ਪੰਜਾਬ 'ਚ ਇਸ ਵੱਡੇ ਪ੍ਰਾਜੈਕਟ ਨੂੰ ਕੇਂਦਰ ਦੀ ਮਨਜ਼ੂਰੀ, ਪੰਜਾਬੀਆਂ ਦੀ 40 ਸਾਲ ਪੁਰਾਣੀ ਮੰਗ ਹੋਈ ਪੂਰੀ

Thursday, Oct 01, 2026 - 01:48 PM (IST)

ਪੰਜਾਬ 'ਚ ਇਸ ਵੱਡੇ ਪ੍ਰਾਜੈਕਟ ਨੂੰ ਕੇਂਦਰ ਦੀ ਮਨਜ਼ੂਰੀ, ਪੰਜਾਬੀਆਂ ਦੀ 40 ਸਾਲ ਪੁਰਾਣੀ ਮੰਗ ਹੋਈ ਪੂਰੀ

ਖਰੜ (ਰਣਬੀਰ) : ਖਰੜ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਵਾਲੇ 'ਮਹਾਰਾਜਾ ਅੱਜ ਸਰੋਵਰ' ਦੇ ਕਾਇਆ-ਕਲਪ ਅਤੇ ਮੁੜ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ 93.94 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੇ ਜਾਣ ਨਾਲ ਪਿਛਲੇ ਲਗਭਗ 40 ਸਾਲਾਂ ਤੋਂ ਚੱਲ ਰਹੇ ਯਤਨਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਪ੍ਰਾਜੈਕਟ ਦੀ ਮਨਜ਼ੂਰੀ ਨਾਲ 'ਮਹਾਰਾਜਾ ਅੱਜ ਸਰੋਵਰ' ਨੂੰ ਧਾਰਮਿਕ, ਇਤਿਹਾਸਕ, ਸੱਭਿਆਚਾਰਕ ਅਤੇ ਸੈਰ-ਸਪਾਟਾ ਪੱਖੋਂ ਵਿਕਸਤ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਸ਼੍ਰੀ ਰਾਮ ਮੰਦਰ ਅੱਜ ਸਰੋਵਰ ਵਿਕਾਸ ਕਮੇਟੀ ਦੇ ਅਹੁਦੇਦਾਰਾਂ ਨੇ ਕੇਂਦਰ ਸਰਕਾਰ ਵੱਲੋਂ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੇ ਜਾਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਵਿਕਾਸ ਪ੍ਰਾਜੈਕਟ ਦੀ ਮਨਜ਼ੂਰੀ ਨਹੀਂ, ਸਗੋਂ ਖਰੜ ਵਾਸੀਆਂ ਦੇ ਚਾਰ ਦਹਾਕਿਆਂ ਦੇ ਸੰਘਰਸ਼, ਸੇਵਾ, ਸਮਰਪਣ ਅਤੇ ਆਸਥਾ ਦੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਇਤਿਹਾਸਕ ਸਰੋਵਰ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਅਤੇ ਪੰਜਾਬ ਦੇ ਪ੍ਰਮੁੱਖ ਪ੍ਰਵੇਸ਼ ਦੁਆਰ ਵਜੋਂ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ। ਉਨ੍ਹਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਯਤਨਾਂ ਨਾਲ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ 'ਚ ਮਹੱਤਵਪੂਰਨ ਮਦਦ ਮਿਲੀ। ਉਨ੍ਹਾਂ ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ 26 ਮਾਰਚ 2026 ਨੂੰ ਸ਼੍ਰੀ ਰਾਮ ਮੰਦਰ ਵਿੱਚ ਮੂਰਤੀ ਸਥਾਪਨਾ ਅਤੇ ਪ੍ਰਾਣ-ਪ੍ਰਤਿਸ਼ਠਾ ਸਮਾਗਮ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਇਸ ਮੌਕੇ ਸਰੋਵਰ ਦੇ ਵਿਕਾਸ ਲਈ ਲੋੜੀਂਦੇ ਯਤਨ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਤਿਆਰ ਕਰਕੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਨੂੰ ਭੇਜੀ ਗਈ। ਕਈ ਪੜਾਵਾਂ ਦੀ ਵਿਚਾਰ-ਵਟਾਂਦਰੇ ਅਤੇ ਕਾਰਵਾਈ ਤੋਂ ਬਾਅਦ ਹੁਣ ਇਸ ਪ੍ਰਾਜੈਕਟ ਨੂੰ ਅੰਤਿਮ ਮਨਜ਼ੂਰੀ ਮਿਲੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਬਿਜਲੀ ਖ਼ਪਤਕਾਰਾਂ ਨੂੰ ਅੱਜ ਤੋਂ ਭਾਰੀ ਰਿਆਇਤ, ਪਾਵਰਕਾਮ ਨੇ ਸ਼ੁਰੂ ਕੀਤੀ ਨਵੀਂ ਯੋਜਨਾ

133 ਕਨਾਲ 'ਚ ਫੈਲਿਆ ਹੈ ਇਤਿਹਾਸਕ ਸਰੋਵਰ

ਕਮੇਟੀ ਮੈਂਬਰਾਂ ਨੇ ਦੱਸਿਆ ਕਿ ਲਗਭਗ 133 ਕਨਾਲ ਰਕਬੇ 'ਚ ਫੈਲਿਆ 'ਮਹਾਰਾਜਾ ਅੱਜ ਸਰੋਵਰ' ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਪੱਖੋਂ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਅਨੁਸਾਰ ਇਹ ਸਥਾਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਦਾਦਾ ਮਹਾਰਾਜਾ ਅੱਜ ਨਾਲ ਜੁੜਿਆ ਹੋਇਆ ਹੈ। ਬਰਤਾਨਵੀ ਦੌਰ ਦੌਰਾਨ ਇੱਥੋਂ ਹਿੰਦੂ, ਬੋਧੀ ਅਤੇ ਜੈਨ ਪਰੰਪਰਾਵਾਂ ਨਾਲ ਸਬੰਧਤ ਮਹੱਤਵਪੂਰਨ ਪੁਰਾਤੱਤਵ ਅਵਸ਼ੇਸ਼ ਮਿਲਣ ਦਾ ਵੀ ਜ਼ਿਕਰ ਮਿਲਦਾ ਹੈ, ਜਿਸ ਤੋਂ ਬਾਅਦ ਉਸ ਸਮੇਂ ਦੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਸੰਭਾਲ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਮੈਰਿਟ ਵਾਲੇ ਰਾਖਵੇਂ ਉਮੀਦਵਾਰ ਜਨਰਲ ਸ਼੍ਰੇਣੀ 'ਚ ਹੋਣਗੇ ਐਡਜਸਟ, ਪੜ੍ਹੋ ਹਾਈਕੋਰਟ ਦਾ ਵੱਡਾ ਫ਼ੈਸਲਾ

1986 ਤੋਂ ਸਰੋਵਰ ਦੀ ਸੰਭਾਲ ਲਈ ਚੱਲ ਰਿਹਾ ਸੀ ਯਤਨ

ਉਨ੍ਹਾਂ ਦੱਸਿਆ ਕਿ ਸਾਲ 1986 ਦੇ ਅੰਦਰ ਇਸ ਸਰੋਵਰ ਦੀ ਸੰਭਾਲ ਅਤੇ ਵਿਕਾਸ ਲਈ ਲੋਕਾਂ ਨੂੰ ਨਾਲ ਲੈ ਕੇ ਮੁਹਿੰਮ ਸ਼ੁਰੂ ਕੀਤੀ ਸੀ। ਲੋਕਾਂ ਦੇ ਸਹਿਯੋਗ ਨਾਲ ਸਰੋਵਰ ਦੇ ਘਾਟਾਂ ਦਾ ਨਵੀਨੀਕਰਨ ਕਰਵਾਇਆ ਗਿਆ ਅਤੇ ਸ਼੍ਰੀ ਰਾਮ ਭਵਨ ਦੀ ਉਸਾਰੀ ਕੀਤੀ ਗਈ। ਇਸ ਤੋਂ ਬਾਅਦ ਸਥਾਨਕ ਸ਼ਰਧਾਲੂਆਂ ਦੀ ਮਦਦ ਨਾਲ ਭਗਵਾਨ ਸ਼੍ਰੀ ਰਾਮ ਅਤੇ ਉਨ੍ਹਾਂ ਦੇ ਪੂਰਵਜਾਂ ਨੂੰ ਸਮਰਪਿਤ ਮੰਦਰ ਦੀ ਉਸਾਰੀ ਵੀ ਕੀਤੀ ਗਈ।

ਸਰੋਵਰ 'ਚ ਪਾਣੀ ਦੀ ਬਹਾਲੀ ਵੀ ਜ਼ਰੂਰੀ

ਕਮੇਟੀ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਵਿਕਾਸ ਪ੍ਰਾਜੈਕਟ ਦੇ ਨਾਲ-ਨਾਲ ਸਰੋਵਰ 'ਚ ਮੁੜ ਲੋੜੀਂਦੀ ਮਾਤਰਾ 'ਚ ਪਾਣੀ ਉਪਲੱਬਧ ਕਰਵਾਉਣ ਲਈ ਵੀ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਹੋਏ ਤੇਜ਼ ਸ਼ਹਿਰੀਕਰਨ ਕਾਰਨ ਕੁਦਰਤੀ ਜਲ ਸਰੋਤ ਪ੍ਰਭਾਵਿਤ ਹੋਏ ਹਨ। ਜੇਕਰ ਸਰੋਵਰ ਨੂੰ ਮੁੜ ਪਾਣੀ ਨਾਲ ਭਰ ਕੇ ਇਸ ਦਾ ਮੂਲ ਵਾਤਾਵਰਣਕ ਸਰੂਪ ਬਹਾਲ ਕੀਤਾ ਜਾਂਦਾ ਹੈ ਤਾਂ ਇਹ ਸਥਾਨ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਦੇ ਨਾਲ-ਨਾਲ ਵਾਤਾਵਰਣ ਅਤੇ ਸੈਰ-ਸਪਾਟੇ ਦੇ ਪੱਖੋਂ ਵੀ ਦੇਸ਼ ਦੇ ਪ੍ਰਮੁੱਖ ਸਥਾਨਾਂ ਵਿੱਚ ਸ਼ਾਮਲ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


 


author

Babita

Content Editor

Related News