ਬਾਜ਼ਾਰ ਧੜੰਮ : ਸੈਂਸੈਕਸ 500 ਅੰਕ ਡਿੱਗਾ, ਨਿਫਟੀ 10,400 ਦੇ ਹੇਠਾਂ

12/11/2018 9:36:32 AM

ਮੁੰਬਈ— ਗਲੋਬਲ ਬਾਜ਼ਾਰਾਂ 'ਚ ਕਮਜ਼ੋਰੀ, ਚੋਣ ਰੁਝਾਨਾਂ 'ਚ ਰਾਜਸਥਾਨ 'ਚ ਭਾਜਪਾ ਦੀ ਹਾਰ ਦੇ ਆਸਾਰ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਵੱਲੋਂ ਦਿੱਤੇ ਅਸਤੀਫੇ ਕਾਰਨ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਦੇ ਕਾਰੋਬਾਰ 'ਚ ਸੈਂਸੈਕਸ ਸਵੇਰ ਦੇ ਕਾਰੋਬਾਰ ਦੌਰਾਨ 506 ਅੰਕ ਡਿੱਗ ਕੇ 34,452.93 ਦੇ ਪੱਧਰ ਤਕ ਖਿਸਕ ਗਿਆ। ਪਿਛਲੇ ਦਿਨ ਸੈਂਸੈਕਸ 34,959.72 ਦੇ ਪੱਧਰ 'ਤੇ ਬੰਦ ਹੋਇਆ ਸੀ। ਫਿਲਹਾਲ ਨਿਫਟੀ 10,350 ਦੇ ਨਜ਼ਦੀਕ ਕਾਰੋਬਾਰ ਕਰ ਰਿਹਾ ਹੈ। ਅੱਜ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 375.59 ਅੰਕ ਯਾਨੀ 1.07 ਫੀਸਦੀ ਡਿੱਗ ਕੇ 35,204.66 'ਤੇ ਖੁੱਲ੍ਹਾ ਸੀ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 138.40 ਅੰਕ ਯਾਨੀ 1.32 ਫੀਸਦੀ ਦੀ ਤੇਜ਼ ਗਿਰਾਵਟ ਨਾਲ 10,350.05 ਦੇ ਪੱਧਰ 'ਤੇ ਖੁੱਲ੍ਹਾ ਸੀ। ਓਧਰ ਕੱਚੇ ਤੇਲ 'ਚ ਕਾਰੋਬਾਰ ਤੇਜ਼ੀ ਨਾਲ ਹੋ ਰਿਹਾ ਹੈ। ਬ੍ਰੈਂਟ ਕੱਚਾ ਤੇਲ 0.5 ਫੀਸਦੀ ਰਿਕਵਰ ਹੋ ਕੇ 60.28 ਡਾਲਰ ਪ੍ਰਤੀ ਬੈਰਲ 'ਤੇ ਹੈ।
ਇਸ ਦੌਰਾਨ ਬੀ. ਐੱਸ. ਈ. ਮਿਡ ਕੈਪ 'ਚ 80 ਅੰਕ ਦੀ ਗਿਰਾਵਟ ਅਤੇ ਬੈਂਕ ਨਿਫਟੀ 'ਚ 475 ਅੰਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ ਹੈ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 72.46 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਬੀਤੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 71.33 ਦੇ ਪੱਧਰ 'ਤੇ ਬੰਦ ਹੋਇਆ ਸੀ। 
 

ਦੁਨੀਆ ਭਰ ਦੇ ਬਾਜ਼ਾਰਾਂ ਦਾ ਹਾਲ :
ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਸੋਮਵਾਰ ਅਮਰੀਕੀ ਬਾਜ਼ਾਰ ਹਲਕੇ ਸੁਧਾਰ 'ਚ ਬੰਦ ਹੋਏ ਹਨ। ਡਾਓ ਜੋਂਸ 'ਚ 34.31 ਅੰਕ ਯਾਨੀ 0.14 ਫੀਸਦੀ ਦੀ ਰਿਕਵਰੀ ਦੇਖਣ ਨੂੰ ਮਿਲੀ। ਉੱਥੇ ਹੀ ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਚੀਨ ਦਾ ਬਾਜ਼ਾਰ ਸ਼ੰਘਾਈ ਸਪਾਟ ਯਾਨੀ 3 ਅੰਕ ਦੀ ਮਾਮੂਲੀ ਤੇਜ਼ੀ ਨਾਲ 2,587.71 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਜਾਪਾਨ ਦਾ ਬਾਜ਼ਾਰ ਨਿੱਕੇਈ 119.20 ਅੰਕ ਡਿੱਗ ਕੇ 21,100.30 'ਤੇ ਕਾਰੋਬਾਰ ਕਰਦਾ ਦਿਸਿਆ। ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 155 ਅੰਕ ਡਿੱਗ ਕੇ 10,363 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਹੈਂਗ ਸੇਂਗ 30.09 ਅੰਕ ਦੀ ਤੇਜ਼ੀ ਨਾਲ 25,783.95 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ ਸਪਾਟ ਹੋ ਕੇ 2,055.13 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।


Related News