ਅਣਜਾਣ ਔਰਤ ਨੂੰ ਲਿਫਟ ਦੇਣੀ ਪਈ ਭਾਰੀ: ਕਾਰ ''ਤਾਂ ਗਈ ਨਾਲ ਬੈਂਕ ਖਾਤਾ ਵੀ ਕਰ ਗਈ ਖਾਲੀ!

Wednesday, Sep 30, 2026 - 05:17 AM (IST)

ਅਣਜਾਣ ਔਰਤ ਨੂੰ ਲਿਫਟ ਦੇਣੀ ਪਈ ਭਾਰੀ: ਕਾਰ ''ਤਾਂ ਗਈ ਨਾਲ ਬੈਂਕ ਖਾਤਾ ਵੀ ਕਰ ਗਈ ਖਾਲੀ!

ਜ਼ੀਰਕਪੁਰ (ਧੀਮਾਨ) : ਲੋਹਗੜ੍ਹ ਟ੍ਰੈਫਿਕ ਲਾਈਟ ਤੋਂ ਅਣਜਾਣ ਔਰਤ ਨੂੰ ਕਾਰ ’ਚ ਲਿਫਟ ਦੇਣ ਤੋਂ ਬਾਅਦ ਰਾਏਪੁਰ ਰਾਣੀ ਵਾਸੀ ਅਨਿਲ ਕੁਮਾਰ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਅਨਿਲ ਦਾ ਦੋਸ਼ ਹੈ ਕਿ ਸਿਗਮਾ ਚੌਕ ਤੱਕ ਜਾਣ ਦੀ ਗੱਲ ਕਹਿ ਕੇ ਉਸ ਦੀ ਕਾਰ ’ਚ ਬੈਠੀ ਔਰਤ ਨੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਉਸ ਨੂੰ ਛੇੜਛਾੜ ਦੇ ਮਾਮਲੇ ’ਚ ਫਸਾਉਣ ਦਾ ਡਰ ਦਿਖਾਇਆ ਤੇ ਫਿਰ ਕਾਰ ’ਚ ਹੀ ਕਾਬੂ ਕਰਕੇ ਉਸ ਕੋਲੋਂ 27 ਹਜ਼ਾਰ ਰੁਪਏ ਤੇ ਬ੍ਰੀਜ਼ਾ ਕਾਰ ਵੀ ਨਾਲ ਲੈ ਗਏ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਪ੍ਰੀਤਮ ਕੌਰ ਉਰਫ਼ ਗੁਰਪ੍ਰੀਤ ਕੌਰ, ਖਾਨ, ਸਨੇਹਾ, ਲਵਲੀ ਸ਼ਰਮਾ ਤੇ ਅਣਪਛਾਤੇ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਦੇ ਨਾਲ-ਨਾਲ ਘਟਨਾ ਨਾਲ ਜੁੜੀਆਂ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਜ਼ਬਰਦਸਤੀ ਕਾਰ ’ਚ ਲੈ ਗਏ ਰਾਜਪੁਰਾ ਵੱਲ
ਅਨਿਲ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਸੋਮਵਾਰ ਰਾਤ ਕਰੀਬ ਸਾਢੇ 10 ਵਜੇ ਉਹ ਕਾਰ ਰਾਹੀਂ ਲੋਹਗੜ੍ਹ ਟ੍ਰੈਫਿਕ ਲਾਈਟ ਕੋਲੋਂ ਲੰਘ ਰਿਹਾ ਸੀ। ਇਸ ਦੌਰਾਨ ਔਰਤ ਨੇ ਉਸ ਨੂੰ ਰੋਕ ਕੇ ਆਪਣਾ ਨਾਂ ਪ੍ਰੀਤਮ ਕੌਰ ਉਰਫ਼ ਗੁਰਪ੍ਰੀਤ ਕੌਰ ਦੱਸਿਆ ਤੇ ਸਿਗਮਾ ਚੌਕ ਤੱਕ ਛੱਡਣ ਲਈ ਕਿਹਾ। ਉਸ ਨੇ ਔਰਤ ਨੂੰ ਕਾਰ ’ਚ ਬਿਠਾ ਲਿਆ ਤੇ ਰਸਤੇ ’ਚ ਨਰੂਲਾ ਬੇਕਰੀ ਨੇੜਿਓਂ ਖਾਣ-ਪੀਣ ਦਾ ਸਾਮਾਨ ਵੀ ਲਿਆ। ਅਨਿਲ ਮੁਤਾਬਕ ਇਸ ਤੋਂ ਬਾਅਦ ਘਟਨਾਕ੍ਰਮ ਅਚਾਨਕ ਬਦਲ ਗਿਆ। ਜਦੋਂ ਉਹ ਸਿਗਮਾ ਸਿਟੀ ਚੌਕ ਵੱਲ ਜਾ ਰਿਹਾ ਸੀ ਤਾਂ ਦੋ ਨੌਜਵਾਨ ਉਸ ਦੀ ਕਾਰ ਦੀ ਪਿਛਲੀ ਸੀਟ ’ਤੇ ਆ ਕੇ ਬੈਠ ਗਏ। ਉਨ੍ਹਾਂ ’ਚੋਂ ਇਕ ਨੇ ਔਰਤ ਨੂੰ ਆਪਣੀ ਪਤਨੀ ਦੱਸਦਿਆਂ ਅਨਿਲ ’ਤੇ ਉਸ ਨਾਲ ਛੇੜਛਾੜ ਦਾ ਦੋਸ਼ ਲਾਇਆ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇਣ ਦੀ ਬਜਾਏ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਨੌਜਵਾਨ ਨੇ ਕਾਰ ਦੀ ਡਰਾਈਵਿੰਗ ਸੀਟ ਸੰਭਾਲ ਲਈ ਤੇ ਜ਼ਬਰਦਸਤੀ ਕਾਰ ’ਚ ਰਾਜਪੁਰਾ ਵੱਲ ਲੈ ਗਏ।

ਜ਼ਬਰ-ਜ਼ਨਾਹ ਦੇ ਝੂਠੇ ਮਾਮਲੇ ’ਚ ਫਸਾਉਣ ਦੀ ਦਿੱਤੀ ਧਮਕੀ
ਅਨਿਲ ਨੇ ਪੁਲਸ ਨੂੰ ਦੱਸਿਆ ਕਿ ਇਸ ਦੌਰਾਨ ਉਸ ਦੀ ਜੇਬ ’ਚ ਪਏ 7 ਹਜ਼ਾਰ ਰੁਪਏ ਕੱਢ ਲਏ ਗਏ। ਇਸ ਮਗਰੋਂ ਔਰਤ ਨੇ ਉਸ ਦਾ ਮੋਬਾਈਲ ਲੈ ਕੇ ਗੂਗਲ-ਪੇ ਦਾ ਪਾਸਵਰਡ ਮੰਗਿਆ। ਪਾਸਵਰਡ ਨਾ ਦੱਸਣ ’ਤੇ ਉਸ ਨੂੰ ਜ਼ਬਰ-ਜ਼ਨਾਹ ਦੇ ਝੂਠੇ ਮਾਮਲੇ ’ਚ ਫਸਾਉਣ ਦੀ ਧਮਕੀ ਦਿੱਤੀ ਗਈ। ਡਰ ਕਾਰਨ ਪਾਸਵਰਡ ਦੱਸਣ ਤੋਂ ਬਾਅਦ ਉਸ ਦੇ ਖਾਤੇ ’ਚੋਂ 20 ਹਜ਼ਾਰ ਰੁਪਏ ਟਰਾਂਸਫਰ ਕਰ ਲਏ ਗਏ। ਅਨਿਲ ਮੁਤਾਬਕ ਇਸ ਤੋਂ ਬਾਅਦ ਵੀ ਉਸ ਦਾ ਪਿੱਛਾ ਨਹੀਂ ਛੱਡਿਆ ਗਿਆ। ਮੁਲਜ਼ਮ ਉਸ ਨੂੰ ਪਟਿਆਲਾ ਚੌਕ ਨੇੜੇ ਲੈ ਗਏ, ਜਿੱਥੇ ਉਸ ਨੂੰ ਕਾਰ ’ਚੋਂ ਹੇਠਾਂ ਉਤਾਰ ਦਿੱਤਾ ਤੇ ਉਸ ਦੀ ਕਾਰ ਲੈ ਕੇ ਅੰਬਾਲਾ ਵੱਲ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਅਨਿਲ ਨੇ ਪੁਲਸ ਕੋਲ ਪਹੁੰਚ ਕੇ ਪੂਰੇ ਮਾਮਲੇ ਦੀ ਸ਼ਿਕਾਇਤ ਦਿੱਤੀ।
 


author

Inder Prajapati

Content Editor

Related News