ਤੇਲ ਸਸਤਾ ਹੋਣ ਨਾਲ ਪਲਟੀ ਰੁਪਏ ਦੀ ਬਾਜ਼ੀ, ਹੋ ਸਕਦੈ ਮਜ਼ਬੂਤ

07/18/2018 10:44:56 AM

ਮੁੰਬਈ—  ਕੱਚਾ ਤੇਲ ਸਸਤਾ ਹੋਣ ਨਾਲ ਰੁਪਏ 'ਚ ਬਣੀ ਕਮਜ਼ੋਰੀ ਦਾ ਰੁਝਾਨ ਪਲਟ ਗਿਆ ਹੈ। ਸਾਊਦੀ ਅਰਬ ਵੱਲੋਂ ਸਪਲਾਈ ਵਧਾਉਣ ਦੇ ਆਸਾਰ ਨਾਲ ਬ੍ਰੈਂਟ ਕੱਚੇ ਤੇਲ 'ਚ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਅਗਲੇ ਕੁਝ ਦਿਨਾਂ 'ਚ ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਬਣੇ ਰਹਿਣ ਦਾ ਅੰਦਾਜ਼ਾ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਹ ਦੇਖਣਾ ਹੋਵੇਗਾ ਕਿ ਕੱਚੇ ਤੇਲ ਦੀ ਸਪਲਾਈ ਨੂੰ ਲੈ ਕੇ ਆਈਆਂ ਖਬਰਾਂ ਛੋਟੀ ਮਿਆਦ 'ਚ ਉਸ ਦੇ ਮੁੱਲ 'ਤੇ ਕੀ ਅਸਰ ਪਾਉਂਦੀਆਂ ਹਨ। ਇਸ ਨਾਲ ਹੀ ਪਤਾ ਲੱਗੇਗਾ ਕਿ ਭਾਰਤੀ ਕਰੰਸੀ 'ਚ ਆਈ ਮਜ਼ਬੂਤੀ ਕਿੰਨੀ ਟਿਕਾਊ ਹੈ। ਜੇਕਰ ਕੱਚਾ ਤੇਲ ਸਸਤਾ ਰਹਿੰਦਾ ਹੈ, ਤਾਂ ਇਹ ਭਾਰਤੀ ਅਰਥਵਿਵਸਥਾ ਲਈ ਹਾਂ-ਪੱਖੀ ਸਾਬਤ ਹੋਵੇਗਾ ਅਤੇ ਇਸ ਦਾ ਅਸਰ ਕਰੰਸੀ 'ਤੇ ਪਵੇਗਾ।

ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਮਜ਼ਬੂਤ ਹੋ ਕੇ 68.45 ਦੇ ਪੱਧਰ 'ਤੇ ਬੰਦ ਹੋਇਆ। ਸਾਊਦੀ ਅਰਬ ਵੱਲੋਂ ਕੱਚੇ ਤੇਲ ਦੀ ਸਪਲਾਈ ਵਧਾਉਣ ਦੀਆਂ ਕੋਸ਼ਿਸ਼ਾਂ ਅਤੇ ਵਪਾਰ ਯੁੱਧ ਦੀ ਚਿੰਤਾ ਘਟਣ ਨਾਲ ਬ੍ਰੈਂਟ ਕੱਚੇ ਤੇਲ ਦਾ ਮੁੱਲ ਪਿਛਲੇ ਇਕ ਹਫਤੇ 'ਚ 9 ਫੀਸਦੀ ਡਿੱਗ ਚੁੱਕਾ ਹੈ। ਮੌਜੂਦਾ ਸਮੇਂ ਬ੍ਰੈਂਟ ਕੱਚਾ ਤੇਲ 71-72 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਤਕ ਕੱਚੇ ਤੇਲ 'ਚ ਅਚਾਨਕ ਉਛਾਲ ਨਹੀਂ ਆਵੇਗਾ, ਰੁਪਏ 'ਚ ਮਜ਼ਬੂਤੀ ਬਣੀ ਰਹਿ ਸਕਦੀ ਹੈ। ਜ਼ਿਕਰਯੋਗ ਹੈ ਕਿ ਕੱਚਾ ਤੇਲ ਮਹਿੰਗਾ ਹੋਣ ਨਾਲ ਦਰਾਮਦਕਾਰਾਂ ਨੂੰ ਡਾਲਰ ਖਰੀਦਣ ਲਈ ਜ਼ਿਆਦਾ ਰੁਪਏ ਖਰਚ ਕਰਨੇ ਪੈਂਦੇ ਹਨ, ਜਿਸ ਕਾਰਨ ਕਰੰਸੀ 'ਤੇ ਦਬਾਅ ਵਧ ਜਾਂਦਾ ਹੈ।


Related News