ਸੈਮਸੰਗ ਇੰਡੀਆ 1 ਲੱਖ ਕਰੋੜ ਦੇ ਕਲੱਬ ਦੀ ਦਹਿਲੀਜ਼ ’ਤੇ

10/13/2023 6:55:50 PM

ਨਵੀਂ ਦਿੱਲੀ, (ਇੰਟ.)– ਕੰਜਿਊਮਰ ਇਲੈਕਟ੍ਰਾਨਿਕਸ ਅਤੇ ਇਲੈਕਟ੍ਰਾਨਿਕਸ ਉਪਕਰਨ ਬਣਾਉਣ ਵਾਲੀ ਦੱਖਣੀ ਕੋਰੀਆ ਦੀ ਦਿੱਗਜ਼ ਕੰਪਨੀ ਸੈਮਸੰਗ ਭਾਰਤ ਵਿਚ 1 ਲੱਖ ਕਰੋੜ ਰੁਪਏ ਕਲੱਬ ਦੀ ਦਹਿਲੀਜ਼ ’ਤੇ ਪੁੱਜ ਗਈ। ਕੰਪਨੀ ਨੇ 27 ਸਾਲ ਪਹਿਲਾਂ ਭਾਰਤ ਵਿਚ ਆਪਣਾ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਸੈਮਸੰਗ ਦੀ ਪੂਰੀ ਮਲਕੀਅਤ ਵਾਲੀ ਸੈਮਸੰਗ ਇਲੈਕਟ੍ਰਾਨਿਕਸ ਕੰਪਨੀ ਲਿਮਟਿਡ ਦੀ 2022-23 ਵਿਚ ਕੁੱਲ ਆਮਦਨ 98,924 ਕਰੋੜ ਰੁਪਏ ਰਹੀ। ਕੰਪਨੀ ਨੇ ਹਾਲ ਹੀ ’ਚ ਰਜਿਸਟਰਾਰ ਆਫ ਕੰਪਨੀ ਨੂੰ ਇਹ ਜਾਣਕਾਰੀ ਦਿੱਤੀ। ਸੈਮਸੰਗ ਇੰਡੀਆ ਦੀ ਵਿੱਤੀ ਸਾਲ 2023 ਵਿਚ ਸੇਲ ਦਿੱਗਜ਼ ਐੱਫ. ਐੱਮ. ਸੀ. ਜੀ. ਕੰਪਨੀ ਹਿੰਦੁਸਤਾਨ ਯੂਨੀਲਿਵਰ ਲਿਮਟਿਡ ਤੋਂ 65 ਫੀਸਦੀ ਆਈ. ਟੀ. ਸੀ. ਲਿਮਟਿਡ ਤੋਂ 35 ਫੀਸਦੀ ਵੱਧ ਹੈ।

ਸੈਮਸੰਗ ਇੰਡੀਆ ਦੀ ਸੇਲ ’ਚ ਵਿੱਤੀ ਸਾਲ ਵਿਚ 2023 ਵਿਚ 16 ਫੀਸਦੀ ਦੀ ਤੇਜ਼ੀ ਆਈ, ਜਦ ਕਿ ਇਸ ਦੇ ਸ਼ੁੱਧ ਮੁਨਾਫਾ ਡਿਗ ਕੇ 3,452 ਕਰੋੜ ਰੁਪਏ ਰਿਹਾ। ਵਿੱਤੀ ਸਾਲ 2021-22 ਵਿਚ ਇਹ 3,844 ਕਰੋੜ ਰੁਪਏ ਰਿਹਾ ਸੀ। ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਤੋਂ ਸਮਾਰਟਫੋਨ, ਟੈਲੀਵਿਜ਼ਨ ਅਤੇ ਹਾਊਸਹੋਲਡ ਅਪਲਾਇੰਸਿਜ਼ ਦੀ ਮੰਗ ਵਿਚ ਗਿਰਾਵਟ ਆਈ ਹੈ। ਕੰਪਨੀ ਨੇ ਆਰ. ਓ. ਸੀ. ਫਾਈਲਿੰਗ ਵਿਚ ਵਿੱਤੀ ਸਾਲ 2023 ਦੀ ਅਰਨਿੰਗ ਪ੍ਰਫਾਰਮੈਂਸ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਹੈ। ਇਸ ਬਾਰੇ ਸੈਮਸੰਗ ਇੰਡੀਆ ਨੂੰ ਭੇਜੇ ਗਏ ਈ-ਮੇਲ ਦਾ ਕੋਈ ਜਵਾਬ ਨਹੀਂ ਆਇਆ। ਲਗਾਤਾਰ ਦੂਜੇ ਸਾਲ ਸੈਮਸੰਗ ਇੰਡੀਆ ਦੇ ਪ੍ਰੋਫਿਟ ’ਚ ਗਿਰਾਵਟ ਆਈ ਹੈ।

ਭਾਰਤ ਵਿਚ ਸੈਮਸੰਗ ਦੀ ਕੁੱਲ ਵਿਕਰੀ ਵਿਚ ਮੋਬਾਇਲ ਬਿਜ਼ਨੈੱਸ ਦੀ ਹਿੱਸੇਦਾਰੀ 71 ਫੀਸਦੀ ਹੈ ਜੋ ਵਿੱਤੀ ਸਾਲ 2022 ਵਿਚ 67 ਫੀਸਦੀ ਸੀ। ਦੇਸ਼ ਵਿਚ ਕੰਪਨੀ ਦਾ ਦੂਜਾ ਸਭ ਤੋਂ ਵੱਡਾ ਬਿਜ਼ਨੈੱਸ ਘਰੇਲੂ ਉਪਕਰਨਾਂ ਦਾ ਹੈ। ਵਿੱਤੀ ਸਾਲ 2023 ’ਚ ਇਸ ਬਿਜ਼ਨੈੱਸ ਵਿਚ ਕੰਪਨੀ ਦੀ ਵਿਕਰੀ 11,844 ਕਰੋੜ ਰੁਪਏ ਰਹੀ ਜੋ ਪਿਛਲੇ ਸਾਲ ਦੇ ਮੁਕਾਬਲੇ 18 ਫੀਸਦੀ ਵੱਧ ਹੈ। ਭਾਰਤ ਦੀ ਸਮਾਰਟਫੋਨ ਮਾਰਕੀਟ ’ਚ ਸੈਮਸੰਗ ਦੀ ਹਿੱਸੇਦਾਰੀ 18 ਫੀਸਦੀ ਹੈ। ਵੀਵੋ 17 ਫੀਸਦੀ ਮਾਰਕੀਟ ਹਿੱਸੇਦਾਰੀ ਨਾਲ ਦੂਜੇ, ਰੀਅਲਮੀ 12 ਫੀਸਦੀ ਦੇ ਨਾਲ ਤੀਜੇ ਅਤੇ ਓਪੋ ਦੀ ਹਿੱਸੇਦਾਰੀ 11 ਫੀਸਦੀ ਹੈ। ਜਨਵਰੀ-ਜੂਨ ਸਮਾਰਟ ਟੈਲੀਵਿਜ਼ਨ ਵਿਚ ਸੈਮਸੰਗ 9.6 ਫੀਸਦੀ ਹਿੱਸੇਦਾਰੀ ਨਾਲ ਦੂਜੇ ਨੰਬਰ ’ਤੇ ਹੈ ਜਦ ਕਿ ਸ਼ਾਓਮੀ 9.8 ਫੀਸਦੀ ਹਿੱਸੇਦਾਰੀ ਨਾਲ ਪਹਿਲੇ ਨੰਬਰ ’ਤੇ ਹੈ।


Rakesh

Content Editor

Related News