ਅਗਲੇ ਵਿੱਤੀ ਸਾਲ ''ਚ ਕੋਲਾ ਉਤਪਾਦਨ ਇੱਕ ਅਰਬ ਟਨ ਤੋਂ ਜ਼ਿਆਦਾ ਰਹਿਣਾ ਦਾ ਟੀਚਾ : ਸਰਕਾਰ
Thursday, Jan 19, 2023 - 12:55 PM (IST)
ਨਵੀਂ ਦਿੱਲੀ—ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਵਿੱਤੀ ਸਾਲ ਲਈ ਕੋਲਾ ਉਤਪਾਦਨ ਦਾ ਟੀਚਾ ਇਕ ਅਰਬ ਟਨ ਤੋਂ ਜ਼ਿਆਦਾ ਰੱਖਿਆ ਗਿਆ ਹੈ। ਕੋਲਾ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਕੁੱਲ ਟੀਚੇ 'ਚੋਂ ਸਰਕਾਰੀ ਕੰਪਨੀ ਕੋਲ ਇੰਡੀਆ ਨੂੰ 78 ਕਰੋੜ ਟਨ ਕੋਲਾ ਉਤਪਾਦਨ ਦਾ ਟੀਚਾ ਦਿੱਤਾ ਗਿਆ ਹੈ।" ਇਸ ਤੋਂ ਇਲਾਵਾ ਸਿੰਗਾਰੇਨੀ ਕੋਲੀਰੀਜ਼ ਕੰਪਨੀ ਲਿਮਟਿਡ (ਏ.ਸੀ.ਸੀ.ਐਲ.) ਨੂੰ 7.5 ਕਰੋੜ ਟਨ ਅਤੇ ਵਪਾਰਕ ਖਾਣਾਂ ਤੋਂ 16.2 ਕਰੋੜ ਟਨ ਕੋਲੇ ਦੇ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ।
ਬਿਆਨ ਮੁਤਾਬਕ, ''ਕੋਲਾ ਮੰਤਰਾਲੇ ਨੇ ਵਿੱਤੀ ਸਾਲ 2023-24 'ਚ ਇਕ ਅਰਬ ਟਨ ਤੋਂ ਜ਼ਿਆਦਾ ਕੋਲੇ ਦੇ ਉਤਪਾਦਨ ਦਾ ਟੀਚਾ ਰੱਖਿਆ ਹੈ।'' ਇਸ ਟੀਚੇ ਨੂੰ ਹਾਸਲ ਕਰਨ ਲਈ ਕੋਲਾ ਸਕੱਤਰ ਅੰਮ੍ਰਿਤ ਲਾਲ ਮੀਨਾ ਨੇ ਸਭ ਕੋਲਾ ਕੰਪਨੀਆਂ ਨਾਲ ਡੂੰਘਾਈ ਨਾਲ ਸਮੀਖਿਆ ਕੀਤੀ। ਕੋਲ ਇੰਡੀਆ ਲਿਮਟਿਡ (ਸੀ.ਆਈ.ਐੱਲ) ਅਧੀਨ 290 ਖਾਣਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ 'ਚੋਂ 97 ਖਾਣਾਂ ਹਰ ਸਾਲ 10 ਲੱਖ ਟਨ ਕੋਲੇ ਦਾ ਉਤਪਾਦਨ ਕਰਦੀਆਂ ਹਨ। ਇਨ੍ਹਾਂ ਸਾਰੀਆਂ 97 ਕੋਲਾ ਖਾਣਾਂ ਲਈ ਜ਼ਮੀਨ ਗ੍ਰਹਿਣ, ਜੰਗਲਾਤ ਵਿਭਾਗ ਤੋਂ ਮਨਜ਼ੂਰੀ, ਵਾਤਾਵਰਣ ਵਿਭਾਗ ਤੋਂ ਮਨਜ਼ੂਰੀ, ਰੇਲ ਸੰਪਰਕ ਅਤੇ ਸੜਕ ਸੰਪਰਕ ਦੇ ਮੁੱਦਿਆਂ 'ਤੇ ਚਰਚਾ ਕੀਤੀ ਗਈ ਅਤੇ ਸਮਾਂ-ਸੀਮਾਵਾਂ ਤੈਅ ਕੀਤੀਆਂ ਗਈਆਂ।
ਕੋਲਾ ਕੰਪਨੀਆਂ ਦੇ ਲਗਾਤਾਰ ਕੋਸ਼ਿਸ਼ਾਂ ਕਰਕੇ 56 ਕੋਲਾ ਖਾਣਾਂ 'ਚ ਕੋਈ ਬਕਾਇਆ ਮੁੱਦਾ ਨਹੀਂ ਹੈ। ਸਿਰਫ਼ 41 ਖਾਣਾਂ 'ਚ 61 ਮੁੱਦੇ ਹਨ, ਜਿਨ੍ਹਾਂ ਦੀ ਨਿਗਰਾਨੀ ਕੋਲਾ ਕੰਪਨੀਆਂ ਵੱਲੋਂ ਸਬੰਧਤ ਰਾਜ ਸਰਕਾਰਾਂ ਅਤੇ ਕੇਂਦਰੀ ਮੰਤਰਾਲਿਆਂ ਨਾਲ ਤਾਲਮੇਲ ਕਰਕੇ ਕੀਤੀ ਜਾ ਰਹੀ ਹੈ। ਸੀ.ਆਈ.ਐੱਲ ਨੇ ਵਿੱਤੀ ਸਾਲ 2021-22 'ਚ 62.2 ਕਰੋੜ ਟਨ ਕੋਲੇ ਦਾ ਉਤਪਾਦਨ ਕੀਤਾ ਹੈ ਜਦੋਂ ਕਿ ਚਾਲੂ ਵਿੱਤੀ ਸਾਲ 'ਚ ਹੁਣ ਤੱਕ 51.3 ਕਰੋੜ ਟਨ ਕੋਲੇ ਦਾ ਉਤਪਾਦਨ ਕੀਤਾ ਗਿਆ ਹੈ। ਉਮੀਦ ਹੈ ਕਿ ਕੋਲ ਇੰਡੀਆ ਦਾ ਉਤਪਾਦਨ ਚਾਲੂ ਵਿੱਤੀ ਸਾਲ 'ਚ 70 ਕਰੋੜ ਟਨ ਦੇ ਉਤਪਾਦਨ ਦੇ ਟੀਚੇ ਨੂੰ ਪਾਰ ਕਰ ਜਾਵੇਗਾ ਅਤੇ 2023-24 'ਚ 78 ਕਰੋੜ ਟਨ ਕੋਲੇ ਦਾ ਉਤਪਾਦਨ ਕਰੇਗਾ।