ਅਡਾਨੀ, ਅੰਬਾਨੀ ’ਚ ਪਹਿਲੀ ਵਾਰ ਗਠਜੋੜ, ਰਿਲਾਇੰਸ ਨੇ ਅਡਾਨੀ ਪਾਵਰ ਦੇ ਪ੍ਰਾਜੈਕਟ ’ਚ ਖਰੀਦੀ 26 ਫੀਸਦੀ ਹਿੱਸੇਦਾਰੀ
Friday, Mar 29, 2024 - 04:11 PM (IST)

ਨਵੀਂ ਦਿੱਲੀ (ਭਾਸ਼ਾ) - ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟ੍ਰੀਜ਼ ਨੇ ਆਪਣੇ ਵਿਰੋਧੀ ਕਾਰੋਬਾਰੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਪਾਵਰ ਦੇ ਮੱਧ ਪ੍ਰਦੇਸ਼ ’ਚ ਇਕ ਬਿਜਲੀ ਪ੍ਰਾਜੈਕਟ ’ਚ 26 ਫੀਸਦੀ ਹਿੱਸੇਦਾਰੀ ਖਰੀਦੀ ਹੈ। ਇਹ ਪਹਿਲਾ ਮੌਕਾ ਹੈ ਜਦੋਂ 2 ਵਿਰੋਧੀ ਅਰਬਪਤੀ ਉਦਯੋਗਪਤੀਆਂ ’ਚ ਕਿਸੇ ਤਰ੍ਹਾਂ ਦਾ ਗਠਜੋੜ ਹੋਇਆ ਹੈ।
ਰਿਲਾਇੰਸ ਇੰਡਸਟ੍ਰੀਜ਼ ਨੇ ਪਲਾਂਟ ਦੀ 500 ਮੈਗਾਵਾਟ ਬਿਜਲੀ ਦਾ ਖੁਦ ਇਸਤੇਮਾਲ (ਕੈਪੀਟਵ ਯੂਜ਼) ਕਰਨ ਲਈ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਦੋਵੇਂ ਕੰਪਨੀਆਂ ਨੇ ਸ਼ੇਅਰ ਬਾਜ਼ਾਰਾਂ ਨੂੰ ਵੱਖ-ਵੱਖ ਦਿੱਤੀ ਸੂਚਨਾ ’ਚ ਕਿਹਾ ਕਿ ਰਿਲਾਇੰਸ, ਅਡਾਨੀ ਪਾਵਰ ਲਿਮਟਿਡ ਦੀ ਪੂਰੀ ਮਾਲਕੀਅਤ ਵਾਲੀ ਸਹਾਇਕ ਕੰਪਨੀ ਮਹਾਨ ਐਨਰਜਨ ਲਿਮਟਿਡ ’ਚ 10 ਰੁਪਏ ਅੰਕਿਤ ਮੁੱਲ (50 ਕਰੋੜ ਰੁਪਏ) ਦੇ 5 ਕਰੋੜ ਇਕਵਿਟੀ ਸ਼ੇਅਰ ਖਰੀਦੇਗੀ ਅਤੇ ਨਿੱਜੀ ਯੂਜ਼ ਲਈ 500 ਮੈਗਾਵਾਟ ਉਤਪਾਦਨ ਸਮਰਥਾ ਦੀ ਵਰਤੋਂ ਕਰੇਗੀ। ਗੁਜਰਾਤ ਦੇ ਇਨ੍ਹਾਂ ਦੋਵਾਂ ਉਦਯੋਗਪਤੀਆਂ ਨੂੰ ਅਕਸਰ ਮੀਡੀਆ ਅਤੇ ਆਲੋਚਕਾਂ ਦੁਆਰਾ ਇਕ-ਦੂਜੇ ਖਿਲਾਫ ਖੜ੍ਹਾ ਕੀਤਾ ਜਾਂਦਾ ਰਿਹਾ ਹੈ।