ਫਲਸਤੀਨ ਨੇ ਸੰਯੁਕਤ ਰਾਸ਼ਟਰ ਤੋਂ ਪੂਰਨ ਮੈਂਬਰ ਰਾਜ ਦਾ ਦਰਜਾ ਦੇਣ ਦੀ ਕੀਤੀ ਮੰਗ

04/04/2024 5:01:14 PM

ਸੰਯੁਕਤ ਰਾਸ਼ਟਰ (ਯੂ. ਐੱਨ. ਆਈ.): ਯੁੱਧਗ੍ਰਸਤ ਫਲਸਤੀਨ ਨੇ ਸੰਯੁਕਤ ਰਾਸ਼ਟਰ ਵਿਚ ਮੁੜ ਅਧਿਕਾਰਤ ਤੌਰ 'ਤੇ ਪੂਰਨ ਮੈਂਬਰ ਰਾਜ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਫਿਲਸਤੀਨੀਆਂ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ ਇਜ਼ਰਾਈਲ ਦੇ ਹਮਲੇ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ। ਪਾਕਿਸਤਾਨੀ ਅਖ਼ਬਾਰ ਡਾਨ ਨੇ ਰਿਪੋਰਟ ਦਿੱਤੀ ਕਿ ਫਲਸਤੀਨ (ਜਿਸ ਨੂੰ 2012 ਤੋਂ ਵਿਸ਼ਵ ਸੰਸਥਾ ਵਿੱਚ ਨਿਗਰਾਨ ਦਾ ਦਰਜਾ ਪ੍ਰਾਪਤ ਹੈ) ਨੇ ਪੂਰੀ ਮੈਂਬਰਸ਼ਿਪ ਹਾਸਲ ਕਰਨ ਲਈ ਲਾਬਿੰਗ ਕੀਤੀ, ਜੋ ਕਿ ਇੱਕ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦੇ ਬਰਾਬਰ ਹੋਵੇਗਾ। 

ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੂੰ ਲਿਖੇ ਪੱਤਰ ਵਿੱਚ ਸੰਯੁਕਤ ਰਾਸ਼ਟਰ ਦੇ ਰਾਜਦੂਤ ਰਿਆਦ ਮਨਸੂਰ ਨੇ "ਫਲਸਤੀਨੀ ਲੀਡਰਸ਼ਿਪ ਦੇ ਨਿਰਦੇਸ਼ਾਂ 'ਤੇ" 2011 ਦੀ ਅਰਜ਼ੀ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ। ਸਮਾਚਾਰ ਏਜੰਸੀ ਏ.ਐਫ.ਪੀ ਦੁਆਰਾ ਦੇਖੇ ਗਏ ਦਸਤਾਵੇਜ਼ਾਂ ਅਨੁਸਾਰ ਪੱਤਰ ਸੁਰੱਖਿਆ ਪਰਿਸ਼ਦ ਨੂੰ ਭੇਜਿਆ ਗਿਆ ਹੈ, ਜਿਸ ਵਿਚ ਫਲਸਤੀਨ ਨੇ ਬੇਨਤੀ ਕੀਤੀ ਹੈ ਕਿ ਇਸ ਮਹੀਨੇ ਇਸ ਦੀ ਸਮੀਖਿਆ ਕੀਤੀ ਜਾਵੇ। ਅਰਬ ਲੀਗ, ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ), ਗੈਰ-ਗਠਬੰਧਨ ਅੰਦੋਲਨ (ਐਨ.ਏ.ਐਮ) ਨੇ ਗੁਟੇਰੇਸ ਨੂੰ ਦੱਸਿਆ ਕਿ 140 ਦੇਸ਼ਾਂ ਨੇ ਫਲਸਤੀਨੀ ਰਾਜ ਨੂੰ ਮਾਨਤਾ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਚੋਣਾਂ: ਨਵੇਂ ਸਰਵੇਖਣ 'ਚ PM ਰਿਸ਼ੀ ਸੁਨਕ ਨੂੰ ਵੱਡਾ ਝਟਕਾ

ਮਨਸੂਰ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਵਾਰ-ਵਾਰ ਕਿਹਾ ਹੈ ਕਿ 7 ਅਕਤੂਬਰ ਤੋਂ ਗਾਜ਼ਾ ਪੱਟੀ ਉੱਤੇ ਇਜ਼ਰਾਈਲ ਦੇ ਫੌਜੀ ਹਮਲੇ ਦੇ ਮੱਦੇਨਜ਼ਰ ਫਲਸਤੀਨੀਆਂ ਲਈ ਸੰਯੁਕਤ ਰਾਸ਼ਟਰ ਦੀ ਮੈਂਬਰਸ਼ਿਪ ਇੱਕ ਤਰਜੀਹ ਹੈ। ਉਨ੍ਹਾਂ ਨੇ ਫਰਵਰੀ 'ਚ ਕਿਹਾ ਸੀ, 'ਇਹ ਇਕ ਅੰਤਰਰਾਸ਼ਟਰੀ ਸੰਗਠਨ ਹੈ ਅਤੇ ਇਸ ਨੇ 1947 ਤੋਂ ਫਲਸਤੀਨ 'ਚ ਦੋ ਰਾਜ ਬਣਾਉਣ ਦਾ ਫ਼ੈਸਲਾ ਕੀਤਾ ਸੀ। ਇਹ ਫਲਸਤੀਨੀ ਲੋਕਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਭਾਈਚਾਰੇ ਦਾ ਫਰਜ਼ ਹੈ ਕਿ ਉਹ ਫਲਸਤੀਨ ਰਾਜ ਨੂੰ ਮੈਂਬਰਸ਼ਿਪ ਵਿੱਚ ਸ਼ਾਮਲ ਕਰਕੇ ਇਸ ਅਭਿਆਸ ਨੂੰ ਪੂਰਾ ਕਰੇ।'


 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News