ਸੈਂਸੈਕਸ 80 ਅੰਕ ਡਿੱਗ ਕੇ 39,354 ''ਤੇ ਪੁੱਜਾ, ਨਿਫਟੀ ਵੀ ਕਮਜ਼ੋਰ ਖੁੱਲ੍ਹਾ

05/27/2019 9:24:05 AM

ਮੁੰਬਈ— ਗਲੋਬਲ ਬਾਜ਼ਾਰਾਂ 'ਚ ਮਿਲੇ-ਜੁਲੇ ਕਾਰੋਬਾਰ ਵਿਚਕਾਰ ਸੈਂਸੈਕਸ ਤੇ ਨਿਫਟੀ ਕਮਜ਼ੋਰੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਕਾਰੋਬਾਰ ਦੇ ਸ਼ੁਰੂ 'ਚ 80.31 ਅੰਕ ਡਿੱਗ ਕੇ 39354.41 'ਤੇ ਜਾ ਪੁੱਜਾ।
ਉੱਥੇ ਹੀ, ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 29.40 ਅੰਕ ਯਾਨੀ 0.25 ਫੀਸਦੀ ਦੀ ਗਿਰਾਵਟ ਨਾਲ 11,814.70 'ਤੇ ਕਾਰੋਬਾਰ ਕਰ ਰਿਹਾ ਸੀ। ਕਮਜ਼ੋਰ ਸੰਕੇਤਾਂ ਕਾਰਨ ਫਿਲਹਾਲ ਬਾਜ਼ਾਰ 'ਚ ਮਿਲੇ-ਜੁਲੇ ਰੁਝਾਨ ਨਜ਼ਰ ਆ ਰਹੇ ਹਨ। ਬੀਤੇ ਸ਼ੁੱਕਰਵਾਰ ਸੈਂਸੈਕਸ 623.33 ਅੰਕ ਵਧ ਕੇ 39,434.72 ਤੇ ਨਿਫਟੀ 187.05 ਅੰਕ ਦੀ ਤੇਜ਼ੀ ਨਾਲ 11,844.10 ਦੇ ਪੱਧਰ 'ਤੇ ਬੰਦ ਹੋਏ ਸਨ।

 

 

ਸੋਮਵਾਰ ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 38 ਅੰਕ ਦੀ ਤੇਜ਼ੀ ਅਤੇ ਬੈਂਕ ਨਿਫਟੀ 'ਚ 58 ਮਜਬੂਤੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.41 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 69.53 ਦੇ ਪੱਧਰ 'ਤੇ ਬੰਦ ਹੋਇਆ ਸੀ।ਭਾਜਪਾ ਦੀ ਅਗਵਾਈ 'ਚ ਸਥਿਰ ਸਰਕਾਰ ਬਣਨ ਨਾਲ ਬਾਜ਼ਾਰ ਉਤਸ਼ਾਹਤ ਹੈ। ਮੋਦੀ 30 ਮਈ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਕਮਾਨ ਸੰਭਾਲਣ ਜਾ ਰਹੇ ਹਨ। ਬਾਜ਼ਾਰ ਦੀ ਨਜ਼ਰ ਹੁਣ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਆਰਥਿਕ ਸੁਧਾਰਾਂ ਨੂੰ ਲੈ ਕੇ ਹੋਣ ਵਾਲੇ ਫੈਸਲਿਆਂ 'ਤੇ ਰਹੇਗੀ।


ਗਲੋਬਲ ਬਾਜ਼ਾਰਾਂ 'ਚ ਕਾਰੋਬਾਰ
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.4 ਫੀਸਦੀ ਦੀ ਗਿਰਾਵਟ ਨਾਲ 2,840.62 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਜਪਾਨ ਦਾ ਬਾਜ਼ਾਰ ਨਿੱਕੇਈ 64 ਅੰਕ ਦੀ ਬੜ੍ਹਤ 'ਚ 21,181'ਤੇ ਕਾਰੋਬਾਰ ਕਰ ਰਿਹਾ ਹੈ।
ਹਾਂਗਕਾਂਗ ਦੇ ਬਾਜ਼ਾਰ ਹੈਂਗ ਸੈਂਗ 'ਚ 220 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਐੱਸ. ਜੀ. ਐਕਸ. ਨਿਫਟੀ 35 ਅੰਕ ਦੀ ਗਿਰਾਵਟ ਨਾਲ 11,842 ਦੇ ਪੱਧਰ 'ਤੇ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.1 ਫੀਸਦੀ ਦੀ ਤੇਜ਼ੀ 'ਚ 2,047.63 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.3 ਫੀਸਦੀ ਦੀ ਕਮਜ਼ੋਰੀ ਨਾਲ 3,161.98 ਦੇ ਪੱਧਰ 'ਤੇ ਕਾਰੋਬਾਰ ਕਰਦਾ ਦਿਸਿਆ ਹੈ। ਅਮਰੀਕੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਡਾਓ ਜੋਂਸ 0.4 ਅੰਕ ਦੀ ਮਜਬੂਤੀ ਨਾਲ 25,586 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.14 ਫੀਸਦੀ ਦੀ ਤੇਜ਼ੀ ਨਾਲ 2,826.06 'ਤੇ ਅਤੇ ਨੈਸਡੈਕ ਕੰਪੋਜ਼ਿਟ 0.11 ਫੀਸਦੀ ਦੀ ਮਜਬੂਤੀ ਨਾਲ 7,637.01 ਦੇ ਪੱਧਰ 'ਤੇ ਬੰਦ ਹੋਏ ਸਨ।


Related News