ਈਰਾਨੀ ਰਸਤਾ ਬੰਦ, ਮਹਿੰਗਾ ਹੋ ਸਕਦਾ ਹੈ ਕੈਨੇਡਾ, USA ਤੇ ਯੂਰਪ ਦਾ ਸਫਰ

Thursday, Jan 09, 2020 - 09:40 AM (IST)

ਈਰਾਨੀ ਰਸਤਾ ਬੰਦ, ਮਹਿੰਗਾ ਹੋ ਸਕਦਾ ਹੈ ਕੈਨੇਡਾ, USA ਤੇ ਯੂਰਪ ਦਾ ਸਫਰ

ਨਵੀਂ ਦਿੱਲੀ— ਮਿਡਲ ਈਸਟ 'ਚ ਸੰਕਟ ਕਾਰਨ ਭਾਰਤੀ ਉਡਾਣਾਂ ਦਾ ਰਸਤਾ ਬਦਲਣ ਨਾਲ ਯੂਰਪ, ਕੈਨੇਡਾ ਤੇ ਅਮਰੀਕਾ ਜਾਣ ਵਾਲੇ ਹਵਾਈ ਮੁਸਾਫਰਾਂ ਦੀ ਜੇਬ 'ਤੇ ਹੋਰ ਬੋਝ ਵੱਧ ਸਕਦਾ ਹੈ। ਜੈੱਟ ਏਅਰਵੇਜ਼ ਠੱਪ ਹੋਣ ਕਾਰਨ ਪਹਿਲਾਂ ਹੀ ਵਿਦੇਸ਼ੀ ਮਾਰਗਾਂ 'ਤੇ ਹਵਾਈ ਕਿਰਾਏ ਕਾਫੀ ਸਨ ਹੁਣ ਈਰਾਨ-ਯੂ. ਐੱਸ. 'ਚ ਤਣਾਤਣੀ ਕਾਰਨ ਹਵਾਈ ਮੁਸਾਫਰਾਂ ਨੂੰ ਹੋਰ ਜੇਬ ਢਿੱਲੀ ਕਰਨੀ ਪੈ ਸਕਦੀ ਹੈ। ਮਿਡਲ ਈਸਟ 'ਚ ਸੰਕਟ ਕਾਰਨ ਏਅਰ ਇੰਡੀਆ ਨੇ ਈਰਾਨ ਦੇ ਹਵਾਈ ਖੇਤਰ 'ਚੋਂ ਉਡਾਣ ਨਾ ਭਰਨ ਦਾ ਫੈਸਲਾ ਕੀਤਾ ਹੈ।
 

 

ਏਅਰ ਇੰਡੀਆ ਕੈਨੇਡਾ, ਯੂਰਪ ਤੇ ਅਮਰੀਕਾ ਦੇ 16 ਸ਼ਹਿਰਾਂ ਲਈ ਉਡਾਣਾਂ ਚਲਾਉਂਦੀ ਹੈ। ਈਰਾਨੀ ਹਵਾਈ ਖੇਤਰ 'ਚ ਪਾਬੰਦੀ ਕਾਰਨ ਹੁਣ ਇਨ੍ਹਾਂ ਉਡਾਣਾਂ ਨੂੰ ਪਾਕਿਸਤਾਨ, ਅਫਗਾਨਿਸਤਾਨ ਤੇ ਤੁਰਕਮੇਨਿਸਤਾਨ ਦੇ ਰਸਤਿਓਂ ਜਾਣਾ ਪਵੇਗਾ। ਇਸ ਨਾਲ ਉਡਾਣਾਂ ਦੇ ਸਮੇਂ 'ਚ 20 ਤੋਂ 40 ਮਿੰਟ ਦਾ ਵਾਧਾ ਤਾਂ ਹੋਵੇਗਾ ਹੀ, ਨਾਲ ਹੀ ਈਂਧਣ ਦਾ ਖਰਚ ਵੀ ਵਧੇਗਾ, ਜਿਸ ਦਾ ਥੋੜ੍ਹਾ-ਬਹੁਤ ਭਾਰ ਮੁਸਾਫਰਾਂ ਦੀ ਜੇਬ 'ਤੇ ਪੈ ਸਕਦਾ ਹੈ ਯਾਨੀ ਲਾਸਟ ਮਿੰਟ 'ਚ ਟਿਕਟ ਬੁਕਿੰਗ ਮਹਿੰਗੀ ਪੈ ਸਕਦੀ ਹੈ।

ਇਸ ਸੰਕਟ ਕਾਰਨ ਸਿੰਗਾਪੁਰ ਏਅਰਲਾਈਨ, ਏਅਰ ਫਰਾਂਸ, ਏਅਰ ਕੈਨੇਡਾ, ਕੇ. ਐੱਲ. ਐੱਮ. ਤੇ ਬ੍ਰਿਟਿਸ਼ ਏਅਰਵੇਜ਼ ਨੇ ਵੀ ਈਰਾਨ ਦੇ ਹਵਾਈ ਖੇਤਰ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।

ਉੱਥੇ ਹੀ, ਇੰਡੀਗੋ ਨੇ ਕਿਹਾ ਕਿ ਉਸ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਉਸ ਦੀਆਂ ਉਡਾਣਾਂ ਈਰਾਨ ਤੇ ਇਰਾਕ ਦੇ ਹਵਾਈ ਖੇਤਰ 'ਚੋਂ ਨਹੀਂ ਲੰਘਦੀਆਂ ਹਨ। ਹਾਲਾਂਕਿ, ਇਸ ਕਾਰਨ ਏਅਰ ਇੰਡੀਆ ਦਾ ਘਾਟਾ ਹੋਰ ਵੱਧ ਸਕਦਾ ਹੈ ਕਿਉਂਕਿ ਜਨਵਰੀ 'ਚ ਜਹਾਜ਼ ਈਂਧਣ ਕੀਮਤਾਂ 'ਚ ਵਾਧਾ ਹੋਣ ਅਤੇ ਹੁਣ ਉਡਾਣਾਂ ਦਾ ਸਮਾਂ ਵਧਣ ਨਾਲ ਸਰਕਾਰੀ ਜਹਾਜ਼ ਕੰਪਨੀ ਦਾ ਖਰਚ ਵੱਧ ਜਾਵੇਗਾ। ਜ਼ਿਕਰਯੋਗ ਹੈ ਕਿ ਨਿੱਜੀਕਰਨ ਦੇ ਰਸਤੇ 'ਤੇ ਅੱਗੇ ਵੱਧ ਰਹੀ ਸਰਕਾਰੀ ਜਹਾਜ਼ ਕੰਪਨੀ ਪਹਿਲਾਂ ਹੀ ਤਕਰੀਬਨ 80 ਹਜ਼ਾਰ ਕਰੋੜ ਰੁਪਏ ਦੇ ਕਰਜ਼ ਬੋਝ ਨਾਲ ਜੂਝ ਰਹੀ ਹੈ।


Related News