ਸੀ. ਯੂ. ਦੀ ਵਿਦਿਆਰਥਣ ਬਣੀ ਮਿਸ ਏਸ਼ੀਆ ਟੂਰਿਜ਼ਮ ਯੂਨੀਵਰਸ

10/25/2018 3:31:55 PM

ਚੰਡੀਗੜ੍ਹ (ਨਿਆਮੀਆਂ) : ਅੱਜ ਤੋਂ 4 ਸਾਲ ਪਹਿਲਾਂ ਮੈਂ ਵੀ ਆਟੋ ’ਚ ਬੈਠ ਕੇ ਯੂਨੀਵਰਸਿਟੀ ’ਚ ਆਉਣ ਵਾਲੀ ਇਕ ਆਮ ਲਡ਼ਕੀ ਸੀ ਪਰ ਅੱਜ ਮੈਂ ਆਪਣੀ ਖੁਦ ਦੀ ਕਾਰ ’ਚ ਸਫਰ ਕਰ ਕੇ ਇਥੇ ਆਈ ਹਾਂ। ਇਹ ਸਾਰਾ ਕਮਾਲ ਮੇਰੇ ਵਲੋਂ ਕੀਤੀ ਗਈ ਮਿਹਨਤ, ਲੋਕਾਂ ਨਾਲ ਵੱਧ ਤੋਂ ਵੱਧ ਮੇਲ-ਜੋਲ ਕਰਕੇ ਇਕੱਠੀ ਕੀਤੀ ਜਾਣਕਾਰੀ ਤੇ ਆਪਣਿਆਂ ਵਲੋਂ ਮਿਲੇ ਪਿਆਰ ਅਤੇ ਦੁਆਵਾਂ ਦਾ ਹੀ ਫਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤ ਦੇਸ਼ ਦੀ ਸਭ ਤੋਂ ਯੁਵਾ ‘ਮਿਲੇਨੀਅਰ’ ਬਣਨ ਵਾਲੀ ਤੇ ਹਾਲ ਹੀ ਵਿਚ ਮਿਸ ਏਸ਼ੀਆ ਟੂਰਿਜ਼ਮ ਯੂਨੀਵਰਸ-2018 ਦਾ ਖਿਤਾਬ ਜਿੱਤਣ ਵਾਲੀ 22 ਸਾਲਾ ਤਾਨੀਆ ਮਿੱਤਲ ਨੇ ਕੀਤਾ, ਜੋ ਕਿ ਅੱਜ ਚੰਡੀਗਡ਼੍ਹ ਯੂਨੀਵਰਸਿਟੀ ਘਡ਼ੂੰਆਂ ਵਿਖੇ ‘ਹਾਓ ਆਈ ਮੇਡ ਇਟ’ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੀ ਸੀ।

ਚੰਡੀਗਡ਼੍ਹ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਲੋਂ ’ਵਰਸਿਟੀ ਦੇ ਵਿਦਿਆਰਥੀਆਂ ਨੂੰ ਪ੍ਰੇਰਨਾ ਦੇਣ ਦੇ ਮੰਤਵ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਮੱਧ ਪ੍ਰਦੇਸ਼ ਦੇ ਸ਼ਹਿਰ ਗਵਾਲੀਅਰ ਵਿਚ ਜੰਮੀ ਤਾਨੀਆ ਨੇ ਦੱਸਿਆ ਕਿ ਉਹ ਆਪਣੇ ਵਿਦਿਆਰਥੀ ਜੀਵਨ ਵਿਚ ਬੇਹੱਦ ਚੁੱਪ-ਚਾਪ ’ਤੇ ਇਕੱਲੇ ਰਹਿਣ ਵਾਲੀ ਲਡ਼ਕੀ ਸੀ, ਜਿਸ ਦੀ ਦਿਲਚਸਪੀ ਡਿਸਕੋ ਕਲੱਬ ਤੇ ਬਾਜ਼ਾਰ ਜਾਣ ਦੀ ਬਜਾਏ ਲੋਕਾਂ ਨਾਲ ਮੇਲ-ਜੋਲ ਕਰਕੇ ਸਦਾ ਕੁਝ ਵਿਸ਼ੇਸ਼ ਸਿੱਖਦੇ ਰਹਿਣ ਵਿਚ ਸੀ। ਇਸ ਕੰਮ ਵਿਚ ਚੰਡੀਗਡ਼੍ਹ ਯੂਨੀਵਰਸਿਟੀ ਦੇ ਮਾਹੌਲ ਨੇ ਉਸ ਦੀ ਬਾਖੂਬੀ ਮਦਦ ਕੀਤੀ।

ਤਾਨੀਆ ਨੇ ਦੱਸਿਆ ਕਿ ਉਸ ਨੇ ਲਿਬਨਾਨ ਵਿਖੇ ਹੋਣ ਜਾ ਰਹੇ ਮਿਸ ਏਸ਼ੀਆ ਟੂਰਿਜ਼ਮ ਯੂਨੀਵਰਸ-2018 ਦੇ ਮੁਕਾਬਲੇ ਵਿਚ ਹਿੱਸਾ ਲੈਣ ਦੀ ਸੋਚੀ ਤਾਂ ਮੋਟਾਪੇ ਸਮੇਤ ਬਹੁਤ ਸਾਰੀਆਂ ਨਵੀਆਂ ਮੁਸ਼ਕਲਾਂ ਉਸ ਦੇ ਸਾਹਮਣੇ ਸਨ। ਵੱਧ ਭਾਰ ਹੋਣ ਕਾਰਨ ਉਸ ਨੂੰ ਟਰੇਨਿੰਗ ਦੇਣ ਤੋਂ ਨਾਂਹ ਕਰ ਦਿੱਤੀ ਗਈ, ਜਿਸ ਲਈ ਉਸ ਨੇ ਸਭ ਤੋਂ ਪਹਿਲਾਂ ਸਖਤ ਡਾਈਟਿੰਗ ਸ਼ੁਰੂ ਕਰਦੇ ਹੋਏ ਭਾਰ ਘਟਾਉਣ ਦੀ ਚੁਣੌਤੀ ਸਵੀਕਾਰੀ, ਬੇਹੱਦ ਪਸੀਨਾ ਵਹਾਉਂਦੇ ਹੋਏ 11 ਕਿਲੋ ਵਜ਼ਨ ਘੱਟ ਕੀਤਾ। ‘ਮਿਸ ਟੂਰਿਜ਼ਮ ਅਾਰਗੇਨਾਈਜ਼ੇਸ਼ਨ’ ਦੇ ਮੀਤ ਪ੍ਰਧਾਨ ਟੋਨੀ ਮੇਦਾਵਰ ਵਲੋਂ ਉਸ ਨੂੰ ਸਰਵੋਤਮ ਰਾਸ਼ਟਰੀ ਪਹਿਰਾਵੇ ਲਈ ਤਾਜ ਵੀ ਪਹਿਨਾਇਆ ਗਿਆ।


Related News