ਕੌਫੀ ਦੀ ਕੀਮਤ 10 ਫੀਸਦੀ ਤੱਕ ਵਧੀ

12/13/2019 12:28:40 PM

ਚੇਨਈ — ਸਾਲ 2019-20 ਦੌਰਾਨ ਗਲੋਬਲ ਕਮੀ ਦੇ ਅਨੁਮਾਨਾਂ ਵਿਚਕਾਰ ਗਲੋਬਲ ਪੱਧਰ 'ਤੇ ਕੌਫੀ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸੇ ਅਧਾਰ 'ਤੇ ਦੇਸ਼ 'ਚ ਵੀ ਇਸ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਉਤਪਾਦਕਾਂÎ ਦਾ ਕਹਿਣਾ ਹੈ ਕਿ ਜਿਥੇ ਇਕ ਪਾਸੇ ਅਰੇਬਿਕਾ ਦੀਆਂ ਕੀਮਤਾਂ ਉਤਪਾਦਨ ਦੀ ਲਾਗਤ ਦੇ ਬਰਾਬਰ ਹਨ, ਦੂਜੇ ਪਾਸੇ ਰੋਬਸਟਾ ਦੀਆਂ ਕੀਮਤਾਂ ਉਤਪਾਦਨ ਦੀ ਲਾਗਤ ਨਾਲੋਂ 10-12 ਪ੍ਰਤੀਸ਼ਤ ਵੱਧ ਹਨ। ਸਾਲ 2019-20 ਦੌਰਾਨ 5,02,000 ਬੋਰੀਆਂ ਦੀ ਘਾਟ ਕਾਰਨ ਕੀਮਤਾਂ 'ਚ ਵਾਧੇ ਦੀ ਉਮੀਦ ਹੈ। ਪਿਛਲੇ 12 ਮਹੀਨਿਆਂ ਦੌਰਾਨ ਨਵੰਬਰ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਇੰਟਰਨੈਸ਼ਨਲ ਕੌਫੀ ਆਰਗੇਨਾਈਜ਼ੇਸ਼ਨ (ਆਈਸੀਓ) ਦਾ ਸੰਯੁਕਤ ਸੰਕੇਤਕ ਨਿਰੰਤਰ ਪ੍ਰਤੀ ਪੌਂਡ 100 ਸੇਂਟ ਤੋਂ ਜ਼ਿਆਦਾ ਰਿਹਾ ਹੈ। ਨਵੰਬਰ ਦੀ ਸ਼ੁਰੂਆਤ 'ਚ ਕੰਪੋਜ਼ਿਟ ਇੰਡੀਕੇਟਰ ਦੀ ਰੋਜ਼ਾਨਾ ਕੀਮਤ ਪ੍ਰਤੀ ਪੌਂਡ 102.74 ਸੈਂਟ ਸੀ ਜਿਹੜੀ ਕਿ ਮਹੀਨੇ ਦੇ ਅਖੀਰ 'ਚ 111.77 ਸੈਂਟ ਦੇ ਪੱਧਰ 'ਤੇ ਬੰਦ ਹੋਣ ਤੋਂ ਪਹਿਲਾਂ 25 ਨਵੰਬਰ 2019 ਨੂੰ ਵਧ ਕੇ ਪ੍ਰਤੀ ਪੌਂਡ 111.86 ਸੈਂਟ ਹੋ ਗਏ। ਸਾਲ 2019 ਦੇ ਮੱਧ ਅਕਤੂਬਰ ਤੋਂ ਰੋਜ਼ਾਨਾ ਦੀਆਂ ਕੀਮਤਾਂ 'ਚ ਤੇਜ਼ੀ ਦਾ ਰੁਖ਼ ਰਿਹਾ ਹੈ ਅਤੇ ਇਕ ਮਹੀਨਾ ਪਹਿਲਾਂ ਦੇ ਮੁਕਾਬਲੇ ਨਵੰਬਰ 'ਚ 10.1 ਫੀਸਦੀ ਵਧ ਕੇ ਔਸਤਨ 107.23 ਸੈਂਟ ਹੋ ਗਏ।

ਕਰਨਾਟਕ ਦੇ ਪ੍ਰੋਡਿਊਸਰ ਐਸੋਸੀਏਸ਼ਨ ਦੇ ਮੈਂਬਰ ਅਤੇ ਕਰਨਾਟਕ ਦੇ ਨਿਰਮਾਤਾ ਰੋਹਨ ਕੋਲੈਕੋ ਦਾ ਕਹਿਣਾ ਹੈ ਕਿ ਅਰੇਬਿਕਾ ਦੀਆਂ ਮੌਜੂਦਾ ਕੀਮਤਾਂ ਉਤਪਾਦਨ ਦੀ ਲਾਗਤ ਦੇ ਬਰਾਬਰ ਹਨ ਜਦੋਂ ਕਿ ਰੋਬਸਟਾ ਦੀਆਂ ਕੀਮਤਾਂ ਉਤਪਾਦਨ ਦੀ ਲਾਗਤ ਦੇ ਮੁਕਾਬਲੇ 10 ਤੋਂ 12 ਪ੍ਰਤੀਸ਼ਤ ਵੱਧ ਹਨ। ਕਰਨਾਟਕ ਦੇਸ਼ ਦੇ ਕਾਫੀ ਉਤਪਾਦਨ ਵਿਚ ਲਗਭਗ 70 ਪ੍ਰਤੀਸ਼ਤ ਤੱਕ ਦਾ ਯੋਗਦਾਨ ਪਾਉਂਦਾ ਹੈ।

ਅਕਤੂਬਰ 2019 ਵਿਚ ਕੁੱਲ ਗਲੋਬਲ ਨਿਰਯਾਤ 89.1 ਲੱਖ ਬੋਰੀਆਂ ਰਿਹਾ ਜਿਹੜਾ ਮਹੀਨਾਵਾਰ ਦੇ ਹਿਸਾਬ ਨਾਲ 2017 ਦੇ ਬਾਅਦ ਇਸ ਦਾ ਸਭ ਤੋਂ ਹੇਠਲਾ ਪੱਧਰ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 13.4 ਪ੍ਰਤੀਸ਼ਤ ਅਤੇ ਅਕਤੂਬਰ 2017 ਦੀ ਤੁਲਨਾ 'ਚ 2.4 ਪ੍ਰਤੀਸ਼ਤ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਇਸ ਗਿਰਾਵਟ ਦਾ ਮੁੱਖ ਕਾਰਨ ਬ੍ਰਾਜ਼ੀਲ ਨੂੰ ਕੀਤੇ ਜਾਣ ਵਾਲੇ ਨਿਰਯਾਤ 'ਚ ਕਮੀ ਦੱਸਿਆ ਜਾ ਰਿਹਾ ਹੈ। ਅਕਤੂਬਰ ਦੇ ਮਹੀਨੇ ਦੌਰਾਨ ਭਾਰਤ ਸਮੇਤ ਏਸ਼ੀਆ ਤੋਂ ਕੀਤੇ ਜਾਣ ਵਾਲੇ ਨਿਰਯਾਤ 'ਚ ਅਕਤੂਬਰ ਦੌਰਾਨ 23.5 ਫੀਸਦੀ ਤੱਕ ਦੀ ਗਿਰਾਵਟ ਆਈ ਹੈ। ਰੋਬਸਟਾ ਦਾ ਨਿਰਯਾਤ 21.6 ਪ੍ਰਤੀਸ਼ਤ ਘਟ ਕੇ 28.2 ਲੱਖ ਬੋਰੀ ਅਤੇ ਅਰੇਬਿਕਾ ਦਾ ਨਿਰਯਾਤ 9 ਪ੍ਰਤੀਸ਼ਤ ਡਿੱਗ ਕੇ 60.8 ਲੱਖ ਬੋਰੀ ਰਹਿ ਗਿਆ। ਅਕਤੂਬਰ 2019 ਵਿਚ ਭਾਰਤ ਦਾ ਕੌਫੀ ਨਿਰਯਾਤ 3,50,000 ਬੋਰੀਆਂ ਰਹਿਣ ਦਾ ਅੰਦਾਜ਼ਾ ਹੈ ਜਿਹੜਾ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ ਤੁਲਨਾ 'ਚ 2.5 ਪ੍ਰਤੀਸ਼ਤ ਅਤੇ ਅਕਤੂਬਰ 2017 ਦੇ ਮੁਕਾਬਲੇ 22 ਪ੍ਰਤੀਸ਼ਤ ਘੱਟ ਰਿਹਾ ਹੈ।


Related News