ਡਿਲੀਵਰੀ ਦੌਰਾਨ ਮਹਿਲਾ ਦੀ ਮੌਤ! ਲੁਧਿਆਣਾ ਦੇ ਹਸਪਤਾਲ ''ਚ ਜ਼ੋਰਦਾਰ ਹੰਗਾਮਾ
Sunday, Apr 05, 2026 - 02:43 PM (IST)
ਮਹਿਲ ਕਲਾਂ/ਲੁਧਿਆਣਾ (ਲਕਸ਼ਦੀਪ/ਰਾਜ): ਲੁਧਿਆਣਾ ਦੇ ਇਕ ਹਸਪਤਾਲ ਵਿਚ ਮਹਿਲ ਕਲਾਂ ਦੀ ਰਹਿਣ ਵਾਲੀ ਮਹਿਲਾ ਦੀ ਬੱਚੇ ਦੀ ਡਿਲੀਵਰੀ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲ ਕਲਾਂ ਦੇ ਫਰੀਦ ਹਸਪਤਾਲ ਦੇ ਡਾਕਟਰ ਮਿੱਠੂ ਮੁਹੰਮਦ ਦੀ ਨੂੰਹ ਨਾਜ਼ੀਆ ਪ੍ਰਵੀਨ ਨੂੰ ਬੱਚੇ ਦੀ ਡਿਲੀਵਰੀ ਲਈ ਲੁਧਿਆਣਾ ਦੇ ਇਕ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।
ਪਰਿਵਾਰਿਕ ਮੈਂਬਰਾਂ ਅਨੁਸਾਰ ਬੱਚੇ ਦੇ ਜਨਮ ਤੋਂ ਬਾਅਦ ਮਾਂ ਦੀ ਹਾਲਤ ਵਿਗੜ ਗਈ, ਪਰੰਤੂ ਡਾਕਟਰ ਨੇ ਸਮੇਂ ਸਿਰ ਉਸ ਦੀ ਸੰਭਾਲ ਨਹੀਂ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਦੱਸਦੇ ਹੋਏ ਡਾਕਟਰ ਮਿੱਠੂ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਦੀ ਨੂੰਹ ਨਾਜ਼ੀਆ ਪ੍ਰਵੀਨ ਕੁਝ ਦਿਨ ਪਹਿਲਾਂ ਜਣੇਪੇ ਲਈ ਆਪਣੇ ਪੇਕੇ ਮਾਲੇਰਕੋਟਲਾ ਵਿਖੇ ਗਈ ਸੀ, ਜਿਸ ਦੀ ਦੋ ਦਿਨ ਪਹਿਲਾਂ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਮਲੇਰਕੋਟਲਾ ਦੇ ਇਕ ਲੋਕਲ ਡਾਕਟਰ ਨੂੰ ਦਿਖਾਇਆ ਗਿਆ ਜਿਸ ਦੀ ਸਲਾਹ 'ਤੇ ਅੱਗੇ ਲੁਧਿਆਣਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਉਕਤ ਹਸਪਤਾਲ ਦੇ ਡਾਕਟਰਾਂ ਨੇ ਆਪਣੇ ਆਪ੍ਰੇਸ਼ਨ ਦੇ ਲਾਲਚ ਵਿਚ ਸਮੇਂ ਤੋਂ ਪਹਿਲਾਂ ਹੀ ਬੱਚੇ ਦਾ ਜਣੇਪਾ ਕਰਵਾ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਦੀ ਨੂੰਹ ਨਾਜ਼ੀਆ ਪ੍ਰਵੀਨ ਦੀ ਹਾਲਤ ਵਿਗੜ ਗਈ ਪਰੰਤੂ ਡਾਕਟਰਾਂ ਨੇ ਪਰਿਵਾਰਿਕ ਮੈਂਬਰਾਂ ਦੇ ਕਹਿਣ 'ਤੇ ਵੀ ਸਮੇਂ ਸਿਰ ਧਿਆਨ ਨਹੀਂ ਦਿੱਤਾ। ਇਹ ਖ਼ਬਰ ਮਿਲਣ ਤੋਂ ਬਾਅਦ ਮਹਿਲ ਕਲਾਂ ਅਤੇ ਮ੍ਰਿਤਕ ਨਾਜ਼ੀਆ ਪਰਵੀਨ ਦੇ ਪੇਕੇ ਮਾਲੇਰਕੋਟਲਾ ਦੀਆਂ ਸਮਾਜਿਕ ਜਨਤਕ ਜਥੇਬੰਦੀਆਂ ਦੇ ਆਗੂ ਉਕਤ ਹਸਪਤਾਲ ਪੁੱਜੇ ਅਤੇ ਡਾਕਟਰ ਦੀ ਲਾਪਰਵਾਹੀ ਦੇ ਖਿਲਾਫ ਧਰਨਾ ਦਿੱਤਾ।
ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਬੰਧਤ ਡਾਕਟਰ ਦੇ ਖਿਲਾਫ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀ ਡਾਕਟਰ ਦੇ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਨਹੀਂ ਕੀਤੀ ਜਾਵੇਗੀ ਉਹ ਹਸਪਤਾਲ ਤੋਂ ਮ੍ਰਿਤਕਾ ਦੀ ਲਾਸ਼ ਨਹੀਂ ਲੈਣਗੇ ਅਤੇ ਸਸਕਾਰ ਨਹੀਂ ਕਰਨਗੇ। ਖ਼ਬਰ ਲਿਖੇ ਜਾਣ ਤੱਕ ਹਸਪਤਾਲ ਦੇ ਅੱਗੇ ਧਰਨਾ ਲੱਗਿਆ ਹੋਇਆ ਹੈ ਅਤੇ ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
