Year Ender 2022 : ਇਨ੍ਹਾਂ ਕੰਪਨੀਆਂ ਦੇ ਸ਼ੇਅਰ ਬਣੇ ਨਿਵੇਸ਼ਕਾਂ ਦੇ ਗਲੇ ਦੀ ਹੱਡੀ, ਸਰਕਾਰੀ ਕੰਪਨੀ ਵੀ ਸੂਚੀ 'ਚ ਸ਼ਾਮਲ

12/29/2022 2:34:33 PM

ਨਵੀਂ ਦਿੱਲੀ - ਸਾਲ 2022 ਦਰਮਿਆਨ ਸ਼ੇਅਰ ਬਾਜ਼ਾਰ 'ਚ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲੀ। ਕਈ ਵੱਡੀਆਂ ਕੰਪਨੀਆਂ ਨੇ ਆਪਣੇ IPO ਲਿਆਂਦੇ। ਕਈ ਕੰਪਨੀਆਂ ਅਜਿਹੀਆਂ ਸਨ ਜਿਨ੍ਹਾਂ ਦੇ ਸ਼ੇਅਰਾਂ ਵਿੱਚ ਨਿਵੇਸ਼ਕਾਂ ਨੇ ਪੈਸਾ ਕਮਾਉਣ ਦੀ ਉਮੀਦ ਵਿੱਚ ਨਿਵੇਸ਼ ਕੀਤਾ ਸੀ, ਪਰ ਇਨ੍ਹਾਂ ਸ਼ੇਅਰਾਂ ਨੇ ਲਾਭ ਦੀ ਥਾਂ ਘਾਟਾ ਹੀ ਘਾਟਾ ਦਿੱਤਾ ਅਤੇ ਗਲੇ ਦੀ ਹੱਡੀ ਸਾਬਤ ਹੋਏ। ਇਨ੍ਹਾਂ ਵਿੱਚ LIC,Paytm ਤੋਂ Nykaa ਤੱਕ ਦੇ ਨਾਮ ਸ਼ਾਮਲ ਹਨ, ਜੋ ਦੇਸ਼ ਦਾ ਵੱਡੇ IPO ਹੋਣ ਦਾ ਦਮ ਭਰਦੇ ਸਨ। ਭਾਰਤੀ ਜੀਵਨ ਬੀਮਾ ਨਿਗਮ ਦਾ ਆਈਪੀਓ ਲਿਆਉਣ ਲਈ ਸਰਕਾਰ ਨੇ ਪਹਿਲਾਂ ਤੋਂ ਵੱਡੇ ਪੱਧਰ 'ਤੇ ਤਿਆਰੀ ਕੀਤੀ ਸੀ। ਇਸ ਦੇ ਬਾਵਜੂਦ ਕੰਪਨੀ ਦੇ ਸ਼ੇਅਰ ਕੋਈ ਕਮਾਲ ਨਾ ਦਿਖਾ ਸਕੇ ਅਤੇ ਨਿਵੇਸ਼ਕਾਂ ਦੇ ਹੱਥ ਸਿਰਫ਼ ਨਿਰਾਸ਼ਾ ਹੀ ਲੱਗੀ।

LIC

ਸਰਕਾਰ ਦੀ ਹੁਣ ਤੱਕ ਦੀ ਲਾਭਦਾਇਕ ਕੰਪਨੀ ਰਹੀ ਜੀਵਨ ਬੀਮਾ ਨਿਗਮ ਤੋਂ ਨਿਵੇਸ਼ਕਾਂ ਨੂੰ ਭਾਰੀ ਉਮੀਦਾਂ ਸਨ। ਇਸ ਨੂੰ ਲੈ ਕੇ ਪਹਿਲਾਂ ਹੀ ਨਿਵੇਸ਼ਕਾਂ ਵਿਚ ਉਤਸ਼ਾਹ ਸੀ ਅਤੇ ਲੋਕ ਇਸ ਦਾ ਇੰਤਜ਼ਾਰ ਕਰ ਰਹੇ ਸਨ। LIC ਨੇ ਹੁਣ ਤੱਕ ਦਾ ਸਭ ਤੋਂ ਵੱਡਾ 21,000 ਕਰੋੜ ਰੁਪਏ ਦਾ ਆਈਪੀਓ ਪੇਸ਼ ਕੀਤਾ। ਇਸ ਲਈ ਕੰਪਨੀ ਨੇ 902-949 ਰੁਪਏ ਦਾ ਪ੍ਰਾਈਸ ਬੈਂਡ ਤੈਅ ਕੀਤਾ। ਪਰ ਉਮੀਦ ਦੇ ਉਲਟ ਲਿਸਟਿੰਗ ਦੇ ਪਹਿਲੇ ਹੀ ਦਿਨ ਕੰਪਨੀ ਦੇ ਸ਼ੇਅਰਾਂ ਵਿਚ 13 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਨਿਵੇਸ਼ਕ ਸ਼ੰਸ਼ੋਪੰਜ ਵਿਚ ਹੀ ਰਹੇ ਕਿ ਇਸ ਨੂੰ ਹੋਲਡ ਕੀਤਾ ਜਾਵੇ ਜਾਂ ਵੇਚ ਦਿੱਤਾ ਜਾਵੇ। ਹਾਲਾਂਕਿ ਹੁਣ ਇਸ ਦੇ ਸ਼ੇਅਰਾਂ ਵਿਚ ਰਿਕਵਰੀ ਦੇਖਣ ਨੂੰ ਮਿਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਕੰਪਨੀ ਦੇ ਸ਼ੇਅਰ 0.74 ਫ਼ੀਸਦੀ ਦੀ ਗਿਰਾਵਟ ਨਾਲ 682 ਰੁਪਏ ਦੇ ਪੱਧਰ 'ਤੇ ਟ੍ਰੇਡ ਕਰ ਰਹੇ ਹਨ।

ਇਹ ਵੀ ਪੜ੍ਹੋ : ਅਲਵਿਦਾ 2022 : ਭਾਰਤ ਤਰੱਕੀ ਦੇ ਰਾਹ ’ਤੇ, ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣੀ

Zomato

Zomato ਦੇ 14  ਜੁਲਾਈ ਨੂੰ ਲਾਂਚ ਹੋਏ IPO ਨੂੰ ਲੈ ਕੇ ਵੀ ਨਿਵੇਸ਼ਕ ਕਾਫ਼ੀ ਉਤਸ਼ਾਹਿਤ ਸਨ, ਕੰਪਨੀ ਨੇ ਸ਼ੇਅਰ ਬਾਜ਼ਾਰ ਵਿਚ ਧਮਾਕੇਦਾਰ ਆਗਾਜ਼ ਕੀਤਾ। ਇਸ ਦੇ ਬਾਵਜੂਦ ਸ਼ੇਅਰਾਂ ਨੇ ਕੁਝ ਦਿਨਾਂ ਬਾਅਦ ਹੀ ਨਿਵੇਸ਼ਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ 55 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ। ਇਸ ਦਾ ਪ੍ਰਾਇਸ ਬੈਂਡ 72-76 ਰੁਪਏ ਦਾ ਸੀ ਅਤੇ ਇਸ ਨੂੰ 38.25 ਗੁਣਾ ਤੋਂ ਜ਼ਿਆਦਾ ਸਬਸਕ੍ਰਾਈਬ ਕੀਤਾ ਗਿਆ ਸੀ। 16 ਨਵੰਬਰ ਨੂੰ ਸ਼ੇਅਰ 169.10 ਰੁਪਏ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। Zomato ਦੇ ਨਿਵੇਸ਼ਕਾਂ ਨੂੰ ਨੁਕਸਾਨ ਸਹਿਣ ਕਰਨਾ ਪੈ ਰਿਹਾ ਹੈ। ਕੰਪਨੀ ਦੇ ਸ਼ੇਅਰਾਂ ਦੀ ਕੀਮਤ 0.58 ਫ਼ੀਸਦੀ ਦੀ ਗਿਰਾਵਟ ਨਾਲ 59.80 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ। 

Paytm

ਦੇਸ਼ ਦੀ ਲਾਭ ਕਮਾਉਣ ਵਾਲੇ ਨਿੱਜੀ ਕੰਪਨੀ ਸ਼ੇਅਰ ਬਾਜ਼ਾਰ ਵਿਚ ਪਸਤ ਹੁੰਦੀ ਦੇਖੀ ਗਈ। ਇਸ ਦੇ ਨਾਲ ਹੀ ਹੁਣ ਕੰਪਨੀ ਕਈ ਵਿਵਾਦਾਂ ਵਿਚ ਵੀ ਘਿਰੀ ਹੋਈ ਹੈ। ਕੰਪਨੀ ਦੇ ਬੋਰਡ ਮੈਂਬਰਾਂ ਵਿਚ ਜਾਰੀ ਝਗੜੇ ਕਾਰਨ ਕੰਪਨੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ਨੇ 18,300 ਕਰੋੜ ਰੁਪਏ ਦਾ IPO ਲਾਂਚ ਕੀਤਾ ਸੀ। ਨਿਵੇਸ਼ਕਾਂ ਨੂੰ ਇਸ ਆਈਪੀਓ ਤੋਂ ਮੋਟਾ ਲਾਭ ਕਮਾਉਣ ਦੀਆਂ ਉਮੀਦਾਂ ਸਨ। ਉਮੀਦ ਦੇ ਉਲਟ ਇਸ ਦੀ ਲਿਸਟਿੰਗ ਵੀ ਬਹੁਤ ਹੈਰਾਨੀਜਨਕ ਰਹੀ। ਇਸ ਦਾ ਪ੍ਰਾਈਸ ਬੈਂਡ 2080-2150 ਰੁਪਏ ਦਾ ਰੱਖਿਆ ਗਿਆ ਸੀ ਅਤੇ ਲਿਸਟਿੰਗ 1950 ਰੁਪਏ ਨਾਲ ਹੋਈ। ਕੰਪਨੀ ਨੇ ਸ਼ੇਅਰ ਬਾਇਬੈਕ ਦਾ ਐਲਾਨ ਕੀਤਾ  ਹੈ। ਮੌਜੂਦਾ ਸਮੇਂ ਕੰਪਨੀ ਦਾ ਸ਼ੇਅਰ 1.89 ਫ਼ੀਸਦੀ ਦੀ ਗਿਰਾਵਟ ਨਾਲ 525.60 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : OLX ਅਤੇ ਜਸਟ ਡਾਇਲ ’ਤੇ ਪੁਰਾਣਾ ਸਾਮਾਨ ਵੇਚਣ ਵਾਲੇ ਬਣ ਰਹੇ ਸ਼ਿਕਾਰ, ਲੱਗਾ 54 ਕਰੋੜ ਰੁਪਏ ਦਾ ਚੂਨਾ

Nykaa

Nykaa ਦੀ ਪੇਰੈਂਟ ਕੰਪਨੀ fsn e-commerce ventures limited ਦੇ ਸ਼ੇਅਰਾਂ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਨਾਇਕਾ ਦਾ ਆਈਪੀਓ ਨੂੰ ਲੈ ਕੇ ਨਿਵੇਸ਼ਕਾਂ ਵਿਚ ਬਹੁਤ ਹੀ ਉਤਸ਼ਾਹ ਸੀ। ਸ਼ੇਅਰ ਬਾਜ਼ਾਰ ਵਿਚ ਕੰਪਨੀ ਦੇ ਸ਼ੇਅਰ ਲਿਸਟ ਹੁੰਦੇ ਹੀ ਨਿਵੇਸ਼ਕਾਂ ਨੂੰ ਬੰਪਰ ਕਮਾਈ ਹੋਈ। ਪਰ ਨਿਵੇਸ਼ਕਾਂ ਵਲੋਂ ਮੁਨਾਫ਼ਾ ਵਸੂਲੀ ਕਾਰਨ ਸਤੰਬਰ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 96 ਫ਼ੀਸਦੀ ਡਿੱਗ ਕੇ 1.1 ਕਰੋੜ ਰੁਪਏ ਰਹਿ ਗਿਆ। ਲਿਸਟਿੰਗ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ। ਫਿਲਹਾਲ Nykaa ਦਾ ਸ਼ੇਅਰ ਅੱਧੀ ਤੋਂ ਵੀ ਘੱਟ ਕੀਮਤ ਲਗਭਗ  0.33 ਫ਼ੀਸਦੀ ਦੀ ਗਿਰਾਵਟ ਨਾਲ 151.95 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਪਿਛਲੇ ਸਾਲ 26 ਨਵੰਬਰ ਨੂੰ ਇਸ ਦਾ ਸ਼ੇਅਰ 2574 ਰੁਪਏ ਦੇ ਰਿਕਾਰਡ ਪੱਧਰ ਤੱਕ ਆਪਣੀ ਪਹੁੰਚ ਦਰਜ ਕਰ ਚੁੱਕਾ ਹੈ।  

Ploicy Bazar

ਨਿਵੇਸ਼ਕਾਂ ਦੀ ਘਾਟਾ ਦਵਾਉਣ ਵਿਚ ਪਾਲਸੀ ਬਾਜ਼ਾਰ ਦੀ ਪੇਰੈਂਟ ਕੰਪਨੀ PB Fintech ਦਾ ਨਾਂ ਵੀ ਸ਼ਾਮਲ ਹੈ। ਇਸ ਦੇ ਸ਼ੇਅਰ ਆਪਣੇ ਆਲਟਾਈਮ ਹਾਈ ਪ੍ਰਾਈਸ ਤੋਂ 70 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। 17 ਨਵੰਬਰ 2021 ਨੂੰ ਕੰਪਨੀ ਦਾ ਸਟਾਕ 1,470 ਰੁਪਏ ਦੇ ਆਲ ਟਾਈਮ ਹਾਈ ਲੈਵਲ 'ਤੇ ਪਹੁੰਚ ਗਿਆ ਸੀ, ਜਦੋਂਕਿ ਮੌਜੂਦਾ ਸਮੇਂ 28 ਦਸੰਬਰ ਨੂੰ ਇਹ NSE 'ਤੇ 460.60 ਰੁਪਏ ਅਤੇ 461.20 ਰੁਪਏ  BSE 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੇਅਰ ਆਪਣੇ ਉੱਚ ਪੱਧਰ ਤੋਂ 1010 ਰੁਪਏ ਤੱਕ ਡਿੱਗ ਕੇ ਕਾਰੋਬਾਰ ਕਰ ਰਹੇ ਹਨ। 

ਇਹ ਵੀ ਪੜ੍ਹੋ : ਪੂਰੇ ਦੇਸ਼ ਦੇ ਵੱਡੇ ਮੰਦਰਾਂ ਦੇ ਪੰਡਿਤ ਕਰਨਗੇ ਪੂਜਾ, 300 ਕਿਲੋ ਸੋਨਾ ਦਾਨ ਕਰੇਗਾ ਅੰਬਾਨੀ ਪਰਿਵਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News