ਭਾਰਤੀ ਰੇਲਵੇ ਹੋਇਆ ਮਾਲਾਮਾਲ, 2.40 ਲੱਖ ਕਰੋੜ ਰੁਪਏ ਤੱਕ ਪਹੁੰਚੀ ਆਮਦਨ
Tuesday, Apr 18, 2023 - 01:07 PM (IST)
ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਵਿੱਤੀ ਸਾਲ 2022-23 'ਚ ਬੰਪਰ ਕਮਾਈ ਕੀਤੀ ਹੈ। ਰੇਲਵੇ ਨੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਲਗਭਗ 49 ਹਜ਼ਾਰ ਕਰੋੜ ਰੁਪਏ ਜ਼ਿਆਦਾ ਕਮਾਈ ਕੀਤੀ ਹੈ। ਇਸ ਸਾਲ ਰੇਲਵੇ ਦੀ ਆਮਦਨ 2.40 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਸਭ ਤੋਂ ਵਧੀਆ ਪ੍ਰਦਰਸ਼ਨ ਮਾਲ ਆਵਾਜਾਈ ਵਿੱਚ ਰਿਹਾ ਹੈ। ਇਸ ਦੇ ਨਾਲ ਹੀ ਯਾਤਰੀਆਂ ਦੇ ਮਾਲੀਏ 'ਚ 61 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੀ ਵਿਸਤ੍ਰਿਤ ਜਾਣਕਾਰੀ ਭਾਰਤੀ ਰੇਲਵੇ ਨੇ ਦਿੱਤੀ ਹੈ।
ਇਹ ਵੀ ਪੜ੍ਹੋ : Coca-Cola ਪਹਿਲੀ ਵਾਰ ਕਰੇਗੀ ਭਾਰਤ ਦੇ ਸਟਾਰਟਅੱਪ 'ਚ ਨਿਵੇਸ਼ , Swiggy-Zomato ਨਾਲ ਹੋਵੇਗਾ ਮੁਕਾਬਲਾ
ਰੇਲਵੇ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ ਨੇ ਵਿੱਤੀ ਸਾਲ 2022-23 ਵਿੱਚ 2.40 ਲੱਖ ਕਰੋੜ ਰੁਪਏ ਦੀ ਰਿਕਾਰਡ ਕਮਾਈ ਕੀਤੀ ਹੈ। ਇਹ ਅੰਕੜਾ ਪਿਛਲੇ ਵਿੱਤੀ ਸਾਲ ਨਾਲੋਂ ਲਗਭਗ 49,000 ਕਰੋੜ ਰੁਪਏ ਜ਼ਿਆਦਾ ਹੈ। ਰੇਲਵੇ ਦੇ ਬਿਆਨ ਮੁਤਾਬਕ ਮਾਲ ਢੁਆਈ ਤੋਂ ਮਾਲੀਆ 2022-23 'ਚ ਵਧ ਕੇ 1.62 ਲੱਖ ਕਰੋੜ ਰੁਪਏ ਹੋ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 15 ਫੀਸਦੀ ਜ਼ਿਆਦਾ ਹੈ। ਭਾਰਤੀ ਰੇਲਵੇ ਦਾ ਯਾਤਰੀ ਮਾਲੀਆ ਸਾਲ ਦਰ ਸਾਲ 61 ਫੀਸਦੀ ਵਧ ਕੇ 63,300 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਤਿੰਨ ਸਾਲਾਂ ਬਾਅਦ ਭਾਰਤੀ ਰੇਲਵੇ ਆਪਣੇ ਪੈਨਸ਼ਨ ਖਰਚਿਆਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਇਆ ਹੈ। ਪਿਛਲੇ ਸਾਲਾਂ ਦੌਰਾਨ, ਰੇਲਵੇ ਨੇ ਆਪਣੀ ਪੈਨਸ਼ਨ ਦੇਣਦਾਰੀ ਦਾ ਕੁਝ ਹਿੱਸਾ ਚੁੱਕਣ ਲਈ ਵਿੱਤ ਮੰਤਰਾਲੇ ਕੋਲ ਪਹੁੰਚ ਕੀਤੀ ਸੀ। ਮਾਲੀਆ ਵਧਾਉਣ ਅਤੇ ਖਰਚਿਆਂ ਨੂੰ ਘਟਾਉਣ ਦੇ ਯਤਨਾਂ ਨੇ ਸੰਚਾਲਨ ਅਨੁਪਾਤ ਨੂੰ 98.14 ਪ੍ਰਤੀਸ਼ਤ ਤੱਕ ਲਿਆਉਣ ਵਿੱਚ ਮਦਦ ਕੀਤੀ ਹੈ। ਇਹ ਸੋਧੇ ਹੋਏ ਟੀਚੇ ਦੇ ਮੁਤਾਬਕ ਹੈ। ਬਿਆਨ ਅਨੁਸਾਰ, ਸਾਰੇ ਮਾਲੀਆ ਖਰਚਿਆਂ ਨੂੰ ਪੂਰਾ ਕਰਨ ਤੋਂ ਬਾਅਦ, ਰੇਲਵੇ ਨੇ ਪੂੰਜੀ ਨਿਵੇਸ਼ ਦੇ ਖਾਤੇ 'ਤੇ ਅੰਦਰੂਨੀ ਸਰੋਤਾਂ ਤੋਂ 3,200 ਕਰੋੜ ਰੁਪਏ ਦੀ ਕਮਾਈ ਕੀਤੀ।
ਇਹ ਵੀ ਪੜ੍ਹੋ : ਸਸਤਾ ਹੋਇਆ ਖਾਣ ਵਾਲਾ ਤੇਲ, ਰਿਕਾਰਡ ਦਰਾਮਦ ਹੋਣ ਨਾਲ ਕੀਮਤਾਂ ’ਚ ਆਈ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।