ਰਿਲਾਇੰਸ ਇੰਡਸਟਰੀਜ਼ ਤੋਂ ਪਿੱਛੋਂ TCS ਦਾ ਬਾਜ਼ਾਰ ਪੂੰਜੀਕਰਨ 10 ਲੱਖ ਕਰੋੜ ਰੁ: ਤੋਂ ਪਾਰ

Monday, Oct 05, 2020 - 09:25 PM (IST)

ਰਿਲਾਇੰਸ ਇੰਡਸਟਰੀਜ਼ ਤੋਂ ਪਿੱਛੋਂ TCS ਦਾ ਬਾਜ਼ਾਰ ਪੂੰਜੀਕਰਨ 10 ਲੱਖ ਕਰੋੜ ਰੁ: ਤੋਂ ਪਾਰ

ਨਵੀਂ ਦਿੱਲੀ–  ਆਈ. ਟੀ. ਖੇਤਰ ਦੀ ਦਿੱਗਜ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦੇ ਸ਼ੇਅਰਾਂ ’ਚ ਅੱਜ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਕੰਪਨੀ ਦਾ ਬਾਜ਼ਾਰ ਪੂੰਜੀਕਰਨ 10 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਟੀ. ਸੀ. ਐੱਸ. ਇਹ ਮੁਕਾਮ ਹਾਸਲ ਕਰਨ ਵਾਲੀ ਦੇਸ਼ ਦੀ ਦੂਜੀ ਕੰਪਨੀ ਹੈ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨੇ ਇਹ ਪ੍ਰਾਪਤੀ ਹਾਸਲ ਕੀਤੀ ਸੀ।

ਟੀ. ਸੀ. ਐੱਸ. ਦੇ ਬੋਰਡ ਦੀ ਇਸ ਹਫਤੇ ਬੈਠਕ ਹੋਣ ਜਾ ਰਹੀ ਹੈ, ਜਿਸ ’ਚ ਸ਼ੇਅਰ ਬਾਇਬੈਕ ਦੇ ਪ੍ਰਸਤਾਵ ’ਤੇ ਵਿਚਾਰ ਕੀਤਾ ਜਾਏਗਾ। ਇਸੇ ਖਬਰ ਕਾਰਨ ਸਵੇਰ ਦੇ ਕਾਰੋਬਾਰ ’ਚ ਕੰਪਨੀ ਦੇ ਸ਼ੇਅਰ ’ਚ ਅਨੋਖੀ ਤੇਜ਼ੀ ਦੇਖਣ ਨੂੰ ਮਿਲੀ। ਬੀ. ਐੱਸ. ਈ. ’ਤੇ 6.18 ਫੀਸਦੀ ਦੀ ਤੇਜ਼ੀ ਨਾਲ 2,678.80 ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਐੱਨ. ਐੱਸ. ਈ. ’ਤੇ ਵੀ ਇਹ 6.16 ਫੀਸਦੀ ਦੀ ਛਲਾਂਗ ਲਗਾਉਂਦੇ ਹੋਏ 2,679 ਰੁਪਏ ਦੇ ਆਲ ਟਾਈਮ ਹਾਈ ਪੱਧਰ ’ਤੇ ਪਹੁੰਚ ਗਿਆ।

ਸ਼ੇਅਰਾਂ ’ਚ ਆਏ ਇਸ ਉਛਾਲ ਨਾਲ ਟੀ. ਸੀ. ਐੱਸ. ਦਾ ਮਾਰਕੀਟ ਕੈਪ ਬੀ. ਐੱਸ. ਈ. ’ਤੇ ਦੁਪਹਿਰ ਦੇ ਕਾਰੋਬਾਰ ਦੌਰਾਨ 10,03,012.43 ਕਰੋੜ ਰੁਪਏ ਪਹੁੰਚ ਗਿਆ। ਟੀ. ਸੀ. ਐੱਸ. ਨੇ ਪਿਛਲੇ ਮਹੀਨੇ 9 ਲੱਖ ਕਰੋੜ ਰੁਪਏ ਦਾ ਬਾਜ਼ਾਰ ਪੂੰਜੀਕਰਨ ਹਾਸਲ ਕੀਤਾ ਸੀ। ਟੀ. ਸੀ. ਐੱਸ. ਬਾਜ਼ਾਰ ਪੂੰਜੀਕਰਨ ਦੇ ਲਿਹਾਜ ਨਾਲ ਦੇਸ਼ ਦੀ ਦੂਜੀ ਸਭ ਤੋਂ ਕੀਮਤੀ ਕੰਪਨੀ ਹੈ। ਰਿਲਾਇੰਸ ਇੰਡਸਟਰੀਜ਼ 10 ਲੱਖ ਕਰੋੜ ਰੁਪਏ ਦਾ ਬਾਜ਼ਾਰ ਪੂੰਜੀਕਰਨ ਹਾਸਲ ਕਰਨ ਵਾਲੀ ਪਹਿਲੀ ਕੰਪਨੀ ਸੀ। ਹਾਲੇ ਇਸ ਦਾ ਬਾਜ਼ਾਰ ਪੂੰਜੀਕਰਨ 15,02,355.71 ਕਰੋੜ ਰੁਪਏ ਹੈ।

ਟੀ. ਸੀ. ਏ. ਨੇ ਇਕ ਜਾਣਕਾਰੀ ’ਚ ਦੱਸਿਆ ਕਿ 7 ਅਕਤੂਬਰ ਨੂੰ ਹੋਣ ਵਾਲੀ ਬੈਠਕ ’ਚ ਉਸ ਦਾ ਬੋਰਡ ਸ਼ੇਅਰ ਬਾਇਬੈਕ ਦੇ ਪ੍ਰਸਤਾਵ ’ਤੇ ਵਿਚਾਰ ਕਰੇਗਾ। ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। 2018 ’ਚ ਕੰਪਨੀ ਨੇ 16 ਹਜ਼ਾਰ ਕਰੋੜ ਰੁਪਏ ਨੂੰ ਸ਼ੇਅਰ ਬਾਇਬੈਕ ਪ੍ਰੋਗਰਾਮ ਚਲਾਇਆ ਸੀ। ਉਸ ਤੋਂ ਪਹਿਲਾਂ 2017 ’ਚ ਵੀ ਕੰਪਨੀ ਨੇ ਸ਼ੇਅਰਾਂ ਦੀ ਮੁੜ ਖਰੀਦ ਕੀਤੀ ਸੀ।


author

Sanjeev

Content Editor

Related News