ਕਰਤਾਰਪੁਰ ਸਟੇਸ਼ਨ ’ਤੇ ਟ੍ਰੈਫਿਕ ਬਲਾਕ ਕਾਰਨ 6 ਤੋਂ 12 ਜੁਲਾਈ ਤੱਕ ਪ੍ਰਭਾਵਿਤ ਹੋਵੇਗੀ ਰੇਲ ਆਵਾਜਾਈ
Thursday, Jul 04, 2024 - 02:49 PM (IST)
ਫਿਰੋਜ਼ਪੁਰ (ਮਲਹੋਤਰਾ) : ਰੇਲਵੇ ਵਿਭਾਗ ਵੱਲੋਂ ਫਿਰੋਜ਼ਪੁਰ ਮੰਡਲ ਦੇ ਕਰਤਾਰਪੁਰ ਸਟੇਸ਼ਨ ’ਤੇ ਕੀਤੇ ਜਾਣ ਵਾਲੇ ਕੰਮ ਕਾਰਨ ਇਸ ਟਰੈਕ ’ਤੇ 6 ਜੁਲਾਈ ਤੋਂ 12 ਜੁਲਾਈ ਤੱਕ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਜਲੰਧਰ ਸਿਟੀ-ਅੰਮ੍ਰਿਤਸਰ-ਜਲੰਧਰ, ਲੁਧਿਆਣਾ-ਛਹਿਰਟਾ-ਲੁਧਿਆਣਾ ਵਿਚਾਲੇ ਚੱਲਣ ਵਾਲੀਆਂ ਚਾਰ ਐਕਸਪ੍ਰੈੱਸ ਗੱਡੀਆਂ 6 ਤੋਂ 12 ਜੁਲਾਈ ਤੱਕ ਰੱਦ ਰਹਿਣਗੀਆਂ।
ਅੰਮ੍ਰਿਤਸਰ-ਨੰਗਲ ਡੈਮ-ਅੰਮ੍ਰਿਤਸਰ, ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਵਿਚਾਲੇ ਚੱਲਣ ਵਾਲੀਆਂ ਚਾਰ ਐਕਸਪ੍ਰੈੱਸ ਗੱਡੀਆਂ 10 ਤੋਂ 12 ਜੁਲਾਈ ਤੱਕ ਰੱਦ ਰਹਿਣਗੀਆਂ। ਭਗਤ ਕੀ ਕੋਠੀ-ਜੰਮੂਤਵੀ-ਭਗਤ ਕੀ ਕੋਠੀ ਅਤੇ ਪੁਰਾਣੀ ਦਿੱਲੀ-ਪਠਾਨਕੋਟ-ਪੁਰਾਣੀ ਦਿੱਲੀ ਵਿਚਾਲੇ ਚੱਲਣ ਵਾਲੀਆਂ ਚਾਰ ਐਕਸਪ੍ਰੈੱਸ ਗੱਡੀਆਂ ਨੂੰ ਵੱਖ-ਵੱਖ ਦਿਨਾਂ ਦੌਰਾਨ ਜਲੰਧਰ ਸਿਟੀ ਤੋਂ ਵਾਇਆ ਮੁਕੇਰੀਆਂ ਦੇ ਰਸਤੇ ਪਠਾਨਕੋਟ ਵੱਲ ਕੱਢਿਆ ਜਾਵੇਗਾ। ਨਵੀਂ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਦੋ ਗੱਡੀਆਂ ਨੂੰ 10 ਤੋਂ 12 ਜੁਲਾਈ ਤੱਕ ਜਲੰਧਰ ਸਿਟੀ ਤੋਂ ਅੱਗੇ, ਨਵੀਂ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਇਕ ਗੱਡੀ ਨੂੰ ਲੁਧਿਆਣਾ ਤੋਂ ਅੱਗੇ ਅਤੇ ਅਜਮੇਰ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਗੱਡੀ ਨੂੰ 11 ਜੁਲਾਈ ਨੂੰ ਫਗਵਾਡ਼ਾ ਤੋਂ ਅੱਗੇ ਰੱਦ ਕਰਦੇ ਹੋਏ ਇਥੋਂ ਹੀ ਵਾਪਸ ਭੇਜ ਦਿੱਤਾ ਜਾਵੇਗਾ।
ਅੰਮ੍ਰਿਤਸਰ-ਛੱਤਰਪਤੀ ਸ਼ਿਵਾਜੀ ਟਰਮੀਨਲਜ਼, ਅੰਮ੍ਰਿਤਸਰ-ਜੈਨਗਰ-ਅੰਮ੍ਰਿਤਸਰ, ਅੰਮ੍ਰਿਤਸਰ-ਹਾਵੜਾ-ਅੰਮ੍ਰਿਤਸਰ, ਅੰਮ੍ਰਿਤਸਰ-ਹਿਸਾਰ-ਅੰਮ੍ਰਿਤਸਰ ਰੇਲਗੱਡੀਆਂ ਨੂੰ 6 ਤੋਂ 12 ਜੁਲਾਈ ਤੱਕ ਕਰਤਾਰਪੁਰ ਸਟੇਸ਼ਨ ’ਤੇ ਨਹੀਂ ਰੋਕਿਆ ਜਾਵੇਗਾ ਅਤੇ ਇਨ੍ਹਾਂ ਗੱਡੀਆਂ ਨਾਲ ਸਬੰਧਿਤ ਕਰਤਾਰਪੁਰ ਸਟੇਸ਼ਨ ਦੀਆਂ ਸਵਾਰੀਆਂ ਨੂੰ ਜਲੰਧਰ ਸਿਟੀ ਸਟੇਸ਼ਨ ਤੋਂ ਚੜ੍ਹਨਾ-ਉਤਰਨਾ ਪਵੇਗਾ। ਉਕਤ ਤੋਂ ਇਲਾਵਾ 4 ਤੋਂ 12 ਜੁਲਾਈ ਦੌਰਾਨ ਇਸ ਟਰੈਕ ’ਤੇ ਚੱਲਣ ਵਾਲੀਆਂ ਕੁੱਲ 26 ਰੇਲਗੱਡੀਆਂ ਨੂੰ ਵੱਖ-ਵੱਖ ਦਿਨਾਂ ਦੌਰਾਨ ਇਨ੍ਹਾਂ ਦੇ ਚੱਲਣ ਤੋਂ ਨਿਰਧਾਰਿਤ ਸਮੇਂ ਤੋਂ 20 ਮਿੰਟ ਤੋਂ ਲੈ ਕੇ 5 ਘੰਟੇ ਦੀ ਦੇਰੀ ਨਾਲ ਰਵਾਨਾ ਕੀਤਾ ਜਾਵੇਗਾ।