ਦੇਸ਼ ''ਚ ਵਧੀ ਪਾਇਲਟਾਂ ਦੀ ਮੰਗ, ਵਿਭਾਗ ਨੇ ਆਸਾਨ ਕੀਤੇ ਪਾਇਲਟ ਲਈ ਨਿਯਮ

06/25/2019 2:29:34 PM

ਨਵੀਂ ਦਿੱਲੀ — ਦੇਸ਼ 'ਚ ਕਮਰਸ਼ੀਅਲ ਪਾਇਲਟਾਂ ਦੀ ਕਮੀ ਨੂੰ ਦੇਖਦੇ ਹੋਏ ਸਰਕਾਰ ਨੇ ਪਾਇਲਟ ਲਾਇਸੈਂਸ ਹਾਸਲ ਕਰਨ ਦੇ ਨਿਯਮ ਆਸਾਨ ਕਰ ਦਿੱਤੇ ਹਨ। ਸਿਵਲ ਹਵਾਬਾਜ਼ੀ ਮੰਤਰਾਲੇ ਨੇ ਪਾਇਲਟ ਲਾਇਸੈਂਸ ਲਈ ਉਡਾਣ-ਤਜਰਬੇ ਦੀਆਂ ਸ਼ਰਤਾਂ 'ਚ ਢਿੱਲ ਦਿੰਦੇ ਹੋਏ ਹੁਣ ਉਨ੍ਹਾਂ ਪਾਇਲਟਾਂ ਨੂੰ ਵੀ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੂੰ ਪਿਛਲੇ ਪੰਜ ਸਾਲ 'ਚ ਉਡਾਣ ਭਰਨ ਦਾ ਕੋਈ ਤਜਰਬਾ ਨਹੀਂ ਰਿਹਾ ਹੈ। ਇਸ ਤੋਂ ਪਹਿਲਾਂ ਅਰਜ਼ੀ ਦੇਣ ਦੀ ਤਾਰੀਖ ਤੋਂ ਪਿਛਲੇ ਪੰਜ ਸਾਲ 'ਚ ਘੱਟੋ-ਘੱਟ 200 ਘੰਟੇ ਦੀ ਉਡਾਣ ਦਾ ਤਜਰਬਾ ਲਾਜ਼ਮੀ ਸੀ। ਮੰਤਰਾਲੇ ਨੇ ਇਕ ਸੂਚਨਾ ਜਾਰੀ ਕਰਕੇ 'ਏਅਰਕ੍ਰਾਫਟ ਰੂਲਸ, 1937' ਵਿਚ ਸੋਧ ਕੀਤਾ ਹੈ। ਹੁਣ ਸਿਖਲਾਈ ਅਤੇ ਉਡਾਣ ਤਜਰਬਾ ਹਾਸਲ ਕਰਨ ਦੇ ਕਿਸੇ ਵੀ ਸਮੇਂ ਬਾਅਦ ਪਾਇਲਟ ਲਾਇਸੈਂਸ ਲਈ ਅਰਜ਼ੀ ਦਿੱਤੀ ਜਾ ਸਕੇਗੀ। ਇਸ ਦੇ ਨਾਲ ਹੀ ਕਰੀਅਰ ਵਿਚਕਾਰ ਅੰਤਰਾਲ ਆਉਣ ਦੇ ਬਾਅਦ ਵੀ ਦੁਬਾਰਾ ਲਾਇਸੈਂਸ ਹਾਸਲ ਕਰਨ ਲਈ ਪਾਇਲਟਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਹਵਾਈ ਯਾਤਰੀਆਂ ਦੀ ਸੰਖਿਆ ਪਿਛਲੇ ਚਾਰ ਸਾਲ 'ਚ 20 ਫੀਸਦੀ ਸਾਲਾਨਾ ਦਰ ਨਾਲ ਵਧੀ ਹੈ। ਇਸ ਨੂੰ ਦੇਖਦੇ ਹੋਏ ਹਵਾਈ ਸੇਵਾ ਕੰਪਨੀਆਂ ਨੇ ਵੱਡੀ ਸੰਖਿਆ ਵਿਚ ਜਹਾਜ਼ਾਂ ਦੇ ਆਰਡਰ ਦਿੱਤੇ ਹੋਏ ਹਨ। ਇਨ੍ਹਾਂ ਲਈ ਸਿਖਿਅਤ ਮਾਨਵ ਸੰਸਾਧਨ ਦੀ ਕਮੀ ਇਕ ਵੱਡੀ ਚੁਣੌਤੀ ਹੈ। ਸਰਕਾਰ ਨੇ ਇਸ ਦੇ ਮੱਦੇਨਜ਼ਰ ਪਾਇਲਟ ਲਾਇਸੈਂਸ ਹਾਸਲ ਕਰਨ ਲਈ ਨਿਯਮ ਅਸਾਨ ਕੀਤੇ ਹਨ।


Related News