ਮੁਫਤ ਲੈਣਾ ਹੈ ਰਸੋਈ ਗੈਸ ਕੁਨੈਕਸ਼ਨ ਤਾਂ ਸਤੰਬਰ ਤਕ ਕਰ ਲਓ ਇਹ ਕੰਮ!
Sunday, Aug 06, 2017 - 03:46 PM (IST)
ਨਵੀਂ ਦਿੱਲੀ— ਜੇਕਰ ਤੁਸੀਂ ਉਜਵਲਾ ਯੋਜਨਾ ਦਾ ਲਾਭ ਲੈਣ ਦੇ ਪਾਤਰ ਹੋ ਤਾਂ ਸਤੰਬਰ ਤਕ ਆਪਣਾ ਆਧਾਰ ਬਣਾ ਲਓ। ਇਸ ਤੋਂ ਬਿਨਾਂ ਰਸੋਈ ਗੈਸ ਕੁਨੈਕਸ਼ਨ ਨਹੀਂ ਮਿਲੇਗਾ। ਮੁਫਤ ਐੱਲ. ਪੀ. ਜੀ. ਕੁਨੈਕਸ਼ਨ ਲਈ ਅਰਜ਼ੀ ਦੇਣ ਵਾਲੀਆਂ ਗਰੀਬ ਔਰਤਾਂ ਨੂੰ ਸਰਕਾਰ ਨੇ ਆਧਾਰ ਬਣਾਉਣ ਲਈ ਹੋਰ ਸਮਾਂ ਦੇਣ ਦਾ ਫੈਸਲਾ ਕੀਤਾ ਹੈ। ਹੁਣ ਉਨ੍ਹਾਂ ਨੂੰ ਸਤੰਬਰ ਅੰਤ ਤਕ ਆਧਾਰ ਨੰਬਰ ਲਈ ਰਜਿਸਟਰੇਸ਼ਨ ਕਰਾਉਣਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਉਜਵਲਾ ਯੋਜਨਾ ਦਾ ਲਾਭ ਲੈਣ ਲਈ ਆਧਾਰ ਜ਼ਰੂਰੀ ਹੈ।
ਇਸ ਯੋਜਨਾ ਤਹਿਤ ਗਰੀਬ ਘਰਾਂ ਦੀਆਂ ਔਰਤਾਂ ਨੂੰ ਮੁਫਤ ਐੱਲ. ਪੀ. ਜੀ. ਕੁਨੈਕਸ਼ਨ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਸਰਕਾਰ ਨੇ ਇਸ ਸਾਲ ਮਾਰਚ 'ਚ ਕਿਹਾ ਸੀ ਕਿ ਜੇਕਰ ਕਿਸੇ ਕੋਲ ਆਧਾਰ ਨਹੀਂ ਹੈ ਅਤੇ ਮੁਫਤ ਐੱਲ. ਪੀ. ਜੀ. ਕੁਨੈਕਸ਼ਨ ਲੈਣ ਦੀ ਇੱਛਾ ਹੈ ਤਾਂ 31 ਮਈ ਤਕ ਆਧਾਰ ਕਾਰਡ ਲਈ ਅਪਲਾਈ ਕਰਨਾ ਹੋਵੇਗਾ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਇਸ ਤਰੀਕ ਨੂੰ 30 ਸਤੰਬਰ ਤਕ ਲਈ ਵਧਾ ਦਿੱਤਾ ਗਿਆ ਹੈ। ਸਰਕਾਰ ਨੇ ਐੱਲ. ਪੀ. ਜੀ. ਸਬਸਿਡੀ ਲਈ ਵੀ ਪਿਛਲੇ ਸਾਲ ਅਕਤੂਬਰ 'ਚ ਆਧਾਰ ਨੂੰ ਜ਼ਰੂਰੀ ਬਣਾ ਦਿੱਤਾ ਸੀ। ਇਸ ਸਾਲ ਮਾਰਚ 'ਚ ਉਜਵਲਾ ਯੋਜਨਾ ਤਹਿਤ ਮੁਫਤ ਕੁਨੈਕਸ਼ਨ ਲੈਣ ਲਈ ਵੀ ਆਧਾਰ ਨੂੰ ਜ਼ਰੂਰੀ ਕੀਤਾ ਗਿਆ ਹੈ। ਸਰਕਾਰ ਨੇ 3 ਸਾਲ 'ਚ 5 ਕਰੋੜ ਗਰੀਬ ਔਰਤਾਂ ਨੂੰ ਸਾਫ ਬਾਲਣ ਉਪਲੱਬਧ ਕਰਾਉਣ ਦੇ ਮਕਸਦ ਨਾਲ ਪਿਛਲੇ ਸਾਲ ਉਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਤਹਿਤ ਅਜੇ ਤਕ 2.6 ਕਰੋੜ ਮੁਫਤ ਕੁਨੈਕਸ਼ਨ ਵੰਡੇ ਜਾ ਚੁੱਕੇ ਹਨ।
