ਫ਼ਿਲਮ ''83'' ਦਿੱਲੀ ''ਚ ਹੋਈ ਟੈਕਸ ਫ੍ਰੀ, ਕਬੀਰ ਖ਼ਾਨ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦਾ ਕੀਤਾ ਧੰਨਵਾਦ
Wednesday, Dec 22, 2021 - 01:13 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਸਿੰਘ, ਦੀਪਿਕਾ ਪਾਦੂਕੌਣ, ਐਮੀ ਵਿਰਕ ਤੇ ਹਾਰਡੀ ਸੰਧੂ ਸਟਾਰਰ ਫ਼ਿਲਮ '83' ਦੀ ਰਿਲੀਜ਼ਿੰਗ ਨੂੰ ਲੈ ਕੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਹਾਲ ਹੀ 'ਚ ਖ਼ਬਰ ਆਈ ਹੈ ਕਿ ਫ਼ਿਲਮ '83' ਨੂੰ ਦਿੱਲੀ 'ਚ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਹੁਣ ਰਾਜਧਾਨੀ ਦੇ ਲੋਕ ਅਸਾਨੀ ਨਾਲ ਇਹ ਫ਼ਿਲਮ ਵੇਖ ਸਕਣਗੇ ਅਤੇ ਇਸ ਲਈ ਉਨ੍ਹਾਂ ਨੂੰ ਸਿਰਫ਼ ਟਿਕਟ ਦੇ ਹੀ ਪੈਸੇ ਖਰਚਣੇ ਪੈਣਗੇ। ਦਰਅਸਲ, ਦਿੱਲੀ ਸਰਕਾਰ ਵੱਲੋਂ ਫ਼ਿਲਮ '83' ਨੂੰ ਰਾਜਧਾਨੀ 'ਚ ਟੈਕਸ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਦਿੱਲੀ ਸਰਕਾਰ ਵੱਲੋਂ ਇਸ ਫ਼ਿਲਮ ਨੂੰ ਟੈਕਸ ਫ੍ਰੀ ਕੀਤੇ ਜਾਣ ਨੂੰ ਲੈ ਕੇ ਕਬੀਰ ਖ਼ਾਨ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ। ਨਿਰਦੇਸ਼ਕ ਕਬੀਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਧੰਨਵਾਦ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਜੀ। ਇਹ ਤੁਹਾਡੀ ਮਹਾਨਤਾ ਹੈ, ਤੁਹਾਡਾ ਇਹ ਕਦਮ ਭਾਰਤ ਦੀ ਇਤਿਹਾਸਕ ਜਿੱਤ ਨੂੰ ਹਰ ਭਾਰਤੀ ਤੱਕ ਪਹੁੰਚਾਉਣ 'ਚ ਸਾਡੀ ਮਦਦ ਕਰੇਗਾ।''
ਦੱਸ ਦਈਏ ਕਿ ਫ਼ਿਲਮ '83' 24 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਰਣਬੀਰ ਸਿੰਘ ਨੂੰ ਕਪਿਲ ਦੇਵ ਵਾਂਗ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਹੈ। ਫ਼ਿਲਮ ਦਾ ਟਰੇਲਰ ਰਿਲੀਜ਼ ਹੋਣ ਮਗਰੋਂ ਦਰਸ਼ਕ ਰਣਬੀਰ ਸਿੰਘ ਦੀ ਅਦਾਕਾਰੀ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ ਤੇ ਉਹ ਜਲਦ ਹੀ ਇਸ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ।
ਦੱਸਣਯੋਗ ਹੈ ਕਿ ਫ਼ਿਲਮ '83' ਇੱਕ ਸਪੋਰਟਸ ਡਰਾਮਾ 'ਤੇ ਅਧਾਰਿਤ ਹੈ। ਇਹ ਫ਼ਿਲਮ ਸਾਲ 1983 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦੀ ਅਗਵਾਈ 'ਚ ਹੋਏ ਵਿਸ਼ਵ ਕੱਪ ਹਾਸਲ ਕਰਨ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦੀ ਹੈ। ਇਸ ਫ਼ਿਲਮ ਨੂੰ ਕਬੀਰ ਖ਼ਾਨ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ 'ਚ ਕਪਿਲ ਦੇਵ ਦੇ ਕਿਰਦਾਰ 'ਚ ਰਣਬੀਰ ਸਿੰਘ ਤੇ ਦੀਪਿਕਾ ਪਾਦੂਕੌਣ ਮੁੱਖ ਭੂਮਿਕਾ ਨਿਭਾ ਰਹੇ ਹਨ। ਦੀਪਿਕਾ ਪਾਦੂਕੌਣ ਫ਼ਿਲਮ 'ਚ ਕਪਿਲ ਦੇਵ ਦੀ ਪਤਨੀ ਰੋਮੀ ਦਾ ਕਿਰਦਾਰ ਨਿਭਾ ਰਹੀ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਫ਼ਿਲਮ 'ਚ ਸਾਕਿਬ ਸਲੀਮ, ਸਾਹਿਲ ਚੱਢਾ, ਤਾਹਿਰ ਰਾਜ ਭਸੀਨ, ਹਾਰਡੀ ਸੰਧੂ, ਐਮੀ ਵਿਰਕ, ਜੀਵਾ, ਜਤਿਨ ਸਰਨਾ, ਚਿਰਾਗ ਪਾਟਿਲ, ਆਦਿਨਾਥ ਕੋਠਾਰੇ, ਨੀਨਾ ਗੁਪਤਾ, ਪੰਕਜ ਤ੍ਰਿਪਾਠੀ, ਦਿਨਕਰ ਸ਼ਰਮਾ, ਧੀਰਿਆ ਕਰਾ ਅਹਿਮ ਭੂਮਿਕਾ 'ਚ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।