ਸਤਲੁਜ ਪੁਲ ਦੀ ਮੁਰੰਮਤ ਲਈ ਜੇ ਫੰਡ ਨਹੀਂ ਤਾਂ ਕੇਂਦਰ ਦੇਣ ਨੂੰ ਤਿਆਰ: ਸਤਨਾਮ ਸੰਧੂ

Wednesday, Oct 07, 2026 - 06:12 PM (IST)

ਸਤਲੁਜ ਪੁਲ ਦੀ ਮੁਰੰਮਤ ਲਈ ਜੇ ਫੰਡ ਨਹੀਂ ਤਾਂ ਕੇਂਦਰ ਦੇਣ ਨੂੰ ਤਿਆਰ: ਸਤਨਾਮ ਸੰਧੂ

ਮਾਛੀਵਾੜਾ ਸਾਹਿਬ (ਟੱਕਰ) : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਲੋਂ ਅੱਜ ਮਾਲਵੇ ਤੇ ਦੋਆਬੇ ਨੂੰ ਜੋੜਦੇ ਸਤਲੁਜ ਦਰਿਆ ’ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਖਸਤਾ ਹਾਲਤ ਤੇ ਧਸੀ ਹੋਈ ਸਲੈਬ ਦਾ ਜਾਇਜ਼ਾ ਲਿਆ। ਹਲਕਾ ਸਮਰਾਲਾ ਤੋਂ ਭਾਜਪਾ ਦੇ ਸੀਨੀਅਰ ਆਗੂ ਨੀਸ਼ੂ ਸ਼ਰਮਾ ਵਲੋਂ ਲੋਕ ਸਮੱਸਿਆ ਵਾਲਾ ਇਹ ਮੁੱਦਾ ਰਾਜ ਸਭਾ ਮੈਂਬਰ ਦੇ ਧਿਆਨ ਵਿਚ ਲਿਆਂਦਾ ਗਿਆ ਜਿਸ ਤੋਂ ਬਾਅਦ ਉਹ ਅੱਜ ਇੱਥੇ ਦੌਰਾ ਕਰਨ ਪੁੱਜੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਵਲੋਂ ਫੋਕੀ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਸਰਕਾਰੀ ਖਰਚ ’ਤੇ ਵੱਡੇ-ਵੱਡੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਪਰ ਲੋਕਾਂ ਦੀ ਸਮੱਸਿਆਵਾਂ ਦੇ ਹੱਲ ਅਤੇ ਇਸ ਪੁਲ ਦੀ ਮੁਰੰਮਤ ਕਰਵਾਉਣ ਦੇ ਕੋਈ ਯਤਨ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸੜਕਾਂ ’ਤੇ ਲੱਗੇ ਬੋਰਡਾਂ ਦੇ ਵਿਕਾਸ ਦੇ ਦਾਅਵੇ ਇਸ ਪੁਲ ਦੀ ਖਸਤਾ ਹਾਲਤ ਖੋਖਲੇ ਸਾਬਿਤ ਕਰ ਰਹੀ ਹੈ।

ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਇਸ ਪੁਲ ਨੂੰ ਮੁਰੰਮਤ ਕਰਨ ਦੀ ਬਜਾਏ ਲੋਕ ਨਿਰਮਾਣ ਵਿਭਾਗ ਵਲੋਂ ਵੱਡੇ-ਵੱਡੇ ਗਾਰਡਰ ਲਗਾ ਕੇ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਅੱਜ ਟਰੱਕ ਆਪ੍ਰੇਟਰ, ਬੱਸਾਂ ਰਾਹੀਂ ਆਉਣ-ਜਾਣ ਵਾਲੀਆਂ ਸਵਾਰੀਆਂ, ਸਕੂਲੀ ਬੱਚੇ, ਖੇਤੀਬਾੜੀ ਕਰਨ ਵਾਲੇ ਪੁਲ ਉਪਰੋਂ ਲੰਘਣ ਵਾਲੇ ਕਿਸਾਨ, ਖੰਨਾ ਤੋਂ ਨਵਾਂਸ਼ਹਿਰ ਤੱਕ ਹਜ਼ਾਰਾਂ ਦੁਕਾਨਦਾਰ ਪ੍ਰਭਾਵਿਤ ਹੋਏ ਹਨ। ਸਤਨਾਮ ਸਿੰਘ ਸੰਧੂ ਨੇ ਐਲਾਨ ਕੀਤਾ ਕਿ ਜੇਕਰ ਲੋਕ ਨਿਰਮਾਣ ਵਿਭਾਗ ਕੋਲ ਇਸ ਖਸਤਾ ਹਾਲਤ ਪੁਲ ਦੀ ਮੁਰੰਮਤ ਲਈ ਫੰਡ ਨਹੀਂ ਤਾਂ ਉਹ ਆਪਣੇ ਅਖਤਿਆਰੀ ਕੋਟੇ ਜਾਂ ਕੇਂਦਰ ਸਰਕਾਰ ਦੇ ਫੰਡ ’ਚੋਂ ਇਸ ਪੁਲ ਦੀ ਮੁਰੰਮਤ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਹੈ। ਇਸ ਮੌਕੇ ਉਨ੍ਹਾਂ ਨਾਲ ਬਲਰਾਜ ਕੁਮਾਰ, ਸੁੱਖੀ ਸ਼ਰਮਾ, ਸੰਜੀਵ ਲੀਹਲ, ਆਸ਼ੂ ਸ਼ਰਮਾ, ਵਿਕਾਸ ਮਿੱਤਲ, ਹਰਜਿੰਦਰ ਸਿੰਘ ਗੜ੍ਹੀ, ਡਾ. ਪ੍ਰਵੀਨ ਗੋਇਲ, ਅਜੈ ਬਾਂਸਲ ਵੀ ਹਾਜ਼ਰ ਸਨ।

ਦੇਸ਼ ਦੀ ਸੰਸਦ ਵਿਚ ਗੂੰਜੇਗਾ ਪੰਜਾਬ ਦੇ ਇਸ ਖਸਤਾ ਹਾਲਤ ਪੁਲ ਦਾ ਮਾਮਲਾ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਜਦੋਂ ਪੁਲ ਦੀ ਮੁਰੰਮਤ ਬਾਰੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਮੁਰੰਮਤ ਸਬੰਧੀ ਰੋਪੜ ਆਈ.ਟੀ. ਵਿੰਗ ਤੋਂ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਰਿਪੋਰਟ ਵਿਚ ਇਸ ਪੁਲ ਨੂੰ ਅਣਸੁਰੱਖਿਅਤ ਐਲਾਨ ਦਿੱਤਾ ਤਾਂ ਫਿਰ ਇਸ ਦੀ ਮੁਰੰਮਤ ਕਰਨ ਦੀ ਬਜਾਏ ਨਵਾਂ ਪੁਲ ਬਣਾਉਣਾ ਪਵੇਗਾ ਜਿਸ ਨੂੰ ਕਈ ਸਾਲ ਲੱਗ ਜਾਣਗੇ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਦੀ ਵੱਡੀ ਸਮੱਸਿਆ ਜਿਸ ਨੂੰ ‘ਆਪ’ ਸਰਕਾਰ 2 ਸਾਲਾਂ ਵਿਚ ਹੱਲ ਕਰਨ ਤੋਂ ਨਾਕਾਮ ਰਹੀ ਹੈ ਉਸ ਨੂੰ ਦੇਸ਼ ਦੀ ਸੰਸਦ ਵਿਚ ਉਠਾਉਣਗੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

ਭ੍ਰਿਸ਼ਟਾਚਾਰ ਕਾਰਨ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ’ਤੇ ਸੀ.ਬੀ.ਆਈ. ਛਾਪੇਮਾਰੀ ਹੋਈ

ਪੰਜਾਬ ਦੇ ਮੁੱਖ ਮੰਤਰੀ ਕੈਂਪ ਆਫਿਸ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੇ ਸੀ.ਬੀ.ਆਈ. ਦੀ ਛਾਪੇਮਾਰੀ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ ਖਿਲਾਫ਼ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਤਹਿਤ ਛਾਪੇਮਾਰੀ ਕੀਤੀ ਗਈ ਹੈ ਜਿਸ ਵਿਚ ਕੋਈ ਸਿਆਸਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ’ਤੇ ਦੂਸ਼ਣਬਾਜ਼ੀ ਕਰਨ ਦੀ ਬਜਾਏ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੀ.ਬੀ.ਆਈ. ਨੂੰ ਸਹਿਯੋਗ ਦੇਣਾ ਚਾਹੀਦਾ ਹੈ।


author

Gurminder Singh

Content Editor

Related News