ਰਣਜੀਤ ਸਿੰਘ ਗਿੱਲ ਵੱਲੋਂ ਕੇਂਦਰ ਸਰਕਾਰ ਅਤੇ ਰਾਜਪਾਲ ਦਾ ਧੰਨਵਾਦ ਕੀਤਾ

Saturday, Oct 03, 2026 - 03:06 PM (IST)

ਰਣਜੀਤ ਸਿੰਘ ਗਿੱਲ ਵੱਲੋਂ ਕੇਂਦਰ ਸਰਕਾਰ ਅਤੇ ਰਾਜਪਾਲ ਦਾ ਧੰਨਵਾਦ ਕੀਤਾ

ਖਰੜ (ਅਮਰਦੀਪ) : ਖਰੜ ਦੇ ਪ੍ਰਾਚੀਨ ਅਤੇ ਇਤਿਹਾਸਕ ਮਹਾਰਾਜਾ ਅੱਜ ਸਰੋਵਰ ਦੇ ਪੁਨਰ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ 93.94 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਸਿਧਾਂਤਕ ਮਨਜ਼ੂਰੀ ਦਿੱਤੇ ਜਾਣ ’ਤੇ ਭਾਜਪਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਣਜੀਤ ਸਿੰਘ ਗਿੱਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਹ ਪ੍ਰਾਜੈਕਟ ਕੇਂਦਰੀ ਸੈਰ-ਸਪਾਟਾ ਮੰਤਰਾਲੇ ਦੀ ਸਵਦੇਸ਼ ਦਰਸ਼ਨ ਯੋਜਨਾ ਤਹਿਤ ਅੱਗੇ ਵਧਾਇਆ ਜਾ ਰਿਹਾ ਹੈ। ਗਿੱਲ ਨੇ ਇਸ ਮਨਜ਼ੂਰੀ ਲਈ ਕੇਂਦਰ ਸਰਕਾਰ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਖਰੜ ਦੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਇਸ ਨੂੰ ਸੈਰ-ਸਪਾਟੇ ਨਾਲ ਜੋੜਨ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਅੱਜ ਸਰੋਵਰ ਖਰੜ ਦੀ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹੈ।

ਧਾਰਮਿਕ ਮਾਨਤਾਵਾਂ ਅਨੁਸਾਰ ਮਹਾਰਾਜਾ ਅੱਜ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਦਾਦਾ ਜੀ ਵਜੋਂ ਮੰਨਿਆ ਜਾਂਦਾ ਹੈ। ਇਸ ਕਾਰਨ ਇਹ ਸਥਾਨ ਧਾਰਮਿਕ ਪੱਖੋਂ ਵੀ ਮਹੱਤਵ ਰੱਖਦਾ ਹੈ। ਗਿੱਲ ਨੇ ਦੱਸਿਆ ਕਿ ਪ੍ਰਸਤਾਵਿਤ ਯੋਜਨਾ ਤਹਿਤ ਸਰੋਵਰ ਨੂੰ ਧਨੁਸ਼-ਬਾਣ ਦੀ ਸ਼ਕਲ ਵਿੱਚ ਵਿਕਸਿਤ ਕਰਨ ਦੇ ਨਾਲ ਸਰੋਵਰ ਵਿਊ ਕੈਫੇ, ਆਡੀਟੋਰੀਅਮ, ਓਪਨ-ਏਅਰ ਥੀਏਟਰ, ਫਲੋਟਿੰਗ ਮਿਊਜ਼ਿਕਲ ਫਾਊਂਟੇਨ, ਸਪਿਰਿਚੁਅਲ ਪਾਰਕ ਅਤੇ ਬੱਚਿਆਂ ਲਈ ਪਾਰਕ ਸਮੇਤ ਵੱਖ-ਵੱਖ ਸਹੂਲਤਾਂ ਵਿਕਸਤ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਖਰੜ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਸੈਰ-ਸਪਾਟੇ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ ਅਤੇ ਇਲਾਕੇ ਵਿੱਚ ਸੈਰ-ਸਪਾਟੇ ਨਾਲ ਸਬੰਧਤ ਗਤੀਵਿਧੀਆਂ ਵਿੱਚ ਵੀ ਵਾਧਾ ਹੋ ਸਕਦਾ ਹੈ।
 


author

Babita

Content Editor

Related News