ਸੀਨੀਅਰ ਸਿਟੀਜ਼ਨ ਦਾ ਟੀ. ਡੀ. ਐੱਸ. ਕੱਟਿਆ, ਐੱਸ. ਬੀ. ਆਈ. ''ਤੇ ਲਗਭਗ 1 ਲੱਖ ਰੁਪਏ ਦਾ ਜੁਰਮਾਨਾ

09/21/2017 11:53:20 PM

ਰਾਂਚੀ- ਸੀਨੀਅਰ ਸਿਟੀਜ਼ਨ ਦੇ ਜਮ੍ਹਾ ਪੈਸੇ (ਐੱਸ. ਟੀ. ਡੀ. ਆਰ.) 'ਤੇ ਗਲਤ ਤਰੀਕੇ ਨਾਲ ਟੀ. ਡੀ. ਐੱਸ. ਕੱਟਣ ਨੂੰ ਲੈ ਕੇ ਐੱਸ. ਬੀ. ਆਈ. ਨੂੰ ਲਗਭਗ 1 ਲੱਖ ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ। ਇਸ ਸਬੰਧ 'ਚ ਖਪਤਕਾਰ ਫੋਰਮ ਜਾਮਤਾੜਾ ਨੇ ਫੈਸਲਾ ਸੁਣਾਇਆ ਹੈ।
ਕੀ ਹੈ ਮਾਮਲਾ
ਜਾਣਕਾਰੀ ਮੁਤਾਬਕ ਨਾਲਾ ਥਾਣਾ ਖੇਤਰ ਦੇ ਅਫਜ਼ਲਪੁਰ ਪਹਾੜਪੁਰ ਨਿਵਾਸੀ ਸ਼ਰਤਚੰਦਰ ਮੇਹਤੇਰੀ ਨੇ ਸੇਵਾਮੁਕਤੀ ਤੋਂ ਬਾਅਦ 9 ਲੱਖ ਰੁਪਏ ਐੱਸ. ਬੀ. ਆਈ. ਕਿਸਟੋਪੁਰ 'ਚ ਜਮ੍ਹਾ ਕਰਵਾਏ ਸਨ। ਇਹ ਰਾਸ਼ੀ ਉਨ੍ਹਾਂ ਵੱਲੋਂ ਐੱਸ. ਟੀ. ਡੀ. ਆਰ. ਦੇ ਰੂਪ 'ਚ ਜਮ੍ਹਾ ਕਰਵਾਈ ਗਈ ਸੀ। ਜਮ੍ਹਾ ਰਾਸ਼ੀ 'ਤੇ ਬੈਂਕ ਨੇ 33,990 ਰੁਪਏ ਟੀ. ਡੀ. ਐੱਸ. ਕੱਟ ਲਿਆ ਪਰ ਟੀ. ਡੀ. ਐੱਸ. ਕੱਟਣ ਨਾਲ ਸਬੰਧਿਤ ਜੋ ਦਸਤਾਵੇਜ਼ ਬੈਂਕ ਨੇ ਸ਼ਿਕਾਇਤਕਰਤਾ ਨੂੰ ਮੁਹੱਈਆ ਕਰਵਾਏ ਉਸ ਨੂੰ ਆਈ. ਟੀ. 'ਚ ਆਨਲਾਈਨ ਕਿਤੇ ਵੀ ਨਹੀਂ ਵਿਖਾਇਆ ਗਿਆ ਹੈ।  
ਦੱਸਿਆ ਗਿਆ ਕਿ ਸ਼ਿਕਾਇਤਕਰਤਾ ਸੇਵਾਮੁਕਤ ਹਨ, ਇਸ ਲਈ ਉਹ ਇਨਕਮ ਟੈਕਸ ਦੇ ਘੇਰੇ 'ਚ ਨਹੀਂ ਆਉਂਦੇ ਹਨ। ਇਸ ਦੇ ਬਾਵਜੂਦ ਨਿਯਮਾਂ ਦੇ ਵਿਰੁੱਧ ਬੈਂਕ ਨੇ ਰਾਸ਼ੀ ਗਲਤ ਤਰੀਕੇ ਨਾਲ ਕੱਟ ਲਈ। ਸ਼ਿਕਾਇਤਕਰਤਾ ਨੇ ਜਦੋਂ ਆਨਲਾਈਨ ਜਾਂਚ ਕੀਤੀ ਤਾਂ ਕਿਤੇ ਵੀ ਕੱਟੇ ਗਏ ਟੀ. ਡੀ. ਐੱਸ. ਦਾ ਜ਼ਿਕਰ ਨਹੀਂ ਮਿਲਿਆ। ਟੀ. ਡੀ. ਐੱਸ. ਕੱਟਣ ਦੇ ਸਬੰਧ 'ਚ ਬੈਂਕ ਬ੍ਰਾਂਚ ਕਿਸਟੋਪੁਰ ਨੇ ਦੱਸਿਆ ਕਿ ਕੱਟੀ ਗਈ ਟੀ. ਡੀ. ਐੱਸ. ਦੀ ਰਾਸ਼ੀ ਐੱਸ. ਬੀ. ਆਈ. ਜਾਮਤਾੜਾ 'ਚ ਜਮ੍ਹਾ ਕਰਵਾ ਦਿੱਤੀ ਗਈ ਹੈ। 
ਕੀ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਆਰ. ਐੱਨ. ਮਿਸ਼ਰਾ ਨੇ ਦੱਸਿਆ ਕਿ ਦੋਵਾਂ ਪੱਖਾਂ ਨੂੰ ਸੁਣਨ ਅਤੇ ਗਵਾਹੀਆਂ ਦੇ ਆਧਾਰ 'ਤੇ ਖਪਤਕਾਰ ਫੋਰਮ ਨੇ ਮੁਕੱਦਮਾ ਨੰਬਰ 17/13 ਦੀ ਅੰਤਿਮ ਸੁਣਵਾਈ ਕਰਦਿਆਂ ਪੀੜਤ ਨੂੰ 1 ਮਹੀਨੇ ਦੇ ਅੰਦਰ 33,990 ਰੁਪਏ (ਕੱਟੀ ਗਈ ਰਾਸ਼ੀ) ਕੱਟਣ ਦੀ ਤਰੀਕ ਤੋਂ ਭੁਗਤਾਨ ਦੀ ਤਰੀਕ ਤੱਕ 10 ਫ਼ੀਸਦੀ ਵਿਆਜ ਤੋਂ ਇਲਾਵਾ ਨੁਕਸਾਨਪੂਰਤੀ ਦੇ ਰੂਪ 'ਚ 50 ਹਜ਼ਾਰ ਅਤੇ ਅਦਾਲਤੀ ਖਰਚੇ ਦੇ ਰੂਪ 'ਚ 10 ਹਜ਼ਾਰ ਰੁਪਏ (ਜੋ ਕੁੱਲ 1 ਲੱਖ ਰੁਪਏ ਤੋਂ ਜ਼ਿਆਦੀ ਦੀ ਰਾਸ਼ੀ ਬਣਦੀ ਹੈ) ਭੁਗਤਾਨ ਕਰਨ ਦਾ ਹੁਕਮ ਐੱਸ. ਬੀ. ਆਈ. ਨੂੰ ਦਿੱਤਾ ਹੈ। ਫੋਰਮ ਦੇ ਪ੍ਰਧਾਨ ਆਰ. ਐੱਨ. ਮਿਸ਼ਰਾ, ਮੈਂਬਰ ਐੱਸ. ਐੱਨ. ਮਿਸ਼ਰਾ ਅਤੇ ਸ਼ਿਪਰਾ ਨੇ ਮਾਮਲੇ ਦੀ ਅੰਤਿਮ ਸੁਣਵਾਈ ਕਰਦਿਆਂ ਇਹ ਹੁਕਮ ਦਿੱਤਾ ਹੈ।


Related News