨੂੰ ਪਤਾ ਹੈ ਕਿ ਇੰਨਾਂ ਦੀ ਦੁਸ਼ਮਣੀ ਅੱਜ ਦੀ ਨਹੀਂ ਬਲਕਿ 70 ਸਾਲ ਪੁਰਾਣੀ ਹੈ। 70 ਸਾਲ ਪਹਿਲਾਂ ਦੱਖਣੀ ਕੋਰੀਆ ਤੇ ਉੱਤਰੀ ਕੋਰੀਆ ਇਕ ਹੀ ਸਨ ਪਰ ਇਸ ਤੋਂ ਬਾਅਦ ਕੋਰੀਆ ਦੇ ਦੋ ਟੁਕੜੇ ਹੋ ਗਏ। ਇਕ ਟੁਕੜਾ ਬਣਿਆ ਉੱਤਰ ਕੋਰੀਆ ਤੇ ਦੂਜਾ ਦੱਖਣੀ ਕੋਰੀਆ। ਵੰਡ ਤੋਂ ਬਾਅਦ ਦੱਖਣੀ ਕੋਰੀਆ ਤਾਂ ਸ਼ਾਂਤ ਰਿਹਾ ਤੇ ਕੁਝ ਚਿਰ ਬਾਅਦ ਹੀ ਉਸ ਨੇ ਲੋਕਤੰਤਰ ਦਾ ਰਾਹ ਅਪਣਾ ਲਿਆ ਪਰ ਕੀ ਤੁਹਾਨੂੰ ਪਤਾ ਹੈ ਕਿ ਉੱਤਰ ਕੋਰੀਆ 'ਚ ਅਜਿਹਾ ਕੀ ਹੋਇਆ ਕਿ ਉਹ ਬੰਬਬਾਜ਼ ਬਣ ਗਿਆ। ਦੱਖਣੀ ਕੋਰੀਆ ਦੇ ਨਾਲ ਉਸ ਦੀ ਦੁਸ਼ਮਣੀ ਫਿਰ ਵੀ ਸਮਝੀ ਜਾ ਸਕਦੀ ਹੈ ਪਰ ਅਮਰੀਕਾ ਨਾਲ ਉਸ ਦੀ ਅਜਿਹੀ ਕੀ ਦੁਸ਼ਮਣੀ ਹੈ।
ਨਫਰਤਾਂ ਦੀ ਸਰਹੱਦ
ਦੁਨੀਆ ਦੇ ਨਕਸ਼ੇ 'ਤੇ ਅੱਜ ਜੋ ਦੋ ਮੁਲਕ ਨਜ਼ਰ ਆਉਂਦੇ ਹਨ, ਉਹ ਕਦੇ ਇਕ ਹੀ ਸਨ ਪਰ ਨਫਰਤ ਦੀ ਬੁਨਿਆਦ 'ਤੇ ਖਿੱਚੀ ਗਈ ਲਕੀਰ ਨੇ ਦੇਖਦੇ ਹੀ ਦੇਖਦੇ ਖਤਰਨਾਕ ਬਾਰਡਰ ਬਣ ਗਿਆ। ਇਸੇ ਸਰਹੱਦ ਨੇ ਬੀਤੇ 70 ਸਾਲਾਂ 'ਚ ਕਿੰਨੇ ਹੀ ਮਾਸੂਮਾਂ ਦੀ ਜਾਨ ਲਈ ਹੈ।
ਕੋਰੀਆ ਦੀ ਦਾਸਤਾਨ
ਕੋਰੀਆ ਦੀ ਦਾਸਤਾਨ ਸ਼ੁਰੂ ਹੁੰਦੀ ਹੈ ਸਿਲਾ ਰਾਜਵੰਸ਼ ਦੇ ਦੌਰ ਤੋਂ। ਤਕਰੀਬਨ 900 ਸਾਲ ਦੇ ਸਿਲਾ ਸ਼ਾਸਨ 'ਚ ਕੋਰੀਆ ਚੀਨ ਤੇ ਜਪਾਨ ਤੋਂ ਵੱਖ ਦੁਨੀਆ ਦੇ ਨਕਸ਼ੇ 'ਤੇ ਇਕ ਮਜ਼ਬੂਤ ਪਛਾਣ ਰੱਖਦਾ ਸੀ। ਪਰ 20ਵੀਂ ਸਦੀ ਆਉਂਦੇ-ਆਉਂਦੇ ਰਾਜਵੰਸ਼ ਦੀ ਪਕੜ ਕੋਰੀਆ ਤੋਂ ਕਮਜ਼ੋਰ ਪੈਣ ਲੱਗ ਗਈ।
1910 'ਚ ਜਪਾਨ ਨੇ ਕੀਤਾ ਕਬਜ਼ਾ
ਕੋਰੀਆਈ ਟਾਪੂ 'ਚ ਕਰੀਬ ਡੇਢ ਦਿਹਾਕੇ ਦੇ ਦਬਦਬੇ ਤੋਂ ਬਾਅਦ ਜਪਾਨ ਨੇ ਸਾਲ 1910 'ਚ ਸਿਲਾ ਰਾਜਵੰਸ਼ 'ਤੇ ਕਬਜ਼ਾ ਕਰ ਲਿਆ ਪਰ ਜਪਾਨ ਦੇ ਕਬਜ਼ੇ ਦੇ ਨਾਲ ਹੀ ਇਸ ਦੇਸ਼ 'ਚ ਵਿਧਰੋਹ ਭੜਕ ਗਿਆ। ਕੋਰੀਆਈ ਲੋਕਾਂ ਨੇ ਆਜ਼ਾਦੀ ਲਈ ਕਈ ਵਿਧਰੋਹੀ ਸੰਗਠਨ ਬਣਾਏ ਤੇ ਕੁਝ ਸੰਗਠਨਾਂ ਨੂੰ ਅਮਰੀਕਾ ਦਾ ਸਮਰਥਨ ਵੀ ਹਾਸਲ ਸੀ। ਚੀਨੀ ਕਮਿਊਨਿਸਟਾਂ ਦੇ ਨਾਲ ਮਿਲ ਕੇ ਵਿਧਰੋਹੀ ਕਿਮ ਸੰਗ ਇਲ ਨੇ ਇਕ ਗੋਰੀਲਾ ਫੌਜ ਬਣਾਈ, ਜੋ ਕਿ ਜਪਾਨ ਨਾਲ ਮੁਕਾਬਲਾ ਕਰ ਰਹੀ ਸੀ।
1945 'ਚ ਮਿਲੀ ਜਪਾਨ ਤੋਂ ਆਜ਼ਾਦੀ
ਉੱਧਰ 1939 ਤੋਂ 1945 ਤੱਕ ਚੱਲੇ ਦੂਜੇ ਵਿਸ਼ਵ ਯੁੱਧ 'ਚ ਅਮਰੀਕੀ ਦੁਸ਼ਮਣੀ ਜਪਾਨੀਆਂ ਨੂੰ ਭਾਰੀ ਪਈ ਤੇ ਇਸ ਜੰਗ 'ਚ ਉਹ ਬੁਰੀ ਤਰ੍ਹਾਂ ਹਾਰ ਗਿਆ। ਇਸ ਦੇ ਨਾਲ ਹੀ 36 ਸਾਲ ਦੀ ਗੁਲਾਮੀ ਤੋਂ ਕੋਰੀਆ ਆਜ਼ਾਦ ਹੋ ਗਿਆ ਪਰ ਉਦੋਂ ਤੱਕ ਜੰਗ ਦੇ ਬੱਦਲ ਛਟੇ ਨਹੀਂ ਸੀ। ਪੂਰੀ ਦੁਨੀਆ ਉਦੋਂ ਦੋ ਗੁੱਟਾਂ 'ਚ ਵੰਡ ਹੋ ਗਈ ਸੀ। ਇਕ ਅਮਰੀਕੀ ਗੁੱਟ ਤੇ ਦੂਜਾ ਸੋਵਿਅਤ ਗੁੱਟ ਤੇ ਕੋਰੀਆਈ ਵਿਧਰੋਹੀ ਵੀ ਇਸ ਤੋਂ ਅਣਛੁਹੇ ਨਹੀਂ ਰਹੇ।
ਆਜ਼ਾਦੀ ਤੋਂ ਬਾਅਦ ਕੋਰੀਆ ਦੇ ਹੋਏ ਦੋ ਟੁਕੜੇ
ਜਪਾਨ ਤੋਂ ਕੋਰੀਆ ਨੂੰ ਆਜ਼ਾਦੀ ਤਾਂ ਮਿਲ ਗਈ ਪਰ ਆਜ਼ਾਦੀ ਤੋਂ ਬਾਅਦ ਕੋਰੀਆ 'ਚ ਗ੍ਰਹਿ ਯੁੱਧ ਵਾਲੇ ਹਾਲਾਤ ਬਣ ਗਏ। ਆਜ਼ਾਦੀ ਦੇ ਲਈ ਬਣੇ ਗੁੱਟ ਦੇ ਦੋ ਵੱਖਰੇ ਪਾਵਰ ਸੈਂਟਰ ਬਣ ਗਏ। ਕੋਰੀਆ ਦੇ ਉੱਤਰੀ ਹਿੱਸੇ 'ਤੇ ਕਬਜ਼ਾ ਜਮਾਏ ਕਿਮ ਇਲ ਸੰਗ ਦੇ ਸੰਘ ਨੂੰ ਸੋਵਿਅਤ ਦਾ ਸਮਰਥਨ ਹਾਸਲ ਸੀ ਤੇ ਦੱਖਣੀ ਹਿੱਸੇ 'ਤੇ ਕਬਜ਼ਾ ਜਮਾ ਕੇ ਬੈਠੇ ਕਮਿਊਨਿਸਟ ਵਿਰੋਧੀ ਨੇਤਾ ਸਿਗਮਨ ਰੀ ਦੇ ਗੁੱਟ ਨੂੰ ਅਮਰੀਕਾ ਦਾ ਸਮਰਥਨ ਹਾਸਲ ਸੀ। ਇਸ ਤੋਂ ਬਾਅਦ ਅਜਿਹੇ ਹਾਲਾਤ ਬਣੇ ਕਿ ਦੋਵਾਂ ਦੇ ਇਲਾਕਿਆਂ ਨੂੰ ਧਿਆਨ 'ਚ ਰੱਖਦਿਆਂ ਕੋਰੀਆ ਦੇ ਦੋ ਟੁਕੜੇ ਕਰ ਦਿੱਤੇ ਗਏ। ਵੰਡ ਤੋਂ ਬਾਅਦ ਇਕ ਟੁਕੜਾ ਬਣਿਆ ਉੱਤਰ ਕੋਰੀਆ ਤੇ ਦੂਜਾ ਬਣਿਆ ਦੱਖਣੀ ਕੋਰੀਆ।
15 ਅਗਸਤ 1948: ਵੰਡ ਤੋਂ ਬਾਅਦ ਵਿਵਾਦ
ਪਰ ਵੰਡ ਤੋਂ ਬਾਅਦ ਇਹ ਵਿਵਾਦ ਤਾਂ ਸਿਰਫ ਸ਼ੁਰੂ ਹੀ ਹੋਇਆ ਸੀ। ਜਪਾਨ ਤੋਂ ਆਜ਼ਾਦੀ ਤੋਂ ਬਾਅਦ 1947 'ਚ ਅਮਰੀਕਾ ਨੇ ਸੰਯੁਕਤ ਰਾਸ਼ਟਰ ਦੇ ਰਾਹੀਂ ਕੋਰੀਆ ਨੂੰ ਦੁਬਾਰਾ ਇਕ ਰਾਸ਼ਟਰ ਬਣਾਉਣ ਦੀ ਪਹਿਲ ਕੀਤੀ। ਇਸ ਦੇ ਨਾਲ ਹੀ ਸਿਗਮਨ ਰੀ ਨੇ ਪੂਰੇ ਕੋਰੀਆ 'ਤੇ ਕਬਜ਼ਾ ਕਰਦੇ ਹੋਏ ਸਿਓਲ 'ਚ ਰਿਪਲਲਿਕਨ ਆਫ ਕੋਰੀਆ ਦੇ ਗਠਨ ਦਾ ਐਲਾਨ ਕਰ ਦਿੱਤਾ। ਪਰ ਇਸ ਤੋਂ ਸਿਰਫ 25 ਦਿਨ ਬਾਅਦ ਕਿਮ ਇਲ ਸੰਗ ਨੇ ਵੀ ਪਿਓਂਗਯਾਂਗ 'ਚ ਡੈਮੋਕ੍ਰੇਟਿਕ ਪੀਪਲਸ ਰੀਪਬਲਿਕ ਆਫ ਕੋਰੀਆ ਦੇ ਗਠਨ ਦਾ ਐਲਾਨ ਕਰ ਪੂਰੇ ਕੋਰੀਆ 'ਤੇ ਆਪਣੇ ਅਧਿਕਾਰ ਦਾ ਐਲਾਨ ਕਰ ਦਿੱਤਾ। ਵੰਡ ਦੇ ਬਾਵਜੂਦ ਵੀ ਦੋਵਾਂ ਵਿਚਾਲੇ ਫੌਜੀ ਤੇ ਸਿਆਸੀ ਲੜਾਈ ਜਾਰੀ ਰਹੀ।
25 ਜੂਨ 1950: ਦੱਖਣ ਕੋਰੀਆ 'ਤੇ ਹਮਲਾ
ਕੋਰੀਆ 'ਤੇ ਅਧਿਕਾਰ ਨੂੰ ਲੈ ਕੇ ਅਜੇ ਵੀ ਵਿਵਾਦ ਜਾਰੀ ਸੀ ਕਿ ਤਦੇ 25 ਜੂਨ 1950 ਨੂੰ ਉੱਤਰ ਕੋਰੀਆ ਦੇ ਸ਼ਾਸਕ ਕਿਮ ਇਲ ਸੰਗ ਨੇ ਚੀਨ ਤੇ ਸੋਵੀਅਤ ਸੰਘ ਦੀ ਮਦਦ ਨਾਲ ਦੱਖਣੀ ਕੋਰੀਆ 'ਤੇ ਹਮਲਾ ਕਰ ਦਿੱਤਾ ਤੋ ਇਥੋਂ ਸ਼ੁਰੂ ਹੋਇਆ ਕੋਰੀਆਈ ਯੁੱਧ। ਇਸ ਯੁੱਧ 'ਚ ਸੋਵੀਅਤ ਸੰਘ ਉੱਤਰ ਕੋਰੀਆ ਦੇ ਵੱਲ ਸੀ ਤੇ ਅਮਰੀਕਾ ਦੱਖਣ ਕੋਰੀਆ ਦੇ ਵੱਲ। ਤਿੰਨ ਸਾਲ ਤੱਕ ਜੰਗ ਚੱਲੀ, ਜਿਸ 'ਚ ਲੱਖਾਂ ਲੋਕ ਮਾਰੇ ਗਏ।
27 ਜੁਲਾਈ 1953: ਜੰਗਬੰਦੀ ਦਾ ਐਲਾਨ
ਤਿੰਨ ਸਾਲ ਦੀ ਇਸ ਲੜਾਈ ਤੋਂ ਬਾਅਦ ਅਖੀਰ ਕਈ ਦੇਸ਼ਾਂ ਦੀ ਦਖਲ ਤੋਂ ਬਾਅਦ 27 ਜੁਲਾਈ 1953 'ਚ ਦੋਵਾਂ ਦੇਸ਼ਾਂ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ। ਪਰ ਇਸ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਕਿਹਾ, ਜੋ ਕਿ ਅੱਜ ਵੀ ਜਾਰੀ ਹੈ। ਦੋਵਾਂ ਦੇਸ਼ਾਂ ਦੀ ਸਰਹੱਦ 'ਤੇ ਬਿਨਾਂ ਫੌਜੀ ਗਸ਼ਤ ਵਾਲੀ ਸਿਰਫ ਢਾਈ ਮੀਲ ਦੇ ਤਾਰਬੰਦੀ ਦੋਵਾਂ ਦੇਸ਼ਾਂ ਨੂੰ ਵੱਖ ਕਰਦੀ ਹੈ। ਪਰ ਬਾਵਜੂਦ ਇਸ ਦੇ ਇਸ ਸਰਹੱਦ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਸਰਹੱਦ ਵਜੋਂ ਜਾਣਿਆ ਜਾਂਦਾ ਹੈ।


Related News