ਵੋਡਾਫੋਨ-ਆਈਡਿਆ ਦੇ ਸ਼ੇਅਰਾਂ ''ਚ 26 ਫੀਸਦੀ ਦੀ ਗਿਰਾਵਟ

07/29/2019 1:47:38 PM

ਨਵੀਂ ਦਿੱਲੀ — ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ ਨੂੰ ਲਗਾਤਾਰ ਦੂਜੇ ਦਿਨ ਵੱਡਾ ਝਟਕਾ ਲੱਗਾ ਹੈ। ਸ਼ਨੀਵਾਰ ਨੂੰ ਜਾਰੀ ਜੂਨ ਤਿਮਾਹੀ ਦੇ ਨਤੀਜਿਆਂ 'ਚ ਕੰਪਨੀ ਨੂੰ 4873 ਕਰੋੜ ਰੁਪਏ ਦੇ ਨੁਕਸਾਨ ਕਾਰਨ ਸੋਮਵਾਰ ਨੂੰ ਵੋਡਾਫੋਨ-ਆਈਡੀਆ ਦੇ ਨਿਵੇਸ਼ਕਾਂ 'ਚ ਵਿਕਰੀ ਦਾ ਰੁਖ਼ ਰਿਹਾ। ਇਸ ਕਾਰਨ ਕੰਪਨੀ ਦੇ ਸ਼ੇਅਰ ਘਰੇਲੂ ਬਜ਼ਾਰ ਵਿਚ 26 ਫੀਸਦੀ ਦੇ ਕਰੀਬ ਟੁੱਟ ਗਏ।

ਜਿਕਰਯੋਗ ਹੈ ਕਿ ਵੋਡਾਫੋਨ ਗਰੁੱਪ ਦੇ ਭਾਰਤੀ ਯੂਨਿਟ ਅਤੇ ਆਈਡੀਆ ਸੈਲੂਲਰ ਦਾ ਰਲੇਵਾਂ 31 ਅਗਸਤ 2018 ਨੂੰ ਹੋਇਆ ਸੀ। ਇਨ੍ਹਾਂ ਦੋਵਾਂ ਦੇ ਰਲੇਵੇਂ ਨੂੰ ਅਜੇ ਇਕ ਸਾਲ ਵੀ ਪੂਰਾ ਨਹੀਂ ਹੋਇਆ ਅਤੇ ਹੁਣ ਕੰਪਨੀ ਵੱਡੇ ਘਾਟੇ ਦਾ ਸਾਹਮਣਾ ਕਰ ਰਹੀ ਹੈ। ਕਈ ਦਿਨਾਂ ਤੋਂ ਜਾਰੀ ਵਿਕਰੀ ਦਾ ਅਸਰ ਘਰੇਲੂ ਸ਼ੇਅਰ ਬਜ਼ਾਰਾਂ 'ਤੇ ਸੋਮਵਾਰ ਨੂੰ ਵੀ ਦਿਖਾਈ ਦੇ ਰਿਹਾ ਹੈ। ਅੱਜ ਸਵੇਰੇ ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸਕਸ 154 ਅੰਕ ਟੁੱਟ ਕੇ 37,728 ਅੰਕਾਂ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 71 ਅੰਕ ਟੁੱਟ ਕੇ 11,212 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। 

ਸੈਂਸੈਕਸ 'ਚ 27.14 ਫੀਸਦੀ ਦੀ ਗਿਰਾਵਟ

ਬੰਬਈ ਸਟਾਕ ਐਕਸਚੇਂਜ 'ਚ ਅੱਜ ਵੋਡਾਫੋਨ-ਆਈਡੀਆ ਦੇ ਸ਼ੇਅਰ 27.14 ਫੀਸਦੀ ਟੁੱਟ ਕੇ 6.74 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਹਨ। ਸ਼ੁੱਕਰਵਾਰ ਨੂੰ 9.25 ਰੁਪਏ 'ਤੇ ਬੰਦ ਹੋਣ ਵਾਲੇ ਵੋਡਾਫੋਨ-ਆਈਡੀਆ ਦੇ ਸ਼ੇਅਰ ਸੋਮਵਾਰ ਨੂੰ 9 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਖੁੱਲ੍ਹੇ। ਇਸ ਦੇ ਬਾਅਦ ਤੋਂ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸੈਂਸੈਕਸ 'ਚ ਇਹ ਆਪਣੇ 52 ਹਫਤਿਆਂ ਦੇ ਸਭ ਤੋਂ ਹੇਠਲੇ ਪੱਧਰ 6.60 ਫੀਸਦੀ ਦੇ ਨੇੜੇ ਪਹੁੰਚ ਗਏ ਹਨ। ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ 'ਚ ਵੀ ਗਿਰਾਵਟ ਦਾ ਦੌਰ ਜਾਰੀ ਹੈ ਅਤੇ ਕੰਪਨੀ ਦੇ ਸ਼ੇਅਰ 27.57 ਫੀਸਦੀ ਟੁੱਟ ਕੇ 6.70 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਹਨ। ਸੈਂਸੈਕਸ 'ਚ ਵੋਡਾਫੋਨ-ਆਈਡਿਆ ਦਾ ਮਾਰਕਿਟ ਕੈਪ ਡਿੱਗ ਕੇ 19,338 ਕਰੋੜ ਰੁਪਏ 'ਤੇ ਆ ਗਿਆ ਹੈ। 

ਪਹਿਲੀ ਤਿਮਾਹੀ 'ਚ 4873.9 ਕਰੋੜ ਰੁਪਏ ਦਾ ਨੁਕਸਾਨ

ਵੋਡਾਫੋਨ-ਆਈਡੀਆ ਵਲੋਂ ਜਾਰੀ ਕੀਤੇ ਗਏ ਜੂਨ ਤਿਮਾਹੀ ਦੇ ਨਤੀਜਿਆਂ 'ਚ ਕਿਹਾ ਗਿਆ ਸੀ ਕਿ ਕੰਪਨੀ ਨੂੰ ਇਸ ਮਿਆਦ ਵਿਚ 4873.9 ਕਰੋੜ ਦਾ ਕੰਸੋਲੀਡੇਟਿਡ ਨੁਕਸਾਨ ਹੋਇਆ ਹੈ। ਵੋਡਾਫੋਨ-ਆਈਡੀਆ ਨੂੰ ਅਪ੍ਰੈਲ-ਜੂਨ ਤਿਮਾਹੀ 'ਚ 11269 ਕਰੋੜ ਰੁਪਏ ਦਾ ਮਾਲੀਆ ਮਿਲਿਆ ਜਿਹੜਾ ਪਿਛਲੇ ਸਾਲ ਦੀ ਇਸ ਮਿਆਦ ਦੇ 11,775 ਕਰੋੜ ਰੁਪਏ ਦੇ ਮੁਕਾਬਲੇ ਘੱਟ ਹੈ। 

 


Related News