'ਆਪ' ਵਿਧਾਇਕ ਨੇ ਬਜ਼ੁਰਗ ਨੂੰ ਮਾਰੇ ਠੁੱਡੇ! ਹੁਣ ਬੰਦਾ ਕਹਿੰਦਾ- 'AAP ਦੇ ਕਿਸੇ ਲੀਡਰ ਨੂੰ ਪਿੰਡ 'ਚ ਵੜਣ ਨਹੀਂ ਦੇਣਾ'
Tuesday, Mar 24, 2026 - 02:37 PM (IST)
ਸੰਗਰੂਰ (ਵੈੱਬ ਡੈਸਕ): ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਬਜ਼ੁਰਗ ਨੂੰ ਸਟੇਜ ਤੋਂ ਥੱਲੇ ਲਾਹੁਣ ਅਤੇ ਲੱਤਾਂ ਮਾਰਨ ਦਾ ਮਾਮਲਾ ਕਾਫ਼ੀ ਭੱਖ ਗਿਆ ਹੈ। ਹੁਣ ਉਕਤ ਬਜ਼ੁਰਗ ਵਿਅਕਤੀ ਤੇ ਉਸ ਦੇ ਪਿੰਡ ਵਾਸੀਆਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਵਿਧਾਇਕ ਦੇਵ ਮਾਨ ਸਮੇਤ ਕਿਸੇ ਵੀ ਆਦਮੀ ਪਾਰਟੀ ਦੇ ਲੀਡਰ ਨੂੰ ਪਿੰਡ ਵਿਚ ਵੜਣ ਨਹੀਂ ਦੇਣਗੇ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਹੀ ਇਨ੍ਹਾਂ ਨੂੰ ਅਹੁਦਿਆਂ 'ਤੇ ਬਿਠਾਇਆ ਹੈ ਤੇ ਇਹ ਲੋਕ ਹੁਣ ਸਾਡੇ ਨਾਲ ਹੀ ਕੁੱਟਮਾਰ ਕਰਨ ਲੱਗ ਪਏ ਹਨ।
'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੰਗਰੂਰ ਦੇ ਪਿੰਡ ਸਾਰੋਂ ਦੇ ਰਹਿਣ ਵਾਲੇ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਗਾਇਕ ਅਮਰ ਸਿੰਘ ਚਮਕੀਲਾ ਦਾ ਫ਼ੈਨ ਹੈ ਤੇ ਉਹ ਚਮਕੀਲਾ ਦੀ ਬਰਸੀ ਮੌਕੇ ਕਰਵਾਏ ਪ੍ਰੋਗਰਾਮ ਵਿਚ ਗਿਆ ਸੀ। ਉਹ ਸਟੇਜ 'ਤੇ ਗਾ ਰਹੇ ਗਾਇਕ ਨੂੰ ਪੈਸੇ ਦੇਣ ਲਈ ਗਿਆ ਸੀ ਤੇ ਇਸ ਦੌਰਾਨ ਕਿਸੇ ਵੀ ਮੁਲਾਜ਼ਮ ਨੂੰ ਉਸ ਨੂੰ ਨਹੀਂ ਰੋਕਿਆ, ਪਰ ਵਿਧਾਇਕ ਨੇ ਉਸ ਨੂੰ ਫੜ ਲਿਆ ਤੇ ਘੜੀਸ ਕੇ ਥੱਲੇ ਲਾਹ ਦਿੱਤਾ। ਇਸ ਦੇ ਨਾਲ ਹੀ ਉਸ ਨੇ ਠੁੱਡੇ ਮਾਰ ਕੇ ਮੈਨੂੰ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਸ ਨੂੰ ਸੱਟਾਂ ਵੀ ਲੱਗੀਆਂ ਹਨ।
ਪੀੜਤ ਬਜ਼ੁਰਗ ਨੇ ਦੱਸਿਆ ਕਿ ਉਹ ਖ਼ੁਦ ਵੀ ਆਮ ਆਦਮੀ ਪਾਰਟੀ ਦਾ ਵਰਕਰ ਰਹਿ ਚੁੱਕਿਆ ਹੈ ਤੇ ਸਰਕਾਰ ਬਣਵਾਉਣ ਲਈ ਬਹੁਤ ਮਿਹਨਤ ਕੀਤੀ ਹੈ, ਪਰ ਵਿਧਾਇਕ ਦੇ ਇਸ ਵਤੀਰੇ ਮਗਰੋਂ ਹੁਣ ਉਹ ਤੇ ਪਿੰਡ ਵਾਸੀ ਉਸ ਨੂੰ ਨਾ ਤਾਂ ਪਿੰਡ ਵਿਚ ਵੜਣ ਦੇਣਗੇ ਤੇ ਨਾ ਹੀ ਵੋਟਾਂ ਪਾਉਣਗੇ। ਪਿੰਡ ਵਾਸੀਆਂ ਵਿਚ ਵੀ ਇਸ ਘਟਨਾ ਕਾਰਨ ਕਾਫ਼ੀ ਗੁੱਸਾ ਹੈ। ਉਹ ਕਹਿ ਰਹੇ ਹਨ ਕਿ ਅਸੀਂ ਲੋਕਾਂ ਨੇ ਹੀ ਵੋਟਾਂ ਪਾ ਕੇ ਇਨ੍ਹਾਂ ਨੂੰ ਕੁਰਸੀ 'ਤੇ ਬਿਠਾਇਆ ਹੈ ਇਹ ਹੁਣ ਸਾਡੇ ਨਾਲ ਹੀ ਅਜਿਹਾ ਵਤੀਰਾ ਅਪਨਾ ਰਹੇ ਹਨ।
