SBI ਨੇ ਏ. ਟੀ. ਐੱਮ. ''ਚੋਂ ਪੈਸੇ ਕਢਾਉਣ ਸਬੰਧੀ ਨਿਯਮ ਬਦਲੇ
Monday, Aug 17, 2020 - 02:34 PM (IST)

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ 1 ਜੁਲਾਈ ਤੋਂ ਆਪਣੇ ਏ. ਟੀ. ਐੱਮ. ਨਿਕਾਸੀ ਨਿਯਮਾਂ 'ਚ ਬਦਲਾਅ ਕੀਤਾ ਹੈ। ਹੁਣ ਖਾਤੇ 'ਚ ਬੈਲੰਸ ਘੱਟ ਹੋਣ ਕਾਰਨ ਟ੍ਰਾਂਜੈਕਸ਼ਨ ਫੇਲ ਹੋਣ 'ਤੇ ਵੀ ਚਾਰਜ ਲੱਗੇਗਾ।
ਬੈਂਕ ਹੁਣ ਮੈਟਰੋ ਸ਼ਹਿਰਾਂ 'ਚ ਆਪਣੇ ਰੈਗੂਲਰ ਖਾਤਾਧਾਰਕਾਂ ਨੂੰ ਏ. ਟੀ. ਐੱਮ. 'ਚੋਂ ਇਕ ਮਹੀਨੇ 'ਚ 8 ਮੁਫਤ ਲੈਣ-ਦੇਣ ਕਰਨ ਦੀ ਮਨਜ਼ੂਰੀ ਦੇ ਰਿਹਾ ਹੈ। ਮੁਫਤ ਟ੍ਰਾਂਜੈਕਸ਼ਨ ਦੀ ਲਿਮਟ ਪਾਰ ਕਰਨ 'ਤੇ ਗਾਹਕਾਂ ਦੇ ਹਰ ਏ. ਟੀ. ਐੱਮ. ਟ੍ਰਾਂਜੈਕਸ਼ਨ 'ਤੇ ਚਾਰਜ ਲੱਗ ਰਿਹਾ ਹੈ।
ਮੈਟਰੋ ਸ਼ਹਿਰਾਂ 'ਚ 8 ਮੁਫਤ ਲੈਣ-ਦੇਣ 'ਚ 5 ਐੱਸ. ਬੀ. ਆਈ. ਦੇ ਏ. ਟੀ. ਐੱਮ. ਅਤੇ ਕਿਸ ਹੋਰ ਬੈਂਕ ਦੇ ਏ. ਟੀ. ਐੱਮ. 'ਤੇ 3 ਟ੍ਰਾਂਜੈਕਸ਼ਨ ਸ਼ਾਮਲ ਹਨ। ਗੈਰ-ਮੈਟਰੋ ਸ਼ਹਿਰਾਂ 'ਚ 10 ਮੁਫਤ ਏ. ਟੀ. ਐੱਮ. ਲੈਣ-ਦੇਣ ਹਨ, ਜਿਨ੍ਹਾਂ 'ਚ 5 ਲੈਣ-ਦੇਣ ਐੱਸ. ਬੀ. ਆਈ. ਦੇ ਏ. ਟੀ. ਐੱਮ. 'ਤੇ ਕੀਤੇ ਜਾ ਸਕਦੇ ਹਨ, ਜਦੋਂ ਕਿ 5 ਹੋਰ ਬੈਂਕਾਂ ਦੇ ਏ. ਟੀ. ਐੱਮ. ਤੋਂ। ਇਸ ਤੋਂ ਇਲਾਵਾ ਬੈਂਕ ਖਾਤੇ 'ਚ 1,00,000 ਰੁਪਏ ਤੋਂ ਵੱਧ ਦਾ ਔਸਤ ਮਹੀਨਾਵਾਰ ਬੈਲੰਸ ਰੱਖਣ ਵਾਲੇ ਖਾਤਾਧਾਰਕਾਂ ਨੂੰ ਸਟੇਟ ਬੈਂਕ ਗਰੁੱਪ ਅਤੇ ਹੋਰ ਬੈਂਕਾਂ ਦੇ ਏ. ਟੀ. ਐੱਮ. 'ਚ ਅਸੀਮਤ ਲੈਣ-ਦੇਣ ਦੀ ਸੁਵਿਧਾ ਦਿੱਤੀ ਗਈ ਹੈ।
ਉੱਥੇ ਹੀ, ਖਾਤੇ 'ਚ ਬੈਲੰਸ ਘੱਟ ਹੋਣ ਕਾਰਨ ਜੇਕਰ ਟ੍ਰਾਂਜੈਕਸ਼ਨ ਫੇਲ ਹੋ ਜਾਂਦਾ ਹੈ ਤਾਂ 20 ਰੁਪਏ ਦੇ ਚਾਰਜ ਨਾਲ ਜੀ. ਐੱਸ. ਟੀ. ਲੱਗਦਾ ਹੈ।