ਬਾਜ਼ਾਰ : ਸੈਂਸੈਕਸ 424 ਅੰਕ ਡਿੱਗਾ, ਨਿਫਟੀ 'ਚ 120 ਅੰਕ ਦੀ ਗਿਰਾਵਟ
Monday, May 06, 2019 - 09:18 AM (IST)
ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਖਰਾਬ ਸੰਕੇਤਾਂ ਨਾਲ ਸੈਂਸੈਕਸ ਤੇ ਨਿਫਟੀ ਗਿਰਾਵਟ 'ਚ ਖੁੱਲ੍ਹੇ ਹਨ।ਟਰੰਪ ਦੀ ਚੀਨ ਨੂੰ ਧਮਕੀ ਕਾਰਨ ਵਿਸ਼ਵ ਭਰ ਦੇ ਬਾਜ਼ਾਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਸੋਮਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 31 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 423.39 ਅੰਕ ਡਿੱਗ ਕੇ 38,539.87 'ਤੇ ਖੁੱਲ੍ਹਾ ਹੈ।ਬੀਤੇ ਸ਼ੁੱਕਰਵਾਰ ਸੈਂਸੈਕਸ 18.17 ਅੰਕ ਦੀ ਗਿਰਾਵਟ 'ਚ 38,963.26 'ਤੇ ਬੰਦ ਹੋਇਆ ਸੀ।
ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 119.55 ਅੰਕ ਯਾਨੀ 1.02 ਫੀਸਦੀ ਦੀ ਗਿਰਾਵਟ 'ਚ 11,592.70 'ਤੇ ਖੁੱਲ੍ਹਾ ਹੈ।
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 136 ਅੰਕ ਦੀ ਕਮਜ਼ੋਰੀ ਅਤੇ ਬੈਂਕ ਨਿਫਟੀ 'ਚ 370 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.37 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 69.22 ਦੇ ਪੱਧਰ 'ਤੇ ਬੰਦ ਹੋਇਆ ਸੀ।
ਗਲੋਬਲ ਬਾਜ਼ਾਰਾਂ 'ਚ ਕਾਰੋਬਾਰ

ਵਿਦੇਸ਼ੀ ਬਾਜ਼ਾਰ ਭਾਰੀ ਗਿਰਾਵਟ 'ਚ ਹਨ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੀਨੀ ਸਮਾਨਾਂ 'ਤੇ 25 ਫੀਸਦੀ ਤਕ ਡਿਊਟੀ ਵਧਾਉਣ ਦੀ ਧਮਕੀ ਨਾਲ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 5 ਫੀਸਦੀ ਦੀ ਭਾਰੀ ਗਿਰਾਵਟ ਨਾਲ 2,921.84 'ਤੇ ਕਾਰੋਬਾਰ ਕਰ ਰਿਹਾ ਹੈ।
ਡਾਓ ਫਿਊਚਰ ਵੀ ਅੱਜ 500 ਅੰਕ ਡਿੱਗ ਕੇ ਖੁੱਲ੍ਹਾ। ਇਸ ਵਿਚਕਾਰ ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 1,020 ਦੀ ਸਭ ਤੋਂ ਵੱਡੀ ਗਿਰਾਵਟ 'ਚ 29,075 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ ਤੇ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ ਸੋਮਵਾਰ ਨੂੰ ਬੰਦ ਹਨ। ਉੱਥੇ ਹੀ, ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 88 ਅੰਕ ਦੀ ਗਿਰਾਵਟ ਨਾਲ 11,672.50 ਦੇ ਪੱਧਰ 'ਤੇ ਹੈ।
ਟਰੰਪ ਦੀ ਧਮਕੀ-

ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਇਕ ਵਾਰ ਫਿਰ ਵਪਾਰ ਜੰਗ ਛੇੜ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਅਮਰੀਕਾ ਆਉਣ ਵਾਲੇ 200 ਅਰਬ ਡਾਲਰ ਦੇ ਚੀਨੀ ਸਮਾਨਾਂ 'ਤੇ ਸ਼ੁੱਕਰਵਾਰ ਤਕ ਟੈਰਿਫ ਵੱਧ ਕੇ 25 ਫੀਸਦੀ ਹੋ ਜਾਵੇਗਾ। ਇੰਨਾ ਹੀ ਨਹੀਂ ਉਨ੍ਹਾਂ ਨੇ 325 ਅਰਬ ਡਾਲਰ ਦੇ ਹੋਰ ਚੀਨੀ ਸਮਾਨਾਂ 'ਤੇ ਵੀ ਜਲਦ ਹੀ 25 ਫੀਸਦੀ ਡਿਊਟੀ ਵਧਾਉਣ ਦੀ ਚਿਤਾਵਨੀ ਦਿੱਤੀ ਹੈ। ਸੂਤਰਾਂ ਮੁਤਾਬਕ, ਟਰੰਪ ਦੀ ਧਮਕੀ ਮਗਰੋਂ ਚੀਨ ਇਸ ਹਫਤੇ ਦੀ ਵਪਾਰ ਵਾਰਤਾ ਨੂੰ ਰੱਦ ਕਰਨ ਦਾ ਵਿਚਾਰ ਕਰ ਰਿਹਾ ਹੈ।
