ਰਿਕਾਰਡ ਹੀ ਨਹੀਂ ਸੁਪਨੇ ਵੀ ਤੋੜ ਰਿਹੈ ਰੁਪਇਆ
Sunday, Oct 07, 2018 - 09:38 PM (IST)

ਨਵੀਂ ਦਿੱਲੀ— ਚਾਲੂ ਵਿੱਤੀ ਸਾਲ ਦੌਰਾਨ ਡਾਲਰ ਦੇ ਮੁਕਾਬਲੇ ਰੁਪਏ 'ਚ ਕਰੀਬ 12 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ । ਭਾਰਤੀ ਰੁਪਏ 'ਚ ਹੀ ਨਹੀਂ, ਸਗੋਂ ਕਈ ਦੇਸ਼ਾਂ ਦੀ ਕਰੰਸੀ 'ਚ ਡਾਲਰ ਦੇ ਮੁਕਾਬਲੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ । ਜ਼ਿਕਰਯੋਗ ਹੈ ਕਿ ਬੀਤੇ ਡੇਢ ਮਹੀਨੇ ਤੋਂ ਡਾਲਰ ਦੇ ਮੁਕਾਬਲੇ ਰੁਪਏ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਮੌਜੂਦਾ ਸਮੇਂ ਵਿਚ ਰੁਪਇਆ ਪੂਰੀ ਏਸ਼ੀਆਈ ਕਰੰਸੀ ਦੇ ਮੁਕਾਬਲੇ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣ ਗਿਆ ਹੈ । ਰੁਪਇਆ ਜਿੱਥੇ ਖਰਾਬ ਪ੍ਰਦਰਸ਼ਨ ਦੇ ਰਿਕਾਰਡ ਤੋੜ ਰਿਹਾ ਹੈ, ਉਥੇ ਲੋਕਾਂ ਦੇ ਸੁਪਨੇ ਵੀ ਤੋੜ ਰਿਹਾ ਹੈ । ਸ਼ੁੱਕਰਵਾਰ ਨੂੰ ਕਾਰੋਬਾਰ ਦੌਰਾਨ ਰੁਪਇਆ 74.24 ਦੇ ਨਵੇਂ ਰਿਕਾਰਡ ਪੱਧਰ 'ਤੇ ਫਿਸਲ ਗਿਆ ਸੀ । ਹਾਲਾਂਕਿ ਅੰਤਿਮ ਕਾਰੋਬਾਰੀ ਸੈਸ਼ਨ ਤੋਂ ਬਾਅਦ ਰੁਪਏ ਵਿਚ ਹਲਕੀ ਰਿਕਵਰੀ ਦੇਖਣ ਨੂੰ ਮਿਲੀ । ਇਸ ਤੋਂ ਬਾਅਦ ਡਾਲਰ ਦੇ ਮੁਕਾਬਲੇ ਰੁਪਇਆ 73.77 ਦੇ ਪੱਧਰ 'ਤੇ ਬੰਦ ਹੋਇਆ ।
20 ਫੀਸਦੀ ਤੱਕ ਮਹਿੰਗੀ ਹੋ ਸਕਦੀ ਹੈ ਵਿਦੇਸ਼ਾਂ 'ਚ ਪੜ੍ਹਾਈ
ਡਾਲਰ ਦੇ ਮੁਕਾਬਲੇ ਰੁਪਏ ਵਿਚ ਇਸ ਵੱਡੀ ਕਮਜ਼ੋਰੀ ਤੋਂ ਬਾਅਦ ਹੁਣ ਵਿਦੇਸ਼ਾਂ ਵਿਚ ਪੜ੍ਹਨ ਦਾ ਸੁਪਨਾ ਵੇਖਣ ਵਾਲੇ ਭਾਰਤੀ ਨੌਜਵਾਨਾਂ ਦਾ ਸੁਪਨਾ ਟੁੱਟਦਾ ਵਿਖਾਈ ਦੇ ਰਿਹਾ ਹੈ। ਰੁਪਏ ਦੀ ਇਸ ਖ਼ਰਾਬ ਹਾਲਤ ਤੋਂ ਬਾਅਦ ਉਨ੍ਹਾਂ ਪਰਿਵਾਰਾਂ ਲਈ ਚਿੰਤਾ ਵਧ ਗਈ ਹੈ, ਜਿਨ੍ਹਾਂ ਦੇ ਬੱਚੇ ਫਿਲਹਾਲ ਵਿਦੇਸ਼ਾਂ ਵਿਚ ਪੜ੍ਹਾਈ ਕਰ ਰਹੇ ਹਨ । ਇਕ ਅੰਦਾਜ਼ੇ ਮੁਤਾਬਕ ਜੇਕਰ ਡਾਲਰ ਦੇ ਮੁਕਾਬਲੇ ਰੁਪਇਆ 78 ਤੋਂ 79 ਦੇ ਪੱਧਰ 'ਤੇ ਚਲਾ ਜਾਂਦਾ ਹੈ ਤਾਂ ਇਸ ਨਾਲ ਵਿਦੇਸ਼ਾਂ 'ਚ ਪੜ੍ਹਾਈ 20 ਫੀਸਦੀ ਤੱਕ ਮਹਿੰਗੀ ਹੋ ਸਕਦੀ ਹੈ। ਫਿਲਹਾਲ ਅਮਰੀਕਾ 'ਚ ਐੱਮ. ਬੀ. ਏ. ਦੀ ਪੜ੍ਹਾਈ 5.5 ਲੱਖ ਰੁਪਏ ਮਹਿੰਗੀ ਅਤੇ ਡਿਗਰੀ ਕੋਰਸ ਵੀ 2.5 ਤੋਂ 3 ਲੱਖ ਰੁਪਏ ਤੱਕ ਮਹਿੰਗੇ ਹੋ ਚੁੱਕੇ ਹਨ।
ਦੂਜੇ ਦੇਸ਼ਾਂ ਦਾ ਰੁਖ਼ ਕਰ ਸਕਦੇ ਹਨ ਨੌਜਵਾਨ
ਪਿਛਲੇ 12 ਮਹੀਨੇ 'ਚ ਪੌਂਡ 85.5 ਰੁਪਏ ਤੋਂ ਵਧ ਕੇ 96.7 ਰੁਪਏ, ਉਥੇ ਹੀ ਡਾਲਰ 65.2 ਤੋਂ 74.2 ਹੋ ਗਿਆ ਹੈ। ਯੂਰੋ ਦੀ ਗੱਲ ਕਰੀਏ ਤਾਂ ਇਹ ਵੀ 76.3 ਤੋਂ 84.8 ਹੋ ਚੁੱਕਾ ਹੈ। ਇਕ ਜਾਣਕਾਰਾ ਮੁਤਾਬਕ ਜੇਕਰ ਪੱਛਮੀ ਦੇਸ਼ਾਂ ਦੀ ਕਰੰਸੀ ਦੇ ਮੁਕਾਬਲੇ ਰੁਪਏ 'ਚ ਇਸੇ ਤਰ੍ਹਾਂ ਹੀ ਕਮਜ਼ੋਰੀ ਦੇਖਣ ਨੂੰ ਮਿਲਦੀ ਰਹੀ ਤਾਂ ਭਾਰਤੀ ਨੌਜਵਾਨ ਵਿਦੇਸ਼ਾਂ 'ਚ ਪੜ੍ਹਾਈ ਲਈ ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ ਅਤੇ ਹਾਂਗਕਾਂਗ ਦਾ ਰੁਖ਼ ਕਰ ਸਕਦੇ ਹਨ। ਕੁੱਝ ਕੰਸਲਟੈਂਟਸ ਦਾ ਮੰਨਣਾ ਹੈ ਕਿ ਰੁਪਏ ਦੀ ਇਸ ਗਿਰਾਵਟ ਨਾਲ ਮੌਜੂਦਾ ਸਾਲ 'ਚ ਵਿਦੇਸ਼ਾਂ 'ਚ ਪੜ੍ਹਨ ਵਾਲੇ ਨੌਜਵਾਨਾਂ 'ਚ ਕਮੀ ਨਹੀਂ ਆਵੇਗੀ ਕਿਉਂਕਿ ਜ਼ਿਆਦਾਤਰ ਮਾਂ-ਬਾਪ ਅਤੇ ਬੱਚੇ ਪਹਿਲਾਂ ਹੀ ਅਮਰੀਕਾ ਅਤੇ ਯੂਰਪੀ ਦੇਸ਼ਾਂ 'ਚ ਅੱਗੇ ਪੜ੍ਹਾਈ ਲਈ ਵਚਨਬੱਧਤਾ ਦੇ ਚੁੱਕੇ ਹਨ।
ਬਰਾਮਦਕਾਰਾਂ ਨੂੰ ਫਾਇਦਾ, ਦਰਾਮਦਕਾਰਾਂ ਨੂੰ ਨੁਕਸਾਨ
ਧਿਆਨਯੋਗ ਹੈ ਕਿ ਲਗਾਤਾਰ 3 ਦਿਨਾਂ ਤੱਕ ਚਲੀ ਕਰੰਸੀ ਨੀਤੀ ਸਮੀਖਿਆ ਬੈਠਕ 'ਚ ਕਮੇਟੀ ਨੇ ਨੀਤੀਗਤ ਵਿਆਜ ਦਰਾਂ 'ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਲਿਆ ਸੀ, ਜਿਸ ਤੋਂ ਬਾਅਦ ਵਿਆਜ ਦਰ ਅਜੇ 6.50 ਫੀਸਦੀ ਦੇ ਪੱਧਰ 'ਤੇ ਕਾਇਮ ਹੈ । ਰੁਪਏ ਦੀ ਇਸ ਗਿਰਾਵਟ ਨਾਲ ਇਕ ਪਾਸੇ ਬਰਾਮਦ ਕਰਨ ਵਾਲੇ ਸੈਕਟਰ 'ਚ ਰੌਣਕ ਦੇਖਣ ਨੂੰ ਮਿਲ ਰਹੀ ਹੈ ਤਾਂ ਉਥੇ ਹੀ ਦਰਾਮਦ ਨਾਲ ਭਾਰਤ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦਰਅਸਲ ਬਰਾਮਦ ਕਰਨ 'ਤੇ ਡਾਲਰ ਦੇ ਮੁਕਾਬਲੇ ਜ਼ਿਆਦਾ ਰੁਪਏ ਮਿਲ ਰਹੇ ਹਨ, ਉਥੇ ਹੀ ਦਰਾਮਦ ਲਈ ਜ਼ਿਆਦਾ ਖਰਚ ਕਰਨਾ ਪੈ ਰਿਹਾ ਹੈ। ਇੰਪੋਰਟ ਬਿੱਲ ਅਤੇ ਐਕਸਪੋਰਟ ਬਿੱਲ 'ਚ ਫਰਕ ਵਧਣ ਨਾਲ ਵਿੱਤੀ ਘਾਟਾ ਵੀ ਵਧਦਾ ਜਾ ਰਿਹਾ ਹੈ ।