ਦੁਨੀਆ ਦੇ ਇਨ੍ਹਾਂ ਦੇਸ਼ਾਂ ''ਚ ਕਰ ਸਕਦੇ ਹੋ ਬਹੁਤ ਘੱਟ ਪੈਸਿਆਂ ''ਚ ਪੜ੍ਹਾਈ

08/24/2016 2:09:52 PM

ਨਵੀਂ ਦਿੱਲੀ— ਵਿਦੇਸ਼ ''ਚ ਰਹਿਣਾ ਅਤੇ ਪੜ੍ਹਾਈ ਕਰਨਾ ਬਹੁਤ ਸਾਰਿਆਂ ਦਾ ਸੁਪਨਾ ਹੁੰਦਾ ਹੈ। ਵਿਦੇਸ਼ ''ਚ ਰਹਿ ਕੇ ਨਵੇਂ ਲੋਕ, ਨਵੀਆਂ ਥਾਵਾਂ, ਨਵਾਂ ਖਾਣਾ ਅਤੇ ਇਕ ਵੱਖਰੀ ਤਰ੍ਹਾਂ ਦੀ ਸਭਿਅਤਾ ਬਾਰੇ ਜਾਣਦੇ ਹਾਂ ਪਰ ਵਿਦੇਸ਼ ''ਚ ਪੜ੍ਹਾਈ ਦੀ ਫੀਸ ਅਤੇ ਰਹਿਣ ਦੇ ਖਰਚੇ ਇੰਨੇ ਜ਼ਿਆਦਾ ਹੁੰਦੇ ਹਨ ਕਿ ਸੁਪਨਾ ਸੁਪਨਾ ਹੀ ਬਣ ਕੇ ਰਹਿ ਜਾਂਦਾ ਹੈ।

ਆਮ ਤੌਰ ''ਤੇ ਵਿਦੇਸ਼ ''ਚ ਪੜ੍ਹਾਈ ਸੁਣਦੇ ਹੀ ਲੋਕਾਂ ਦੇ ਦਿਮਾਗ ''ਚ ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਦੇਸ਼ ਹੀ ਆਉਂਦੇ ਹਨ। ਤੁਹਾਨੂੰ ਦੱਸ ਦਈਏ ਕਿ ਦੁਨੀਆ ''ਚ ਅਜਿਹੇ ਦੇਸ਼ ਵੀ ਹਨ ਜਿੱਥੇ ਨਾਗਰਿਕਾਂ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਪੜ੍ਹਾਈ ਦੀ ਟਿਊਸ਼ਨ ਫੀਸ ਬਹੁਤ ਹੀ ਮਾਮੂਲੀ ਹੁੰਦੀ ਹੈ। 
ਜਰਮਨੀ
ਸਭ ਤੋਂ ਸਸਤੀ ਪੜ੍ਹਾਈ ਵਾਲੇ ਦੇਸ਼ਾਂ ਦੀ ਸੂਚੀ ''ਚ ਜਰਮਨੀ ਪਹਿਲੇ ਸਥਾਨ ''ਤੇ ਆਉਂਦਾ ਹੈ। ਜਰਮਨੀ ਦੀਆਂ ਸਰਕਾਰੀ ਯੂਨੀਵਰਸਿਟੀਜ਼ ਕਿਸੇ ਵੀ ਤਰ੍ਹਾਂ ਦੀ ਟਿਊਸ਼ਨ ਫੀਸ ਨਹੀਂ ਲੈਂਦੀਆਂ ਹਨ। ਇੱਥੇ 150 ਤੋਂ 250 ਯੂਰੋ ਮਤਲਬ ਕਿ 11,500 ਤੋਂ 19,000 ਰੁਪਏ ਵਿਚਕਾਰ ਫੀਸ ਲਈ ਜਾਂਦੀ ਹੈ, ਜਿਹੜੀ ਕਿ ਦੇਸ਼ ਦੀ ਦਿੱਲੀ ਯੂਨੀਵਰਸਿਟੀ ਦੀ ਸਾਲਾਨਾ ਫੀਸ ਦੇ ਬਰਾਬਰ ਹੈ। ਜਦੋਂ ਕਿ ਇੱਥੇ ਰਹਿਣ ਦਾ ਖਰਚਾ ਬਾਕੀ ਯੂਰਪੀ ਟਿਕਾਣਿਆਂ ਨਾਲੋਂ ਜ਼ਿਆਦਾ ਹੈ। ਇੱਥੇ 350 ਤੋਂ ਵਧ ਯੂਨੀਵਰਸਿਟੀਜ਼ ਅਤੇ ਸੰਸਥਾਨ ਹਨ, ਜਿਹੜੇ 800 ਤੋਂ ਵਧ ਕੋਰਸ ਮੁਹੱਈਆ ਕਰਵਾਉਂਦੇ ਹਨ। 
ਨਾਰਵੇ
ਨਾਰਵੇ ਇਕ ਅਜਿਹਾ ਦੇਸ਼ ਹੈ ਜਿੱਥੇ ਗਰੈਜੂਏਟ, ਪੋਸਟ ਗਰੈਜੂਏਟ ਅਤੇ ਡਾਕਟਰੇਟ ਪੱਧਰ ਦੇ ਪ੍ਰੋਗਰਾਮ ਬਿਲਕੁਲ ਮੁਫਤ ਹਨ। ਇਨ੍ਹਾਂ ਪ੍ਰੋਗਰਾਮਾਂ ਦਾ ਲਾਭ ਲੈਣ ਲਈ ਨਾਰਵੇ ਦੀ ਭਾਸ਼ਾ ''ਤੇ ਚੰਗੀ ਪਕੜ ਹੋਣੀ ਜ਼ਰੂਰੀ ਹੈ ਕਿਉਂਕਿ ਗਰੈਜੂਏਟ ਕੋਰਸ ਇਸ ਭਾਸ਼ਾ ''ਚ ਹੀ ਪੜ੍ਹਾਏ ਜਾਂਦੇ ਹਨ। 
ਆਸਟਰੀਆ
ਇੱਥੇ ਗੈਰ-ਯੂਰਪੀ, ਯੂਰਪ ਅਰਥਵਿਵਸਥਾ ਖੇਤਰ ਦੇ ਲੋਕਾਂ ਨੂੰ 730 ਯੂਰੋ ਪ੍ਰਤੀ ਸਮੈਸਟਰ ਭੁਗਤਾਨ ਕਰਨਾ ਹੁੰਦਾ ਹੈ, ਜਿਹੜਾ ਕਿ ਲਗਭਗ 55,000 ਰੁਪਏ ਦੇ ਬਰਾਬਰ ਹੈ। ਇਸ ਦੇਸ਼ ਦੇ ਜੀਵਨ ਪੱਧਰ ਨੂੰ ਦੇਖੀਏ ਤਾਂ ਇੰਨੀ ਰਕਮ ਕੋਈ ਜ਼ਿਆਦਾ ਨਹੀਂ ਹੈ। ਆਸਟਰੀਆ ਦੀ ਵਿਯਨਾ ਯੂਨੀਵਰਸਿਟੀ ਇੱਥੋਂ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਦੁਨੀਆ ਦੀਆਂ ਚੋਟੀਆਂ ਦੀਆਂ ਯੂਨੀਵਰਸਿਟੀਜ਼ ''ਚ ਇਸ ਦਾ ਦਰਜਾ 153ਵਾਂ ਹੈ। ਇਸ ਯੂਨੀਵਰਸਿਟੀ ''ਚ 93,000 ਵਿਦਿਆਰਥੀ ਪੜ੍ਹਦੇ ਹਨ। ਇਸ ਯੂਨੀਵਰਸਿਟੀ ''ਚ ਜ਼ਿਆਦਾਤਰ ਜਰਮਨੀ ਭਾਸ਼ਾ ''ਚ ਪੜ੍ਹਾਇਆ ਜਾਂਦਾ ਹੈ ਪਰ ਇਸ ਦੇ ਨਾਲ ਅੰਗਰੇਜ਼ੀ ''ਚ ਮਾਸਟਰ ਡਿਗਰੀ ਦੀ ਵੀ ਪੜ੍ਹਾਈ ਉਪਲੱਬਧ ਹੈ। 
ਵਿਯਨਾ ਯੂਨੀਵਰਸਿਟੀ ਆਫ ਤਕਨਾਲੋਜੀ ਨੂੰ 197ਵਾਂ ਦਰਜਾ ਪ੍ਰਾਪਤ ਹੈ। ਇਸ ਦੀ ਸਥਾਪਨਾ 1815 ''ਚ ਹੋਈ ਸੀ। ਇਹ ਯੂਰਪ ''ਚ ਪ੍ਰਸਿੱਧ ਤਕਨੀਕੀ ਅਦਾਰਾ ਹੈ ਅਤੇ ਇਸ ''ਚ ਇੰਜੀਨੀਅਰਿੰਗ ਅਤੇ ਕੁਦਰਤੀ ਵਿਗਿਆਨ ਦੇ ਖੇਤਰ ਤੋਂ ਇਲਾਵਾ ਹੋਰ ਖੇਤਰਾਂ ''ਚ ਲਗਭਗ 28,000 ਵਿਦਿਆਰਥੀ ਹਨ।
ਫਿਨਲੈਂਡ
ਮੌਜੂਦਾ ਸਮੇਂ ''ਚ ਫਿਨਲੈਂਡ ਪੜ੍ਹਾਈ ਦੇ ਕਿਸੇ ਵੀ ਪੱਧਰ ਲਈ ਟਿਊਸ਼ਨ ਫੀਸ ਨਹੀਂ ਲੈਂਦਾ ਹੈ। ਪਰ ਸਾਲ 2017 ਤੋਂ ਇਹ ਗੈਰ-ਯੂਰਪੀ ਅਤੇ ਯੂਰਪ ਅਰਥਵਿਵਸਥਾ ਖੇਤਰ ਦੇ ਵਿਦਿਆਰਥੀਆਂ ਕੋਲੋਂ ਜਿਹੜੇ ਕਿ ਅੰਗਰੇਜ਼ੀ ''ਚ ਗਰੈਜੂਏਟ ਅਤੇ ਪੋਸਟ ਗਰੈਜੂਏਟ ਕਰਨਗੇ ਉਨ੍ਹਾਂ ਕੋਲੋਂ ਇੱਥੇ ਫੀਸ ਲਈ ਜਾਵੇਗੀ।

Related News