ਬਾਜ਼ਾਰ ਧੜੰਮ! ਸੈਂਸੈਕਸ 1,066 ਅੰਕ ਡਿੱਗਾ, ਨਿਵੇਸ਼ਕਾਂ ਦੇ 3.3 ਲੱਖ ਕਰੋੜ ਡੁੱਬੇ

Thursday, Oct 15, 2020 - 05:42 PM (IST)

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਸੈਂਸੈਕਸ ਅਤੇ ਨਿਫਟੀ 'ਚ ਵੀ ਭਾਰੀ ਵਿਕਵਾਲੀ ਦੇਖਣ ਨੂੰ ਮਿਲੀ। ਸੈਂਸੈਕਸ 1,000 ਅੰਕ ਤੋਂ ਵੱਧ ਅਤੇ ਨਿਫਟੀ ਤਕਰੀਬਨ 300 ਅੰਕ ਡਿੱਗ ਕੇ ਬੰਦ ਹੋਇਆ ਹੈ। ਯੂਰਪ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਡਰੋਂ ਕਈ ਵੱਡੇ ਸ਼ਹਿਰਾਂ 'ਚ ਮੁੜ ਸਖਤੀ ਦੇ ਹੁਕਮ ਦਿੱਤੇ ਜਾਣ ਮਗਰੋਂ ਗਲੋਬਲ ਮੰਦੀ ਦੀ ਚਿੰਤਾ ਵਧਣ ਨਾਲ ਸ਼ੇਅਰ ਬਾਜ਼ਾਰਾਂ 'ਚ ਹਾਹਾਕਾਰ ਦੇਖਣ ਨੂੰ ਮਿਲੀ।

ਸੈਂਸੈਕਸ 1,066 ਅੰਕ ਯਾਨੀ 2.61 ਫੀਸਦੀ ਡਿੱਗ ਕੇ 39,728.41 ਦੇ ਪੱਧਰ ਅਤੇ ਨਿਫਟੀ 290.70 ਅੰਕ ਯਾਨੀ 2.43 ਫੀਸਦੀ ਦੀ ਗਿਰਾਵਟ ਨਾਲ 11,680.35 ਦੇ ਪੱਧਰ 'ਤੇ ਬੰਦ ਹੋਇਆ।

ਨਿਵੇਸ਼ਕਾਂ ਨੂੰ 3.3 ਲੱਖ ਕਰੋੜ ਰੁਪਏ ਦਾ ਨੁਕਸਾਨ

PunjabKesari

ਰਿਲਾਇੰਸ ਇੰਡਸਟਰੀਜ਼, ਆਈ. ਟੀ. ਦਿੱਗਜਾਂ ਅਤੇ ਪ੍ਰਾਈਵੇਟ ਬੈਂਕਾਂ ਦੇ ਸਟਾਕਸ 'ਚ ਕਮਜ਼ੋਰੀ ਨੇ ਸੈਂਸੈਕਸ ਨੂੰ 1,000 ਅੰਕ ਥੱਲ੍ਹੇ ਉਤਾਰ ਦਿੱਤਾ। ਨਿਵੇਸ਼ਕਾਂ ਨੂੰ ਅੱਜ ਕਾਰੋਬਾਰ 'ਚ 3,33,360.15 ਕਰੋੜ ਰੁਪਏ ਦਾ ਨੁਕਸਾਨ ਹੋਇਆ। 30 ਸਟਾਕਸ ਵਾਲੇ ਸੈਂਸੈਕਸ 'ਚ ਏਸ਼ੀਅਨ ਪੇਂਟਸ ਨੂੰ ਛੱਡ ਕੇ ਬਾਕੀ ਸਾਰੇ ਸਟਾਕਸ ਲਾਲ ਨਿਸ਼ਾਨ 'ਤੇ ਬੰਦ ਹੋਏ। ਬਜਾਜ ਫਾਈਨੈਂਸ ਨੇ ਲਗਭਗ 5 ਫੀਸਦੀ ਦੀ ਗਿਰਾਵਟ ਦਰਜ ਕੀਤੀ। ਉੱਥੇ ਹੀ, ਨਿਫਟੀ 50 'ਚ ਸਿਰਫ ਤਿੰਨ ਸਟਾਕਸ ਹੀ ਹਰੇ ਨਿਸ਼ਾਨ 'ਤੇ ਰਹੇ, ਜਦੋਂ ਕਿ 47 'ਚ ਗਿਰਾਵਟ ਆਈ। ਸਾਰੇ ਸੈਕਟਰਲ ਸੂਚਕ ਅੰਕ ਲਾਲ ਨਿਸ਼ਾਨ 'ਚ ਬੰਦ ਹੋਏ। ਬੈਂਕਾਂ ਤੇ ਆਈ. ਟੀ. 'ਚ ਸਭ ਤੋਂ ਵੱਡਾ ਨੁਕਸਾਨ ਦਰਜ ਹੋਇਆ।

ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰ ਇਸ ਵੀਕੈਂਡ ਤੋਂ ਯੂ. ਕੇ. 'ਚ ਸਖਤ ਪਾਬੰਦੀਆਂ ਲਾਏਗੀ, ਜਦੋਂ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੇਸ਼ ਦੇ ਨੌਂ ਵੱਡੇ ਸ਼ਹਿਰਾਂ 'ਚ ਸ਼ਨੀਵਾਰ ਤੋਂ ਚਾਰ ਹਫ਼ਤਿਆਂ ਲਈ ਰਾਤ 9 ਵਜੇ ਤੋਂ ਸਵੇਰ 6 ਵਜੇ ਤੱਕ ਤਾਲਬੰਦੀ ਲਾਉਣ ਦਾ ਹੁਕਮ ਦਿੱਤਾ ਹੈ। ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਨਾਗਰਿਕਾਂ ਨੂੰ ਸਵੱਛਤਾ ਅਤੇ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸਮੂਹਾਂ ਤੋਂ ਬਚਣ ਦੀ ਨਵੀਂ ਅਪੀਲ ਕੀਤੀ ਹੈ। ਯੂਰਪੀ ਬਾਜ਼ਾਰਾਂ ਤੋਂ ਨਕਾਰਾਤਮਕ ਖ਼ਬਰਾਂ ਨਾਲ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ, ਹਾਂਗਕਾਂਗ ਦਾ ਹੈਂਗ ਸੈਂਗ, ਜਪਾਨ ਦਾ ਨਿੱਕੇਈ ਅਤੇ ਦੱਖਣੀ ਕੋਰੀਆ ਦੇ ਕੋਸਪੀ 'ਚ 2 ਫੀਸਦੀ ਤੱਕ ਦੀ ਗਿਰਾਵਟ ਆਈ।


Sanjeev

Content Editor

Related News