ਗਲੋਬਲ ਗੋਲਡ ETF ’ਚੋਂ 5 ਮਹੀਨਿਆਂ ’ਚ 3.9 ਅਰਬ ਡਾਲਰ ਦੀ ਨਿਕਾਸੀ

06/03/2024 12:42:00 PM

ਨਵੀਂ ਦਿੱਲੀ (ਇੰਟ.) – ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਨੇ ਆਪਣੀ ਇਕ ਤਾਜ਼ਾ ਰਿਪੋਰਟ ਵਿਚ ਕਿਹਾ ਹੈ ਕਿ ਏ. ਯੂ. ਐੱਮ. ਦੇ ਲਿਹਾਜ਼ ਨਾਲ ਦੁਨੀਆ ਦੇ ਸਭ ਤੋਂ ਵੱਡੇ ਗੋਲਡ ਈ. ਟੀ. ਐੱਫ. ਜੀ. ਡੀ. ਐਕਸ., ਵੈਨੇਕ ਵੈਕਟਰਜ਼ ਗੋਲਡ ਮਾਈਨਰਜ਼ ਈ. ਟੀ. ਐੱਫ. (13.26 ਅਰਬ ਡਾਲਰ) ਅਤੇ ਜੀ. ਐੱਲ. ਡੀ., ਐੱਸ. ਪੀ. ਡੀ. ਆਰ. ਗੋਲਡ ਟਰੱਸਟ ਈ. ਟੀ. ਐੱਫ. (61.71 ਅਰਬ ਡਾਲਰ) ਨੇ ਇਸ ਕੈਲੰਡਰ ਸਾਲ ’ਚ ਹੁਣ ਤਕ 3.946 ਅਰਬ ਡਾਲਰ ਦੀ ਸ਼ੁੱਧ ਨਿਕਾਸੀ ਦਰਜ ਕੀਤੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦੋਵਾਂ ਫੰਡਾਂ ਨੇ ਜਨਵਰੀ ਤੋਂ ਹੁਣ ਤਕ ਦੇ 5 ਮਹੀਨਿਆਂ ਵਿਚੋਂ 2 ਦੌਰਾਨ ਹੀ ਪਾਜ਼ੇਟਿਵ ਪ੍ਰਵਾਹ ਦਰਜ ਕੀਤਾ ਹੈ। ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੋਨੇ ਵਿਚ ਈ. ਟੀ. ਐੱਫ. ਨਿਵੇਸ਼ ਦਾ ਦਾਇਰਾ ਵਧਣ ਤੋਂ ਬਾਅਦ ਕਈ ਫੰਡਾਂ ਵਿਚ ਇਸੇ ਤਰ੍ਹਾਂ ਦਾ ਰੁਝਾਨ ਵੇਖਿਆ ਗਿਆ ਹੈ ਅਤੇ ਸਾਲ ਦੀ ਸ਼ੁਰੂਆਤ ਤੋਂ ਹੀ ਵੱਡੇ ਪੈਮਾਨੇ ’ਤੇ ਨਿਕਾਸੀ ਹੋਈ ਹੈ। 6 ਫੰਡਾਂ ਵਿਚ ਸ਼ੁੱਧ ਪ੍ਰਵਾਹ 2024 ਦੇ ਸ਼ੁਰੂ ਤੋਂ ਮਈ 2024 ਤਕ 4.96 ਅਰਬ ਡਾਲਰ ਰਿਹਾ ਹੈ।

ਦੂਜੇ ਪਾਸੇ ਪਿਛਲੇ ਕੁਝ ਮਹੀਨਿਆਂ ਤੋਂ ਕੇਂਦਰੀ ਬੈਂਕਾਂ ਦੀ ਮਜ਼ਬੂਤ ਮੰਗ ਵਿਚਾਲੇ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਹਨ। ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਅਨੁਸਾਰ ਮੰਗ ਵਿਚ ਇਹ ਤੇਜ਼ੀ ਮੁੱਖ ਤੌਰ ’ਤੇ ਭੂ-ਸਿਆਸੀ ਘਟਨਾਚੱਕਰ ਅਤੇ ਕਈ ਦੇਸ਼ਾਂ ਵਿਚ ਮਹਿੰਗਾਈ ਦੇ ਰੁਝਾਨਾਂ ਸਬੰਧੀ ਵਧ ਰਹੀ ਬੇਯਕੀਨੀ ਕਾਰਨ ਆਈ ਹੈ। ਨਤੀਜੇ ਵਜੋਂ ਸੋਨੇ ਦੀਆਂ ਕੀਮਤਾਂ ਵਿਚ ਇਸ ਸਾਲ ਹੁਣ ਤਕ ਲਗਭਗ 13 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਬੈਂਕ ਵਿਆਜ ਦਰਾਂ ਉਤਰਾਅ-ਚੜ੍ਹਾਅ ਦੇ ਦੌਰ ਵਿਚ ਦਾਖਲ ਹੋ ਰਹੀਆਂ ਹਨ, ਇਸ ਲਈ ਨਿਵੇਸ਼ਕ ਕਰੰਸੀ ਬਾਜ਼ਾਰਾਂ ਵਿਚ ਵੀ ਅਸਥਿਰਤਾ ਵਧਣ ਦੀ ਉਮੀਦ ਕਰ ਸਕਦੇ ਹਨ। ਵਿਆਜ ਦਰਾਂ ਵਿਚ ਉਤਰਾਅ-ਚੜ੍ਹਾਅ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਕਰੰਸੀ ਵਿਚ ਤੇਜ਼ੀ ਆਏ ਜਾਂ ਕਮੀ, ਜੋਖਿਮ ਖਿਲਾਫ ਸੁਰੱਖਿਆ ਲਈ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ।

ਵਰਲਡ ਗੋਲਡ ਕੌਂਸਲ (ਡਬਲਿਊ. ਜੀ. ਸੀ.) ਦੀ ਰਿਪੋਰਟ ਅਨੁਸਾਰ ਵਿਸ਼ਵ ਪੱਧਰ ’ਤੇ ਸੋਨੇ ਲਈ ਕੇਂਦਰੀ ਬੈਂਕਾਂ ਦੀ ਸ਼ੁੱਧ ਮੰਗ ਜਨਵਰੀ-ਮਾਰਚ 2024 ਦੀ ਤਿਮਾਹੀ ਵਿਚ 290 ਟਨ ’ਤੇ ਪਹੁੰਚ ਗਈ, ਜੋ ਪਿਛਲੀ ਮਿਆਦ ਦੇ 286.2 ਟਨ ਦੇ ਮੁਕਾਬਲੇ 1 ਫੀਸਦੀ ਤਕ ਵੱਧ ਹੈ। ਕੌਂਸਲ ਦਾ ਕਹਿਣਾ ਹੈ ਕਿ ਇਹ ਕਿਸੇ ਕੈਲੰਡਰ ਸਾਲ ’ਚ ਸਭ ਤੋਂ ਮਜ਼ਬੂਤ ਸ਼ੁਰੂਆਤ ਸੀ।

ਮਾਰਚ ਦੀ ਤਿਮਾਹੀ ’ਚ ਕੇਂਦਰੀ ਬੈਂਕਾਂ ਦੀ ਸੋਨੇ ਦੀ ਖਰੀਦ 171 ਟਨ ਦੇ 5 ਸਾਲਾ ਤਿਮਾਹੀ ਔਸਤ ਦੇ ਮੁਕਾਬਲੇ 69 ਫੀਸਦੀ ਵੱਧ ਸੀ।


Harinder Kaur

Content Editor

Related News