ਵਾਰੰਟੀ ਦੌਰਾਨ ਖਰਾਬ ਫੋਨ ਨਹੀਂ ਹੋਇਆ ਠੀਕ, ਹੁਣ ਕੰਪਨੀ ਦੇਵੇਗੀ ਮੋਬਾਇਲ ਦੀ ਕੀਮਤ
Sunday, Feb 11, 2018 - 10:49 PM (IST)
ਦੇਹਰਾਦੂਨ (ਇੰਟ.)-ਪੈਨਾਸੋਨਿਕ ਕੰਪਨੀ ਨੂੰ 4 ਵਾਰ ਰਿਪੇਅਰ ਕਰਨ ਤੋਂ ਬਾਅਦ ਵੀ ਖਰਾਬ ਹੋਇਆ ਮੋਬਾਇਲ ਠੀਕ ਨਾ ਕਰਨਾ ਮਹਿੰਗਾ ਪੈ ਗਿਆ। ਖਪਤਕਾਰ ਫੋਰਮ ਨੇ ਇਸ ਮਾਮਲੇ 'ਚ ਕੰਪਨੀ ਨੂੰ ਹੁਕਮ ਦਿੱਤੇ ਹਨ ਕਿ ਉਹ ਸ਼ਿਕਾਇਤਕਰਤਾ ਨੂੰ 30 ਦਿਨਾਂ ਦੇ ਅੰਦਰ ਫੋਨ ਦੀ ਕੀਮਤ ਵਾਪਸ ਕਰੇ।
ਕੀ ਹੈ ਮਾਮਲਾ
ਰਾਜੇਸ਼ ਸਿੰਗਲ ਨਿਵਾਸੀ ਲੱਖੀਬਾਗ ਨੇ ਪੈਨਾਸੋਨਿਕ ਇੰਡੀਆ ਪ੍ਰਾ. ਲਿ. ਗੁਰੂਗ੍ਰਾਮ (ਹਰਿਆਣਾ) ਦੇ ਡੀਲਰ ਮਾਹੀ ਕਮਿਊਨੀਕੇਸ਼ਨ ਤੋਂ ਸਾਲ 2015 'ਚ 7000 ਰੁਪਏ 'ਚ ਪੈਨਾਸੋਨਿਕ ਦਾ ਮੋਬਾਇਲ ਖਰੀਦਿਆ ਸੀ। ਫੋਨ 'ਤੇ ਪੈਨਾਸੋਨਿਕ ਇੰਡੀਆ ਵੱਲੋਂ ਇਕ ਸਾਲ ਦੀ ਵਾਰੰਟੀ ਦਿੱਤੀ ਗਈ ਸੀ ਪਰ ਖਰੀਦਣ ਤੋਂ ਬਾਅਦ ਹੀ ਫੋਨ ਨੇ ਸਹੀ ਤਰ੍ਹਾਂ ਕੰਮ ਨਹੀਂ ਕੀਤਾ, ਜਿਸ ਦੀ ਸ਼ਿਕਾਇਤ ਉਸ ਨੇ ਮਾਹੀ ਕਮਿਊਨੀਕੇਸ਼ਨ ਨੂੰ ਕੀਤੀ। ਇਸ ਤੋਂ ਬਾਅਦ ਫੋਨ ਨੂੰ ਸਰਵਿਸ ਸੈਂਟਰ ਭੇਜਿਆ ਗਿਆ ਪਰ ਸਰਵਿਸ ਸੈਂਟਰ ਨੇ ਵੀ ਮੋਬਾਇਲ ਨੂੰ ਸਹੀ ਤਰ੍ਹਾਂ ਠੀਕ ਨਹੀਂ ਕੀਤਾ ਅਤੇ ਫਿਰ ਤੋਂ ਉਸ 'ਚ ਖਰਾਬੀ ਆ ਗਈ। ਇਸ ਤੋਂ ਬਾਅਦ ਮੋਬਾਇਲ 4 ਵਾਰ ਠੀਕ ਕਰਨ ਲਈ ਦਿੱਤਾ ਗਿਆ ਪਰ ਉਹ ਠੀਕ ਨਾ ਹੋਇਆ। ਪ੍ਰੇਸ਼ਾਨ ਹੋ ਕੇ ਰਾਜੇਸ਼ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਖਪਤਕਾਰ ਫੋਰਮ ਦੀ ਪ੍ਰਧਾਨ ਅਲਕਾ ਨੇਗੀ ਅਤੇ ਮੈਂਬਰ ਨਿਰਮਲ ਪ੍ਰਕਾਸ਼ ਨੈਥਾਨੀ ਨੇ ਮਾਮਲੇ ਦੀ ਸੁਣਵਾਈ ਕੀਤੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਨੂੰ ਰਾਜੇਸ਼ ਸਿੰਗਲ ਨੂੰ ਮੋਬਾਇਲ ਦੀ ਅਸਲ ਕੀਮਤ ਅਦਾ ਕਰਨ ਅਤੇ ਅਦਾਲਤੀ ਖ਼ਰਚੇ ਦੇ ਰੂਪ 'ਚ 4000 ਰੁਪਏ 30 ਦਿਨਾਂ ਦੇ ਅੰਦਰ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ।
