ਸ਼ਹਿਰੀਆਂ ਨੂੰ ਨਹੀਂ ਭਾਅ ਰਹੇ ਪਤੰਜਲੀ ਦੇ ਉਤਪਾਦ, ਪਿੰਡਾਂ ’ਚ ਵੀ ਘਟੀ ਗ੍ਰੋਥ

08/05/2019 5:32:33 PM

ਮੁੰਬਈ — ਸ਼ਹਿਰਾਂ’ਚ ਪਤੰਜਲੀ ਆਯੁਰਵੇਦ ਦੇ ਉਤਪਾਦਾਂ ਦੀ ਵਿਕਰੀ ’ਚ ਕਮੀ ਆ ਰਹੀ ਹੈ, ਉਥੇ ਹੀ ਪਿੰਡਾਂ ’ਚ ਵੀ ਇਸ ਦੀ ਗ੍ਰੋਥ ਇਕ-ਤਿਹਾਈ ਤੱਕ ਘੱਟ ਹੋ ਗਈ ਹੈ। ਹਾਲਾਂਕਿ ਕੁਦਰਤੀ ਉਤਪਾਦਾਂ ਦਾ ਬਾਜ਼ਾਰ ਅਜੇ ਵਧ ਰਿਹਾ ਹੈ। ਹਾਲ ਹੀ ’ਚ ਜਾਰੀ ਇਕ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ।

ਡਬਲਯੂ. ਪੀ. ਪੀ. ਦੀ ਰਿਸਰਚ ਫਰਮ ਮੁਤਾਬਕ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਦੇ ਉਤਪਾਦਾਂ ਦੀ ਵਿਕਰੀ ਪਿਛਲੇ ਵਿੱਤੀ ਸਾਲ ’ਚ ਸ਼ਹਿਰਾਂ ’ਚ 2.7 ਫੀਸਦੀ ਤੱਕ ਘੱਟ ਹੋ ਗਈ। ਉਥੇ ਹੀ ਪੇਂਡੂ ਇਲਾਕਿਆਂ ’ਚ ਇਸ ’ਚ 15.7 ਫੀਸਦੀ ਦਾ ਵਾਧਾ ਵੇਖਿਅਾ ਗਿਆ ਹੈ, ਜੋ ਪਹਿਲਾਂ ਤੋਂ ਘੱਟ ਹੈ। ਇਸ ਰਿਪੋਰਟ ਮੁਤਾਬਕ ਭਾਰਤ ’ਚ ਕੁਦਰਤੀ ਉਤਪਾਦਾਂ ਦੀ ਵਿਕਰੀ ’ਚ ਕੁਲ 3.5 ਫੀਸਦੀ ਦਾ ਵਾਧਾ ਹੋਇਅਾ ਹੈ। ਪਿਛਲੇ ਸਾਲ ਦੀ ਹੀ ਤਰ੍ਹਾਂ ਇਸ ਸਾਲ ਵੀ ਰੂਰਲ ਮਾਰਕੀਟ ’ਚ 5 ਫੀਸਦੀ ਦਾ ਵਾਧਾ ਹੋਇਅਾ ਹੈ।

ਰਿਸਰਚ ਕਰਨ ਵਾਲੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਮਾਕ੍ਰਿਸ਼ਣਨ ਨੇ ਕਿਹਾ, ‘‘ਨੈਚੁਰਲ ਸੈਗਮੈਂਟ ’ਚ ਸਿਰਫ ਕੋਰ ਨੈਚੁਰਲ ਬ੍ਰਾਂਡ ਹੀ ਨਹੀਂ ਹਨ, ਸਗੋਂ ਕੁਦਰਤੀ ਸਮੱਗਰੀ ਦੀ ਵਰਤੋਂ ਕਰਨ ਵਾਲੇ ਬ੍ਰਾਂਡ ਵੀ ਸ਼ਾਮਲ ਹਨ। ਇਸ ਨਾਲ ਇਕ ਵੱਡਾ ਬ੍ਰਾਂਡ ਬਣਾਉਣ ’ਚ ਮਦਦ ਮਿਲ ਰਹੀ ਹੈ, ਜੋ ਜ਼ਰੂਰੀ ਨਹੀਂ ਹੈ ਕੁਦਰਤੀ ਉਤਪਾਦ ਹੀ ਵੇਚੇ। ਇਕ ਸਾਲ ਪਹਿਲਾਂ ਪਤੰਜਲੀ ਦੀ ਗ੍ਰੋਥ ਸ਼ਹਿਰਾਂ ’ਚ 21.1 ਅਤੇ ਪੇਂਡੂ ਇਲਾਕਿਆਂ ’ਚ 45.2 ਫੀਸਦੀ ਸੀ।

ਮਲਟੀਨੈਸ਼ਨਲ ਕੰਪਨੀਆਂ ਨੇ ਪਤੰਜਲੀ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਹਰਬਲ ਬ੍ਰਾਂਡਸ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਲੋਕਾਂ ਦਾ ਰੁਝਾਨ ਕੁਦਰਤੀ ਉਤਪਾਦਾਂ ਵੱਲ ਵਧਿਅਾ ਹੈ। ਮਾਰਕੀਟ ਲੀਡਰ ਐੱਚ. ਯੂ. ਐੱਲ. ਨੇ ਵੀ ਹੇਅਰਕੇਅਰ ਅਤੇ ਸਕਿਨ ਕੇਅਰ ਦੇ ਆਯੁਰਵੈਦਿਕ ਬ੍ਰਾਂਡ ਲਾਂਚ ਕੀਤੇ ਹਨ। ਕੋਲਗੇਟ ਨੇ ਵੀ ਵੇਦਸ਼ਕਤੀ ਦੇ ਨਾਂ ਨਾਲ ਨਵਾਂ ਟੂਥਪੇਸਟ ਲਾਂਚ ਕਰ ਦਿੱਤਾ ਹੈ।


Related News