ਦੀਵਾਲੀ ''ਤੇ ਖਰੀਦਦਾਰੀ ਦੀ ਫੋਟੋ ਫੇਸਬੁੱਕ ''ਤੇ ਪਾਉਣੀ ਪੈ ਸਕਦੀ ਹੈ ਭਾਰੀ

Sunday, Oct 15, 2017 - 12:16 PM (IST)

ਨਵੀਂ ਦਿੱਲੀ— ਜੇਕਰ ਤੁਸੀਂ ਦੀਵਾਲੀ 'ਤੇ ਨਵੀਂ ਖਰੀਦਦਾਰੀ ਕਰ ਰਹੇ ਹੋ ਤਾਂ ਲਗਜ਼ਰੀ ਕਾਰ ਜਾਂ ਮਹਿੰਗੀ ਘੜੀ ਦੀ ਫੋਟੋ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਪਾਉਣ ਨਾਲ ਤੁਸੀਂ ਮੁਸੀਬਤ 'ਚ ਫਸ ਸਕਦੇ ਹੋ। ਤੁਹਾਡੀ ਅਜਿਹੀ ਫੋਟੋ ਟੈਕਸ ਅਧਿਕਾਰੀ ਨੂੰ ਤੁਹਾਡੇ ਘਰ ਤਕ ਲਿਜਾ ਸਕਦੀ ਹੈ। ਕਾਲੇ ਧਨ ਦਾ ਪਤਾ ਲਾਉਣ ਲਈ ਟੈਕਸ ਅਧਿਕਾਰੀ ਸੋਸ਼ਲ ਮੀਡੀਆ ਸਾਈਟਾਂ 'ਤੇ ਤੁਹਾਡੇ ਖਾਤੇ ਦੇਖਣਗੇ। ਇਸ ਤਹਿਤ 'ਪ੍ਰਾਜੈਕਟ ਇਨ ਸਾਈਟ' ਇਸ ਮਹੀਨੇ ਲਾਂਚ ਹੋ ਸਕਦਾ ਹੈ। ਇਸ ਪ੍ਰਾਜੈਕਟ 'ਚ ਡਾਟਾ ਵਿਸ਼ਲੇਸ਼ਣ ਦੀ ਮਦਦ ਨਾਲ ਸੋਸ਼ਲ ਮੀਡੀਆ ਤੋਂ ਤੁਹਾਡੀ ਜਾਣਕਾਰੀ ਮੇਚ ਕੀਤੀ ਜਾਵੇਗੀ ਕਿ ਤੁਸੀਂ ਕਿੰਨਾ ਖਰਚਾ ਕਰਦੇ ਹੋ ਅਤੇ ਤੁਹਾਡੀ ਆਮਦਨ ਕਿੰਨੀ ਹੈ ਇਸ ਦੀ ਜਾਂਚ ਹੋਵੇਗੀ। 

ਟੈਕਸ ਵਿਭਾਗ ਨੇ ਪਿਛਲੇ ਸਾਲ ਹੀ 'ਐੱਲ. ਐਂਡ ਟੀ. ਇਨਫੋਟੈੱਕ' ਨਾਲ ਪ੍ਰਾਜੈਕਟ ਇਨ ਸਾਈਟ ਨੂੰ ਲਾਗੂ ਕਰਨ ਲਈ ਸਮਝੌਤਾ ਕੀਤਾ ਸੀ। ਇਸ ਜ਼ਰੀਏ ਵਿਭਾਗ ਟੈਕਸ ਦਾ ਦਾਇਰਾ ਵਧਾਉਣਾ ਚਾਹੁੰਦਾ ਹੈ। ਇਸ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਫੜਨਾ ਹੈ, ਜਿਨ੍ਹਾਂ ਦੀ ਆਮਦਨ ਤਾਂ ਬਹੁਤ ਜ਼ਿਆਦਾ ਹੈ ਪਰ ਟੈਕਸ ਨਹੀਂ ਭਰਦੇ ਅਤੇ ਸੋਸ਼ਲ ਮੀਡੀਆ 'ਤੇ ਲਗਜ਼ਰੀ ਚੀਜ਼ਾਂ ਨਾਲ ਫੋਟੋ ਜ਼ਰੂਰ ਪਾਉਂਦੇ ਹਨ। ਟੈਕਸ ਵਿਭਾਗ ਪ੍ਰਾਜੈਕਟ ਇਨ ਸਾਈਟ ਜਾਣਕਾਰੀ ਇੱਕਠਾ ਕਰਨ, ਉਸ ਨੂੰ ਪ੍ਰੋਸੈਸ ਕਰਨ ਲਈ ਸ਼ੁਰੂ ਕਰੇਗਾ। ਇਕ ਅਧਿਕਾਰੀ ਨੇ ਕਿਹਾ ਕਿ ਆਮਦਨ ਟੈਕਸ ਵਿਭਾਗ ਤੁਹਾਡੀ ਵੱਲੋਂ ਦੱਸੀ ਗਈ ਆਮਦਨ ਅਤੇ ਤੁਹਾਡੇ ਖਰਚ ਦਾ ਮਿਲਾਣ ਕਰੇਗਾ। ਜੇਕਰ ਆਮਦਨ ਅਤੇ ਖਰਚ 'ਚ ਬਹੁਤ ਜ਼ਿਆਦਾ ਫਰਕ ਲੱਗਦਾ ਹੈ ਤਾਂ ਟੈਕਸ ਚੋਰੀ ਅਤੇ ਕਾਲੇ ਧਨ ਦਾ ਪਤਾ ਲਾਇਆ ਜਾਵੇਗਾ। ਸਰਕਾਰ ਨੇ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਵੀ ਜ਼ਰੂਰੀ ਕੀਤਾ ਹੈ। ਅਜਿਹੇ 'ਚ ਟੈਕਸ ਚੋਰੀ ਦਾ ਰਸਤਾ ਬਚਣਾ ਮੁਸ਼ਕਿਲ ਰਹਿ ਜਾਵੇਗਾ। ਪ੍ਰਾਜੈਕਟ ਇਨ ਸਾਈਟ ਵੀ ਸਰਕਾਰ ਵੱਲੋਂ ਕਾਲੇ ਧਨ ਅਤੇ ਟੈਕਸ ਚੋਰੀ 'ਤੇ ਕਾਬੂ ਪਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਹਿੱਸਾ ਹੈ।


Related News