ਅਸਮਾਨ ਛੂਹੇਗਾ ਰਾਵਣ ਦਾ ਕੱਦ, ਤਿਆਰ ਹੋ ਰਿਹਾ 221 ਫੁੱਟ ਦਾ ਵਿਸ਼ਾਲ ਪੁਤਲਾ

Saturday, Oct 03, 2026 - 10:56 AM (IST)

ਅਸਮਾਨ ਛੂਹੇਗਾ ਰਾਵਣ ਦਾ ਕੱਦ, ਤਿਆਰ ਹੋ ਰਿਹਾ 221 ਫੁੱਟ ਦਾ ਵਿਸ਼ਾਲ ਪੁਤਲਾ

ਚੰਡੀਗੜ੍ਹ (ਸ਼ੀਨਾ) : ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਚੰਡੀਗੜ੍ਹ ’ਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਵਿਸ਼ਾਲ ਪੁਤਲੇ ਤਿਆਰ ਕਰਨ ਦਾ ਕੰਮ ਜ਼ੋਰਾਂ ’ਤੇ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ 40 ਕਾਰੀਗਰ ਪਿਛਲੇ 3 ਮਹੀਨਿਆਂ ਤੋਂ ਦਿਨ-ਰਾਤ ਪੁਤਲਿਆਂ ਨੂੰ ਅੰਤਿਮ ਰੂਪ ਦੇਣ ’ਚ ਜੁੱਟੇ ਹੋਏ ਹਨ। ਇਸ ਵਾਰ ਸਭ ਤੋਂ ਵੱਡਾ ਆਕਰਸ਼ਣ 221 ਫੁੱਟ ਉੱਚਾ ਰਾਵਣ ਦਾ ਪੁਤਲਾ ਰਹੇਗਾ, ਜੋ ਕਿ ਪੰਚਕੂਲਾ ’ਚ ਬਣਾਇਆ ਜਾ ਰਿਹਾ ਹੈ। ਇਸ ’ਤੇ ਲਗਭਗ 34 ਲੱਖ ਰੁਪਏ ਖ਼ਰਚ ਆਉਣ ਦੀ ਜਾਣਕਾਰੀ ਹੈ। ਪੁਤਲੇ ’ਚ ਕਰੀਬ 2021 ਈਕੋ-ਫਰੈਂਡਲੀ ਪਟਾਕੇ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ 18 ਪੁਆਇੰਟ ਲਾਈਟਾਂ ਲਗਾਈਆਂ ਜਾਣਗੀਆਂ, ਜਿਨ੍ਹਾਂ ਨੂੰ ਰਿਮੋਟ ਰਾਹੀਂ ਕੰਟਰੋਲ ਕੀਤਾ ਜਾਵੇਗਾ। ਇਸ ਵਾਰ ਸਿਰਫ਼ ਰਾਵਣ ਦਾ ਪੁਤਲਾ ਬਣਾਉਣ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਤਾਂ ਜੋ 221 ਫੁੱਟ ਦੇ ਵਿਸ਼ਾਲ ਪੁਤਲੇ ਦੇ ਆਲੇ-ਦੁਆਲੇ ਦਰਸ਼ਕਾਂ ਲਈ ਵਧੇਰੇ ਜਗ੍ਹਾ ਉਪਲੱਬਧ ਰਹੇ।

221 ਫੁੱਟ ਉੱਚੇ ਰਾਵਣ ਦੇ ਪੁਤਲੇ ਨੂੰ ਤਿਆਰ ਕਰਨ ’ਚ ਕਰੀਬ 70 ਕੁਇੰਟਲ (7 ਟਨ) ਸਟੀਲ ਦੇ ਪਾਈਪ ਤੇ ਲੋਹੇ ਦੀ ਵਰਤੋਂ ਹੋ ਰਹੀ ਹੈ। ਢਾਂਚੇ ਨੂੰ ਮਜ਼ਬੂਤੀ ਦੇਣ ਲਈ ਕਰੀਬ 720 ਬਾਂਸ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ ਹਰ ਬਾਂਸ ਲਗਭਗ 24 ਫੁੱਟ ਲੰਬਾ ਹੈ। ਰਾਵਣ ਦੀ ਪੋਸ਼ਾਕ ਲਈ ਕਰੀਬ 4000 ਮੀਟਰ ਵੈਲਵਟ ਦਾ ਕੱਪੜਾ ਵਰਤਿਆ ਜਾਵੇਗਾ। ਦੂਜੇ ਪਾਸੇ ਸੈਕਟਰ -46 100 ਫੁੱਟ ਰਾਵਣ ਦੇ ਨਾਲ 75-75 ਫੁੱਟ ਦੇ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਤਿਆਰ ਕੀਤੇ ਜਾ ਰਹੇ ਹਨ। ਕਾਰੀਗਰ ਸ਼ਾਹਰੁਖ, ਜਿਨ੍ਹਾਂ ਦੇ ਪਰਿਵਾਰ ’ਚ ਪਿਛਲੇ 4 ਪੀੜ੍ਹੀਆਂ ਤੋਂ ਦੁਸਹਿਰੇ ਦੇ ਪੁਤਲੇ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਇਸ ਵਾਰ ਸ਼ਹਿਰ ’ਚ 6 ਜਗ੍ਹਾ ਸੈਕਟਰ-51, ਰਾਮਦਰਬਾਰ, ਸੈਕਟਰ-40, ਮੋਹਾਲੀ ’ਚ ਵੀ ਤਿਆਰ ਕੀਤੇ ਜਾ ਰਹੇ ਹਨ। ਸੈਕਟਰ-49 ’ਚ ਰਾਵਣ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਦੀ ਲਾਗਤ 1 ਲੱਖ ਤੋਂ ਸਵਾ ਦੋ ਲੱਖ ਤੱਕ ਦੀ ਹੈ।

ਰਾਵਣ ਦਾ ਚਿਹਰਾ 360 ਡਿਗਰੀ ਘੁੰਮਾਉਣ ਲਈ ਮਕੈਨੀਕਲ ਸਿਸਟਮ ਲਾਇਆ ਜਾ ਰਿਹਾ ਹੈ। ਹਰੇਕ ਪੁਤਲੇ ਵਿੱਚ ਕਰੀਬ 50 ਤੋਂ 60 ਜੋੜ ਲਗਾਏ ਜਾਣਗੇ, ਜਿਨ੍ਹਾਂ ਨੂੰ ਵੱਖ-ਵੱਖ ਰਿਮੋਟ ਸਿਸਟਮਾਂ ਰਾਹੀਂ ਚਲਾਇਆ ਜਾਵੇਗਾ। ਕਾਰੀਗਰ ਤਜਿੰਦਰ ਅਨੁਸਾਰ, 221 ਫੁੱਟ ਉੱਚੇ ਰਾਵਣ ਨੂੰ ਤਿਆਰ ਕਰਨ ਲਈ ਕਰੀਬ ਤਿੰਨ ਮਹੀਨਿਆਂ ਤੋਂ 40 ਕਾਰੀਗਰ ਲਗਾਤਾਰ ਕੰਮ ਕਰ ਰਹੇ ਹਨ। ਪੁਤਲੇ ਦੇ ਲੋਹੇ ਦੇ ਢਾਂਚੇ ਤੋਂ ਲੈ ਕੇ ਬਾਂਸ, ਕੱਪੜੇ, ਲਾਈਟਿੰਗ ਅਤੇ ਤਕਨੀਕੀ ਪ੍ਰਬੰਧਾਂ ਨੂੰ ਤਿਆਰ ਕਰਨ ਵਿੱਚ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਵਿਸ਼ਾਲ ਆਕਾਰ ਕਾਰਨ ਇਸ ਵਾਰ ਸਿਰਫ਼ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ। ਕਾਰੀਗਰ ਸ਼ਾਹਰੁਖ ਮੁਤਾਬਕ, ਉਹ ਪਿਛਲੇ ਕਰੀਬ 15 ਸਾਲਾਂ ਤੋਂ ਪੁਤਲੇ ਬਣਾਉਣ ਦਾ ਕੰਮ ਕਰ ਰਹੇ ਹਨ ਤੇ ਇਹ ਕੰਮ ਉਨ੍ਹਾਂ ਦੇ ਪਰਿਵਾਰ ’ਚ ਕਈ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਹੈ। ਇਸ ਵਾਰ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਤਿਆਰ ਕਰਨ ’ਚ ਕਰੀਬ 45 ਦਿਨ ਤੋਂ ਕੰਮ ਚੱਲ ਰਿਹਾ ਹੈ। ਉਨ੍ਹਾਂ ਦੀ ਟੀਮ ਧਨਾਸ, ਸੈਕਟਰ-49, ਰਾਮਦਰਬਾਰ ਸਮੇਤ ਚੰਡੀਗੜ੍ਹ ਅਤੇ ਮੋਹਾਲੀ ਦੇ ਕਰੀਬ 6 ਸਥਾਨਾਂ ’ਤੇ ਪੁਤਲੇ ਤਿਆਰ ਕਰ ਰਹੀ ਹੈ। ਵੱਡੀ ਮਾਤਰਾ ’ਚ ਬਾਂਸ ਅਸਾਮ ਤੋਂ ਮੰਗਵਾਇਆ ਗਿਆ ਹੈ ਤੇ ਵੱਖ-ਵੱਖ ਥਾਵਾਂ ਦੇ ਪੁਤਲਿਆਂ ਲਈ ਕਰੀਬ 200 ਕੁਇੰਟਲ ਬਾਂਸ ਵਰਤਿਆ ਜਾ ਰਿਹਾ ਹੈ।


author

Babita

Content Editor

Related News