ਸੈਂਸੈਕਸ 'ਚ 1,115 ਅੰਕ ਦੀ ਭਾਰੀ ਗਿਰਾਵਟ, ਨਿਵੇਸ਼ਕਾਂ ਦੇ 4 ਲੱਖ ਕਰੋੜ ਡੁੱਬੇ

09/24/2020 4:10:07 PM

ਮੁੰਬਈ— ਗਲੋਬਲ ਬਾਜ਼ਾਰਾਂ 'ਚ ਗਿਰਾਵਟ ਦੇ ਰੁਖ਼ ਵਿਚਕਾਰ ਵੀਰਵਾਰ ਨੂੰ ਲਗਾਤਾਰ 6ਵੇਂ ਦਿਨ ਭਾਰਤੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਸੈਂਸੈਕਸ ਅਤੇ ਨਿਫਟੀ ਦੋਹਾਂ ਨੇ ਤਕਰੀਬਨ 3-3 ਫੀਸਦੀ ਦਾ ਨੁਕਸਾਨ ਦਰਜ ਕੀਤਾ ਹੈ। ਬਾਜ਼ਾਰ 'ਚ ਭਾਰੀ ਗਿਰਾਵਟ ਨਾਲ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬ ਗਏ।

ਸੈਂਸੈਕਸ 1,114.82 ਅੰਕ ਯਾਨੀ 2.96 ਫੀਸਦੀ ਡਿੱਗ ਕੇ 36,553.60 ਦੇ ਪੱਧਰ 'ਤੇ, ਜਦੋਂ ਕਿ ਨਿਫਟੀ 326.30 ਅੰਕ ਯਾਨੀ 2.93 ਫੀਸਦੀ ਦੀ ਗਿਰਾਵਟ ਨਾਲ 10,805.55 ਦੇ ਪੱਧਰ 'ਤੇ ਬੰਦ ਹੋਇਆ।

ਇਸ ਦੇ ਨਾਲ ਹੀ ਨਿਵੇਸ਼ਕਾਂ ਨੇ ਤੀਕਰਬਨ 4 ਲੱਖ ਕਰੋੜ ਰੁਪਏ ਦਾ ਵੱਡਾ ਨੁਕਸਾਨ ਦਰਜ ਕੀਤਾ ਹੈ। ਕਾਰੋਬਾਰ ਦੀ ਸਮਾਪਤੀ 'ਤੇ ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 152.71 ਲੱਖ ਕਰੋੜ ਰੁਪਏ ਤੋਂ ਘੱਟ ਕੇ 148.98 ਲੱਖ ਕਰੋੜ ਰੁਪਏ 'ਤੇ ਆ ਗਿਆ।
ਉੱਥੇ ਹੀ, ਸੈਂਸੈਕਸ ਦੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ 7 ਫੀਸਦੀ ਦੀ ਗਿਰਾਵਟ ਇੰਡਸਇੰਡ ਬੈਂਕ 'ਚ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਬਜਾਜ ਫਾਈਨੈਂਸ, ਟੈੱਕ ਮਹਿੰਦਰਾ, ਟੀ. ਸੀ. ਐੱਸ. ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਸਟੀਲ 'ਚ ਵੀ ਗਿਰਾਵਟ ਦਿਸੀ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ ਸਿਰਫ ਐੱਚ. ਯੂ. ਐੱਲ. ਹਰੇ ਨਿਸ਼ਾਨ 'ਤੇ ਬੰਦ ਹੋਇਆ, ਜਦੋਂ ਕਿ ਬਾਕੀ 29 ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ।

ਗਲੋਬਲ ਬਾਜ਼ਾਰ-
ਕੋਰੋਨਾ ਵਾਇਰਸ ਕਾਰਨ ਅਮਰੀਕਾ ਦੀ ਅਰਥਵਿਵਸਥਾ ਨੂੰ ਲੈ ਕੇ ਪੈਦਾ ਹੋ ਰਹੀ ਚਿੰਤਾ ਕਾਰਨ ਯੂ. ਐੱਸ. ਏ. ਦੇ ਬਾਜ਼ਾਰ ਗਿਰਾਵਟ 'ਚ ਬੰਦ ਹੋਏ। ਉੱਥੇ ਹੀ, ਯੂਰਪ 'ਚ ਕੋਰੋਨਾ ਦੀ ਨਵੀਂ ਲਹਿਰ ਕਾਰਨ ਹੋਰ ਦੇਸ਼ਾਂ ਵੱਲੋਂ ਯਾਤਰਾ ਪਾਬੰਦੀਆਂ ਦੁਬਾਰਾ ਲੱਗਣ ਦੇ ਖਦਸ਼ਾ ਪੈਦਾ ਹੋ ਗਿਆ ਹੈ। ਇਸ ਚਿੰਤਾ 'ਚ ਨਿਵੇਸ਼ਕਾਂ ਨੇ ਬਾਜ਼ਾਰਾਂ 'ਚ ਜਮ ਕੇ ਵਿਕਵਾਲੀ ਕੀਤੀ।

ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਹਾਂਗਕਾਂਗ ਦਾ ਹੈਂਗ ਸੈਂਗ 1.82 ਫੀਸਦੀ ਡਿੱਗਾ, ਸੋਲ ਦੇ ਕੋਸਪੀ 'ਚ 2.59 ਫੀਸਦੀ ਅਤੇ ਜਪਾਨ ਦੇ ਨਿੱਕੇਈ 'ਚ 1.11 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਯੂਰਪੀ ਬਾਜ਼ਾਰ ਦੇਖੀਏ ਤਾਂ ਇਸ ਦੌਰਾਨ ਫਰਾਂਸ ਦਾ ਬਾਜ਼ਾਰ ਸੀ. ਏ. ਸੀ.-40 0.7 ਫੀਸਦੀ, ਜਰਮਨੀ ਦਾ ਡੀ. ਏ. ਐਕਸ. 0.5 ਫੀਸਦੀ, ਬ੍ਰਿਟੇਨ ਦਾ ਐੱਫ. ਟੀ. ਐੱਸ. ਈ. 0.7 ਫੀਸਦੀ ਡਿੱਗਾ ਸੀ। ਇਸ ਤੋਂ ਪਹਿਲਾਂ ਯੂ. ਐੱਸ. ਏ. ਬਾਜ਼ਾਰ ਦਾ ਪ੍ਰਮੁੱਖ ਸੂਚਕ ਡਾਓ 0.2 ਫੀਸਦੀ ਡਿੱਗ ਕੇ 26,633 'ਤੇ ਬੰਦ ਹੋਇਆ ਸੀ।


Sanjeev

Content Editor

Related News