ਡਿਫਾਲਟਰਾਂ ''ਤੇ ਸ਼ਿੰਕਜਾ ਕੱਸੇਗੀ ਸਰਕਾਰ, ਫਸੇ ਹੋਏ 50 ਕਰੋੜ ਤੋਂ ਵੱਡੇ ਕਰਜ਼ ਦੀ ਹੋਵੇਗੀ ਜਾਂਚ

02/28/2018 12:56:31 PM

ਨਵੀਂ ਦਿੱਲੀ—ਮੋਦੀ ਸਰਕਾਰ ਨੇ ਬੈਂਕਾਂ ਦਾ ਲੋਨ ਦਬਾ ਕੇ ਬੈਠਣ ਵਾਲਿਆਂ 'ਤੇ ਸ਼ਿੰਕਜਾ ਕੱਸਣ ਦੀ ਤਿਆਰੀ ਕਰ ਲਈ ਹੈ। ਇਸ ਦੇ ਤਹਿਤ ਮੁੱਖ ਕਦਮ ਚੁੱਕਦੇ ਹੋਏ ਵਿੱਤ ਮੰਤਰਾਲਾ ਨੇ ਧੋਖਾਧੜੀ ਦਾ ਪਤਾ ਲਗਾਉਣ ਲਈ ਜਨਤਕ ਖੇਤਰ ਦੇ ਬੈਂਕਾਂ ਨੂੰ 50 ਕਰੋੜ ਰੁਪਏ ਤੋਂ ਜ਼ਿਆਦਾ ਸਾਰੇ ਫਸੇ ਕਰਜ਼ (ਐੱਨ.ਪੀ.ਏ.) ਵਾਲੇ ਖਾਤਿਆਂ ਦੀ ਜਾਂਚ ਕਰਨ ਅਤੇ ਉਸ ਦੇ ਮੁਤਾਬਕ ਰਿਪੋਰਟ ਸੀ.ਬੀ.ਆਈ. ਨੂੰ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਅਰਬਪਤੀ ਜੌਹਰੀ ਨੀਰਵ ਮੋਦੀ, ਮੇਹੁਲ ਚੌਕਸੀ ਅਤੇ ਉਨ੍ਹਾਂ ਨਾਲ ਸੰਬੰਧਤ ਕੰਪਨੀਆਂ ਵਲੋਂ 12,700 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਨਿਰਦੇਸ਼ ਦਿੱਤਾ ਗਿਆ ਹੈ। 
50 ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ ਵਾਲੇ ਖਾਤਿਆਂ ਦੀ ਹੋਵੇਗੀ ਜਾਂਚ
ਇਸ ਤੋਂ ਇਲਾਵਾ ਜਨਤਕ ਖੇਤਰ ਦੇ ਦੂਜੇ ਬੈਂਕਾਂ ਨੇ ਵੀ ਵਸੂਲੀ 'ਚ ਅਟਕੇ ਕਰਜ਼ਾਂ ਨੂੰ ਲੈ ਕੇ ਜਾਂਚ ਏਜੰਸੀਆਂ ਨਾਲ ਸੰਪਰਕ ਕੀਤਾ ਹੈ। ਇਸ 'ਚ ਰੋਟੋਮੈਕ ਗਰੁੱਪ ਅਤੇ ਸਿੰਭਾਵਲੀ ਸ਼ੁਗਰਸ ਦੇ ਮਾਮਲੇ ਸ਼ਾਮਲ ਹਨ। ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਟਵਿੱਟਰ 'ਤੇ ਦਿੱਤੀ ਸੂਚਨਾ 'ਚ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਬੰਧ ਨਿਰਦੇਸ਼ਕਾਂ ਨੂੰ ਬੈਂਕ 'ਚ ਧੋਖਾਧੜੀ ਦਾ ਪਤਾ ਲਗਾਉਣ ਅਤੇ ਅਜਿਹੇ ਮਾਮਲੇ ਨੂੰ ਸੀ.ਬੀ.ਆਈ. ਦੇ ਕੋਲ ਭੇਜਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੇ ਧੋਖਾਧੜੀ ਦੇ ਸ਼ੱਕ ਵਾਲੇ 50 ਕਰੋੜ ਰੁਪਏ ਤੋਂ ਜ਼ਿਆਦਾ ਦੇ ਐੱਨ.ਪੀ.ਏ. ਵਾਲੇ ਸਾਰੇ ਖਾਤਿਆਂ ਦੀ ਜਾਂਚ ਕਰਨ ਨੂੰ ਕਿਹਾ ਗਿਆ ਹੈ। 
ਐੱਸ.ਬੀ.ਆਈ. ਨੂੰ ਦੇਣੀ ਹੋਵੇਗੀ ਸ਼ਿਕਾਇਤ
ਬੈਂਕਾਂ ਨੂੰ ਮਨੀ ਲਾਡਰਿੰਗ ਨਿਰੋਧਕ ਕਾਨੂੰਨ (ਪੀ.ਐੱਮ.ਐੱਲ.ਏ.), ਫੇਮਾ ਜਾਂ ਨਿਰਯਾਤ ਆਯਾਤ ਨਿਯਮਾਂ ਦੇ ਉਲੰਘਣ ਨਾਲ ਜੁੜੇ ਮਾਮਲਿਆਂ 'ਚ ਈ.ਡੀ. ਸ਼ਾਮਲ ਕਰਨ ਨੂੰ ਕਿਹਾ ਗਿਆ ਹੈ। ਮੰਤਰਾਲਾ ਨੇ ਜਨਤਕ ਖੇਤਰ ਦੇ ਬੈਂਕਾਂ ਨਾਲ ਧੋਖਾਧੜੀ ਦਾ ਤੁਰੰਤ ਪਤਾ ਲਗਾਉਣ ਅਤੇ ਨਿਰਧਾਰਿਤ ਸਮੇਂ ਸੀਮਾ 'ਚ ਕਾਰਵਾਈ ਕਰਨ ਨੂੰ ਕਿਹਾ ਹੈ। ਕੁਮਾਰ ਨੇ ਕਿਹਾ ਕਿ ਸੰਬੰਧਤ ਬੈਂਕ ਦੇ ਮੁੱਖ ਅਧਿਕਾਰੀ ਨੂੰ ਸ਼ਿਕਾਇਤ ਦੀ ਜਾਂਚ ਕਰਨੀ ਹੋਵੇਗੀ ਅਤੇ 50 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦੀ ਜਾਂਚ 'ਚ ਸੀ.ਬੀ.ਆਈ ਦੇ ਨਾਲ ਤਾਲਮੇਲ ਕਰਨਾ ਹੋਵੇਗਾ। ਨਾਲ ਹੀ ਬੈਂਕਾਂ ਨੂੰ ਕੇਂਦਰੀ ਆਰਥਿਕ ਖੁਫੀਆ ਬਿਊਰੋ (ਸੀ.ਈ.ਆਈ.ਬੀ.) ਨਾਲ ਐੱਨ.ਪੀ.ਏ. ਹੋਣ ਵਾਲੇ ਖਾਤਿਆਂ ਦੇ ਸੰਦਰਭ 'ਚ ਕਰਜ਼ਦਾਰ ਦੀ ਸਥਿਤੀ ਰਿਪੋਰਟ ਮੰਗਣਗੇ ਅਤੇ ਸੀ.ਈ.ਆਈ.ਬੀ. ਨੂੰ ਇਕ ਹਫਤੇ 'ਚ ਇਸ ਦਾ ਜਵਾਬ ਦੇਣਾ ਹੋਵੇਗਾ।


Related News