ਨਹੀਂ ਸੁਧਰ ਰਹੇ ਆਟੋ ਤੇ ਈ-ਰਿਕਸ਼ਾ ਵਾਲੇ, ਪ੍ਰਸ਼ਾਸਨ ਦੇ ਹੁਕਮਾਂ ਨੂੰ ਟੰਗ ਰਹੇ ਛਿੱਕੇ

Thursday, Apr 04, 2024 - 02:53 AM (IST)

ਨਹੀਂ ਸੁਧਰ ਰਹੇ ਆਟੋ ਤੇ ਈ-ਰਿਕਸ਼ਾ ਵਾਲੇ, ਪ੍ਰਸ਼ਾਸਨ ਦੇ ਹੁਕਮਾਂ ਨੂੰ ਟੰਗ ਰਹੇ ਛਿੱਕੇ

ਲੁਧਿਆਣਾ (ਸੰਨੀ)– ਲੁਧਿਆਣਾ ਦੇ ਵਿਗੜੇ ਆਟੋ ਤੇ ਈ-ਰਿਕਸ਼ਾ ਚਾਲਕ ਨਾ ਤਾਂ ਵਰਦੀ ਪਹਿਨ ਰਹੇ ਹਨ ਤੇ ਨਾ ਹੀ ਆਟੋ ਦੇ ਅੱਗੇ ਤੇ ਪਿੱਛੇ ਨੇਮ ਪਲੇਟ ਲਗਵਾ ਰਹੇ ਹਨ। ਹਾਲਾਂਕਿ ਪੁਲਸ ਪ੍ਰਸ਼ਾਸਨ ਉਨ੍ਹਾਂ ਨੂੰ ਕਈ ਵਾਰ ਇਸ ਸਬੰਧੀ ਮੋਹਲਤ ਵੀ ਦੇ ਚੁੱਕਾ ਹੈ ਪਰ ਸ਼ਹਿਰ ਦੇ ਜ਼ਿਆਦਾਤਰ ਆਟੋ ਤੇ ਈ-ਰਿਕਸ਼ਾ ਚਾਲਕਾਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਜਾਣ ਦੇ ਚਾਹਵਾਨਾਂ ਲਈ ਸਾਹਮਣੇ ਆਈ ਬੇਹੱਦ ਚੰਗੀ ਤੇ ਮਾੜੀ ਖ਼ਬਰ, ਜਾਣੋ ਕੀ ਹਨ ਨਵੇਂ ਬਦਲਾਅ

ਦੱਸ ਦੇਈਏ ਕਿ ਫਰਵਰੀ ਮਹੀਨੇ ’ਚ ਟ੍ਰੈਫਿਕ ਪੁਲਸ ਨੇ ਯੂਨੀਅਨ ਨੇਤਾਵਾਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਅਲਟੀਮੇਟਮ ਦਿੱਤਾ ਸੀ ਕਿ ਸਾਰੇ ਆਟੋ ਤੇ ਈ-ਰਿਕਸ਼ਾ ਚਾਲਕ 15 ਮਾਰਚ ਤੱਕ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਕਰਕੇ ਸਟੀਲ ਗ੍ਰੇਅ ਰੰਗ ਦੀ ਵਰਦੀ ਪਹਿਨਣਗੇ ਤੇ ਨੇਮ ਪਲੇਟ ਲਗਾਉਣ ਦੇ ਨਾਲ ਹੀ ਆਟੋ ਦੇ ਅੱਗੇ ਤੇ ਪਿੱਛੇ ਨਾਮ ਤੇ ਪਤੇ ਦੀ ਪਲੇਟ ਵੀ ਲਗਵਾਉਣਗੇ।

PunjabKesari

15 ਮਾਰਚ ਦੀ ਡੈੱਡਲਾਈਨ ਖ਼ਤਮ ਹੋਣ ’ਤੇ ਕੁਝ ਯੂਨੀਅਨ ਨੇਤਾਵਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੋਹਲਤ ਦੀ ਮੰਗ ਕੀਤੀ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਫਿਰ ਕੁਝ ਦਿਨ ਦਾ ਸਮਾਂ ਦੇ ਦਿੱਤਾ। ਇਸ ਤੋਂ ਬਾਅਦ ਡੀਜ਼ਲ ਆਟੋ ਰਿਕਸ਼ਾ ਦੀ ਐਂਟਰੀ ਸ਼ਹਿਰ ’ਚ ਬੰਦ ਕਰਨ ਦੇ ਮੁੱਦੇ ’ਤੇ ਆਟੋ ਚਾਲਕ ਇਕ ਵਾਰ ਫਿਰ ਇਕੱਠੇ ਹੋਏ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਵੱਲ ਕੂਚ ਕਰਨ ਦਾ ਐਲਾਨ ਕੀਤਾ ਪਰ ਉਨ੍ਹਾਂ ਦੇ ਕੂਚ ਕਰਨ ਤੋਂ ਪਹਿਲਾਂ ਹੀ ਪੁਲਸ ਅਧਿਕਾਰੀਆਂ ਤੇ ਸਿਆਸੀ ਨੇਤਾਵਾਂ ਨਾਲ ਬੈਠਕ ਦੌਰਾਨ ਉਨ੍ਹਾਂ ਨੂੰ ਫਿਰ ਤੋਂ 2 ਮਹੀਨੇ ਦਾ ਸਮਾਂ ਦੇ ਦਿੱਤਾ ਗਿਆ ਪਰ ਅਧਿਕਾਰੀ ਸਾਫ਼ ਕਹਿ ਰਹੇ ਹਨ ਕਿ ਆਟੋ ਤੇ ਈ-ਰਿਕਸ਼ਾ ਚਾਲਕਾਂ ਨੂੰ ਵਰਦੀ ਤੇ ਨੇਮ ਪਲੇਟ ਪਹਿਨਣੀ ਹੀ ਪਵੇਗੀ।

ਬਾਵਜੂਦ ਇਸ ਦੇ ਆਟੋ ਤੇ ਈ-ਰਿਕਸ਼ਾ ਚਾਲਕ ਸੁਧਰਨ ਦਾ ਨਾਂ ਨਹੀਂ ਲੈ ਰਹੇ। ਅੱਜ ਵੀ ਸ਼ਹਿਰ ’ਚ 60 ਫ਼ੀਸਦੀ ਤੋਂ ਵੱਧ ਆਟੋ ਤੇ ਈ-ਰਿਕਸ਼ਾ ਚਾਲਕ ਨਾ ਤਾਂ ਵਰਦੀ ਪਹਿਨ ਰਹੇ ਹਨ ਤੇ ਨਾ ਹੀ ਨੇਮ ਪਲੇਟ ਲਗਾ ਰਹੇ ਹਨ। ਇਸ ਦੇ ਨਾਲ ਹੀ ਕਈ ਰਿਕਸ਼ਾ ਚਾਲਕਾਂ ਨੇ ਨੰਬਰ ਪਲੇਟ ਵੀ ਨਹੀਂ ਲਗਵਾਈ।

PunjabKesari

ਨਿਯਮ ਨਾ ਮੰਨਣ ਵਾਲੇ ਚਾਲਕਾਂ ਦੇ ਨਾਲ ਨਹੀਂ ਯੂਨੀਅਨ : ਮਾਮਾ
ਜ਼ਿਲਾ ਆਟੋ ਰਿਕਸ਼ਾ ਤੇ ਵਰਕਰ ਫੈੱਡਰੇਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਮਾਮਾ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਵਲੋਂ ਦੱਸੇ ਗਏ ਨਿਯਮਾਂ ਨੂੰ ਨਾ ਮੰਨਣ ਵਾਲੇ ਚਾਲਕਾਂ ਦਾ ਯੂਨੀਅਨ ਕਦੇ ਸਾਥ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮੋਹਲਤ ਦਿੱਤੀ ਹੈ ਤਾਂ ਸਾਰੇ ਆਟੋ ਤੇ ਈ-ਰਿਕਸ਼ਾ ਚਾਲਕਾਂ ਨੂੰ ਵਰਦੀ ਪਹਿਨਣ ਦੇ ਨਾਲ ਹੀ ਨੇਮ ਪਲੇਟ ਜ਼ਰੂਰ ਲਗਵਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਆਟੋ ਦੇ ਅੱਗੇ ਤੇ ਪਿੱਛੇ ਨਾਮ ਤੇ ਪਤੇ ਦੀ ਪਲੇਟ ਵੀ ਲਗਵਾਉਣੀ ਜ਼ਰੂਰੀ ਹੈ।

PunjabKesari

ਨਿਯਮ ਨਾ ਮੰਨਣ ਵਾਲਿਆਂ ’ਤੇ ਪ੍ਰਸ਼ਾਸਨ ਕਰੇ ਸਖ਼ਤੀ : ਚਨਪ੍ਰੀਤ
ਰੇਲਵੇ ਸਟੇਸ਼ਨ ਸਟੈਂਡ ਦੇ ਪ੍ਰਧਾਨ ਚਨਪ੍ਰੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨਿਯਮ ਨਾ ਮੰਨਣ ਵਾਲੇ ਆਟੋ ਤੇ ਈ-ਰਿਕਸ਼ਾ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜਿਹੜੇ ਆਟੋ ਉਨ੍ਹਾਂ ਦੇ ਸਟੈਂਡ ਰਾਹੀਂ ਚੱਲਦੇ ਹਨ, ਉਨ੍ਹਾਂ ਦੇ ਸਾਰੇ ਚਾਲਕ ਵਰਦੀ ਪਹਿਨਣ ਦੇ ਨਾਲ ਹੀ ਹੋਰਨਾਂ ਨਿਯਮਾਂ ਦੀ ਪਾਲਣਾ ਕਰ ਰਹੇ ਹਨ, ਜਦਕਿ ਸ਼ਹਿਰ ’ਚ ਹਜ਼ਾਰਾਂ ਦੀ ਗਿਣਤੀ ’ਚ ਅਜਿਹੇ ਆਟੋ ਤੇ ਈ-ਰਿਕਸ਼ਾ ਹਨ, ਜੋ ਨਿਯਮਾਂ ਦੇ ਉਲਟ ਚੱਲ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News